India Lok Sabha Election 2024

ਓਮ ਬਿਰਲਾ ਚੁਣੇ ਗਏ ਲੋਕ ਸਭਾ ਦੇ ਸਪੀਕਰ, ‘ਸਦਨ ਤੁਹਾਡੇ ਇਸ਼ਾਰੇ ‘ਤੇ ਚੱਲੇ ਕਿਸੇ ਹੋਰ ਦੇ ਨਹੀਂ!’

ਬਿਉਰੋ ਰਿਪੋਰਟ: ਭਾਜਪਾ ਦੇ ਸੰਸਦ ਮੈਂਬਰ ਅਤੇ ਰਾਸ਼ਟਰੀ ਜਮਹੂਰੀ ਗਠਜੋੜ (NDA) ਦੇ ਉਮੀਦਵਾਰ ਓਮ ਬਿਰਲਾ ਨੂੰ ਲੋਕ ਸਭਾ ਦਾ ਸਪੀਕਰ ਚੁਣ ਲਿਆ ਗਿਆ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਨ੍ਹਾਂ ਦੇ ਨਾਂ ਦਾ ਪ੍ਰਸਤਾਵ ਰੱਖਿਆ। ਕੇਂਦਰੀ ਮੰਤਰੀ ਅਮਿਤ ਸ਼ਾਹ, ਰਾਜਨਾਥ ਸਿੰਘ ਸਮੇਤ ਕਈ ਦਿੱਗਜਾਂ ਨੇ ਇਸ ਪ੍ਰਸਤਾਵ ਦਾ ਸਮਰਥਨ ਕੀਤਾ। ਵਿਰੋਧੀ ਧਿਰ ਤੋਂ ਸੁਰੇਸ਼ ਦਾ ਨਾਂ ਤਜਵੀਜ਼ ਕੀਤਾ ਗਿਆ ਸੀ। ਇਸ ਤੋਂ ਬਾਅਦ ਪ੍ਰੋਟੈਮ ਸਪੀਕਰ ਭਰਤਰਿਹਰੀ ਮਹਿਤਾਬ ਨੇ ਸਦਨ ਦੀ ਕਾਰਵਾਈ ਨੂੰ ਅੱਗੇ ਵਧਾਇਆ ਅਤੇ ਸਭ ਦੇ ਸਾਹਮਣੇ ਪ੍ਰਸਤਾਵ ਪੇਸ਼ ਕੀਤਾ।

ਪ੍ਰੋਟੈਮ ਸਪੀਕਰ ਨੇ ਆਵਾਜ਼ੀ ਵੋਟ ਦੇ ਆਧਾਰ ’ਤੇ ਓਮ ਬਿਰਲਾ ਨੂੰ ਲੋਕ ਸਭਾ ਸਪੀਕਰ ਦੀ ਜ਼ਿੰਮੇਵਾਰੀ ਸੰਭਾਲਣ ਦਾ ਸੱਦਾ ਦਿੱਤਾ। ਇਸ ਦੌਰਾਨ ਖ਼ਾਸ ਗੱਲ ਇਹ ਰਹੀ ਕਿ ਪੀਐਮ ਮੋਦੀ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜਿਜੂ ਦੇ ਨਾਲ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਓਮ ਬਿਰਲਾ ਨੂੰ ਆਸਣ ਤਕ ਲੈ ਕੇ ਜਾਣ ਲਈ ਪਹੁੰਚੇ। ਦੱਸ ਦੇਈਏ ਕਾਂਗਰਸ ਨੇ ਬੀਤੀ ਰਾਤ ਹੀ ਰਾਹੁਲ ਨੂੰ ਵਿਰੋਧੀ ਧਿਰ ਦਾ ਨੇਤਾ ਐਲਾਨ ਦਿੱਤਾ ਹੈ।

ਇਸ ਮੌਕੇ ਪੀਐਮ ਮੋਦੀ ਨੇ ਕਿਹਾ, “ਓਮ ਬਿਰਲਾ ਦਾ ਤਜਰਬਾ ਦੇਸ਼ ਲਈ ਲਾਭਦਾਇਕ ਹੋਵੇਗਾ।” 

ਉੱਧਰ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ, “ਮੈਨੂੰ ਯਕੀਨ ਹੈ ਕਿ ਤੁਸੀਂ ਵਿਰੋਧੀ ਧਿਰ ਦੀ ਆਵਾਜ਼ ਨੂੰ ਦੱਬਣ ਨਹੀਂ ਦੇਵੋਗੇ।”

ਸਪਾ ਮੁਖੀ ਅਖਿਲੇਸ਼ ਯਾਦਵ ਨੇ ਕਿਹਾ, “ਉਮੀਦ ਹੈ ਕਿ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾਵੇਗਾ। ਨਾ ਹੀ ਵਿਰੋਧੀ ਧਿਰ ਦੇ ਲੀਡਰਾਂ ਨੂੰ ਸਦਨ ’ਚੋਂ ਕੱਢਣ ਵਰਗੀ ਕੋਈ ਕਾਰਵਾਈ ਕੀਤੀ ਜਾਵੇਗੀ। ਤੁਹਾਡਾ ਕੰਟਰੋਲ ਵਿਰੋਧੀ ਧਿਰ ’ਤੇ ਤਾਂ ਰਹਿੰਦਾ ਹੀ ਹੈ, ਸੱਤਾ ’ਤੇ ਵੀ ਰਹੇ। ਤੁਹਾਡੇ ਇਸ਼ਾਰੇ ’ਤੇ ਸਦਨ ਚੱਲਦਾ ਹੈ, ਇਸ ਦਾ ਉਲਟ ਨਹੀਂ ਹੋਣਾ ਚਾਹੀਦਾ।”