ਓਲੰਪੀਅਨ ਮੁੱਕੇਬਾਜ਼ ਵਿਜੇਂਦਰ ਸਿੰਘ ਮੁੜ ਤੋਂ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ। ਅਜੇ ਪਿਛਲੇ ਮਹੀਨੇ ਹੀ ਅਪ੍ਰੈਲ ਵਿੱਚ ਉਹ ਕਾਂਗਰਸ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋਏ ਸਨ। ਪਰ ਹੁਣ ਚਰਚਾਵਾਂ ਹਨ ਕਿ ਉਨ੍ਹਾਂ ਆਪਣੇ ਸਮਰਥਕਾਂ ਦੀ ਰਾਏ ਜਾਣਨ ਤੋਂ ਬਾਅਦ ਆਪਣਾ ਫ਼ੈਸਲਾ ਬਦਲ ਲਿਆ ਹੈ ਤੇ ਉਹ ਬੀਜੇਪੀ ਛੱਡ ਕੇ ਮੁੜ ਤੋਂ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ। ਉਹ ਪਹਿਲਾਂ ਵੀ ਰਾਹੁਲ ਗਾਂਧੀ ਦੇ ਕਾਫ਼ੀ ਕਰੀਬੀ ਮੰਨੇ ਜਾਂਦੇ ਹਨ।
ਦੱਸ ਦੇਈਏ ਵਿਜੇਂਦਰ ਸਿੰਘ ਪਿਛਲੇ 5-6 ਸਾਲਾਂ ਤੋਂ ਕਾਂਗਰਸ ਵਿੱਚ ਕੰਮ ਕਰ ਰਹੇ ਸਨ, ਪਰ 3 ਅਪ੍ਰੈਲ ਨੂੰ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ। ਪਹਿਲਾਂ ਤਾਂ ਇਹ ਚਰਚਾ ਚੱਲੀ ਸੀ ਕਿ ਇਹ ਬੀਜੇਪੀ ਵਿੱਚ ਜਾਣ ਤੋਂ ਬਾਅਦ ਕਿਸੇ ਹਲਕੇ ਤੋਂ ਚੋਣ ਵੀ ਲੜ ਸਕਦੇ ਹਨ, ਪਰ ਕਿਆਸ ਗ਼ਲਤ ਨਿਕਲੇ।
ਹੁਣ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਬੀਜੇਪੀ ਛੱਡ ਕੇ ਕਾਂਗਰਸ ’ਚ ਸ਼ਾਮਲ ਹੋਣ ਦਾ ਫੈਸਲਾ ਕਰ ਲਿਆ ਹੈ। ਮੁੱਕੇਬਾਜ਼ ਵਿਜੇਂਦਰ ਸਿੰਘ ਕਾਂਗਰਸ ਦੀ ਟਿਕਟ ਤੋਂ 2019 ਦੀਆਂ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਦੱਖਣੀ ਦਿੱਲੀ ਤੋਂ ਚੋਣ ਲੜੀ ਸੀ ਪਰ ਹਾਰ ਗਏ ਸਨ।
ਵਿਜੇਂਦਰ ਸਿੰਘ ਦੇ ਭਰਾ ਮਨੋਜ ਬੈਨੀਵਾਲ ਨੇ ਦੱਸਿਆ ਕਿ ਉਸ ਨੇ ਇਹ ਫੈਸਲਾ ਆਪਣੇ ਸਮਰਥਕਾਂ ਦੀ ਰਾਏ ਦੀ ਵਜ੍ਹਾ ਕਰਕੇ ਬਦਲਿਆ ਹੈ। ਫਿਲਹਾਲ ਅਜੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਾਂਗਰਸ ਵਿੱਚ ਕਦੋਂ ਸ਼ਾਮਲ ਹੋਣਗੇ। ਪਰ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਹ 7 ਜੂਨ ਜਾਂ ਇਸ ਤੋਂ ਪਹਿਲਾਂ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ।