International

ਪਾਕਿਸਤਾਨ ਦੇ ਸਦੀਆਂ ਪੁਰਾਣੇ ਇਨ੍ਹਾਂ ਮੰਦਿਰਾਂ ਨੂੰ ਕੌਣ ਸੰਭਾਲ ਰਿਹੈ !

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਕਈ ਜੈਨ ਮੰਦਿਰਾਂ ਨੂੰ ਹੁਣ ਸਿੰਧ ਪ੍ਰਾਂਤ ਦੀ ਸਰਕਾਰ ਨੇ ਮੁੜ ਤੋਂ ਠੀਕ ਕਰਨ ਦਾ, ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਪਾਕਿਸਤਾਨ ਵਿੱਚ ਸਦੀਆਂ ਪੁਰਾਣੇ ਇਨ੍ਹਾਂ ਜੈਨ ਮੰਦਿਰਾਂ ਦੀ ਹਾਲਤ ਖਸਤਾ ਹੋ ਚੁੱਕੀ ਸੀ। ਜਾਣਕਾਰੀ ਮੁਤਾਬਕ ਇਨ੍ਹਾਂ ਮੰਦਿਰਾਂ ਵਿੱਚ ਜੈਨ ਲੋਕ ਪੂਜਾ ਕਰਨ ਲਈ ਨਹੀਂ ਆਉਂਦੇ ਪਰ ਹੋਰ ਕਈ ਧਰਮਾਂ ਦੇ ਲੋਕ ਇੱਥੇ ਪੂਜਾ ਕਰਨ ਲਈ, ਇਸ ਮੰਦਿਰ ਨੂੰ ਵੇਖਣ ਲਈ ਆਉਂਦੇ ਹਨ।

ਕੀ ਹੈ ਇਤਿਹਾਸ ?

ਕਈ ਦਹਾਕੇ ਪਹਿਲਾਂ ਇਸ ਮੰਦਿਰ ਵਿੱਚ ਜੈਨ ਧਰਮ ਦੇ ਭਜਨ ਕੀਤੇ ਜਾਂਦੇ ਸਨ ਪਰ ਹੁਣ ਇੱਥੇ ਹਿੰਦੂ ਦੇਵੀ-ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਮੰਦਿਰ ਨੂੰ ਗੌਰੀ ਮੰਦਿਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਜੈਨ ਧਰਮ ਦੇ ਲੋਕ ਇੱਥੇ ਰਿਹਾ ਕਰਦੇ ਸੀ ਪਰ ਹੁਣ ਉਹ ਇੱਥੇ ਨਹੀਂ ਰਹਿੰਦੇ। ਇਹ ਮੰਦਿਰ 800 ਸਾਲ ਪਹਿਲਾਂ ਬਣਿਆ ਸੀ। ਇਸਦੇ ਦੋਵੇਂ ਪਾਸੇ 12-12 ਕਮਰੇ ਹਨ। ਜੈਨੀ ਹਰ ਕਮਰੇ ਵਿੱਚ ਅਲੱਗ-ਅਲੱਗ ਬੈਠ ਕੇ ਪੂਜਾ ਕਰਿਆ ਕਰਦੇ ਸਨ। ਇੱਥੇ ਉਨ੍ਹਾਂ ਦੇ ਅਵਤਾਰਾਂ ਦੇ ਚਿੱਤਰ ਵੀ ਹਨ। ਇਸ ਮੰਦਿਰ ਦੇ ਵਿਚਕਾਰ ਇੱਕ ਵੱਡਾ ਗੁੰਬਦ ਹੈ ਅਤੇ 24 ਛੋਟੇ ਗੁੰਬਦ ਹਨ। ਮੰਦਿਰ ਵਿੱਚ ਜੈਨ ਧਰਮ ਦੇ 24 ਅਵਤਾਰਾਂ ਦੀਆਂ ਤਸਵੀਰਾਂ ਹਨ।