ਚੰਡੀਗੜ੍ਹ ਦੇ ਸੈਕਟਰ-26 ਟਿੰਬਰ ਮਾਰਕੀਟ ਵਿੱਚ 1 ਦਸੰਬਰ 2025 ਨੂੰ ਦੇਰ ਸ਼ਾਮ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਬਦਨਾਮ ਗੈਂਗਸਟਰ ਇੰਦਰਪ੍ਰੀਤ ਸਿੰਘ ਉਰਫ਼ ਪੈਰੀ ਦਾ 2022 ਵਿੱਚ ਦਿੱਤਾ ਇੱਕ ਪੁਰਾਣਾ ਇੰਟਰਵਿਊ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਇਸ ਵਿੱਚ ਪੈਰੀ ਨੇ ਆਪਣੇ ਮਾਰੇ ਜਾਣ ਦੇ ਡਰ ਨੂੰ ਖੁੱਲ੍ਹ ਕੇ ਬਿਆਨ ਕੀਤਾ ਸੀ ਅਤੇ ਪੁਲਿਸ-ਸਿਸਟਮ ’ਤੇ ਸਵਾਲ ਚੁੱਕੇ ਸਨ। ਪੈਰੀ ਨੇ ਕਿਹਾ ਸੀ ਕਿ ਗੈਂਗ ਵਾਰ ਵਿੱਚ ਧਮਕੀਆਂ ਤਾਂ ਅਟੱਲ ਹਨ। ਵਿਰੋਧੀ ਗੈਂਗ ਵਾਲੇ ਨਿਸ਼ਾਨਾ ਬਣਾਉਂਦੇ ਹਨ। ਪੁਲਿਸ ਸੁਰੱਖਿਆ ਨਹੀਂ ਦਿੰਦੀ, ਨਾ ਹੀ ਬੰਦੂਕਧਾਰੀ ਦਿੰਦੀ ਹੈ। ਉਹ ਸਿਰਫ਼ ਇਹ ਕਹਿ ਕੇ ਟਲ ਜਾਂਦੀ ਹੈ ਕਿ “ਤੁਸੀਂ ਪਿਸਤੌਲ ਕਿਉਂ ਰੱਖਦੇ ਹੋ? ਸੁਧਰ ਜਾਓ ਜਾਂ ਮਰ ਜਾਓ।”
ਪੈਰੀ ਨੇ ਮੰਗ ਕੀਤੀ ਸੀ ਕਿ ਜੇ ਸਰਕਾਰ ਸੁਰੱਖਿਆ ਨਹੀਂ ਦੇ ਸਕਦੀ ਤਾਂ ਘੱਟੋ-ਘੱਟ ਹਥਿਆਰਾਂ ਦਾ ਲਾਇਸੈਂਸ ਜਰੂਰ ਦੇਵੇ ਤਾਂ ਜੋ ਆਪਣਾ ਬਚਾਅ ਆਪ ਕੀਤਾ ਜਾ ਸਕੇ। ਉਸਨੇ ਕਿਹਾ, “ਸਾਡੇ ਕੋਲ ਪਹਿਲੇ ਦਰਜੇ ਦੇ ਹਥਿਆਰ ਹਨ, ਜੇ ਕੋਈ ਗੋਲੀਬਾਰੀ ਹੋਈ ਤਾਂ ਤੁਸੀਂ ਫੋਰੈਂਸਿਕ ਜਾਂਚ ਕਰ ਲੈਣਾ।”
ਉਸਨੇ ਲਾਰੈਂਸ ਬਿਸ਼ਨੋਈ ਨਾਲ ਆਪਣੀ ਦੋਸਤੀ ਦਾ ਜ਼ਿਕਰ ਕਰਦਿਆਂ ਦੱਸਿਆ ਕਿ 2010 ਵਿੱਚ ਕਾਲਜ ਵਿੱਚ ਦੋਵਾਂ ਦੀ ਮੁਲਾਕਾਤ ਹੋਈ। ਦੋਵੇਂ ਜਿੰਮ ਜਾਂਦੇ, ਖੁਰਾਕ ਸਾਂਝੀ ਕਰਦੇ ਅਤੇ ਬਹੁਤ ਨੇੜੇ ਸਨ। ਪੈਰੀ ਮੁਤਾਬਕ ਲਾਰੈਂਸ ਉਸ ਤੋਂ ਵੀ ਜ਼ਿਆਦਾ ਹਮਲਾਵਰ ਸੁਭਾਅ ਦਾ ਸੀ। ਕਾਲਜ ਦੀਆਂ ਛੋਟੀਆਂ-ਮੋਟੀਆਂ ਲੜਾਈਆਂ ਨੂੰ ਹੀ 2013 ਤੋਂ ਬਾਅਦ ਵਧਾ-ਚੜ੍ਹਾ ਕੇ ਦੋਵਾਂ ਨੂੰ ਕੱਟੜ ਅਪਰਾਧੀ ਐਲਾਨ ਦਿੱਤਾ ਗਿਆ।
ਉਸਨੇ ਕਿਹਾ ਕਿ ਪੁਲਿਸ ਵਾਲੇ ਦੇ ਪੁੱਤਰ ਹੋਣ ਕਾਰਨ ਲੋਕ ਉਨ੍ਹਾਂ ਨੂੰ ਜ਼ਿਆਦਾ ਨਿਸ਼ਾਨਾ ਬਣਾਉਂਦੇ ਸਨ। ਪੈਰੀ ਨੇ ਆਪਣੇ ਉੱਤੇ ਲੱਗੇ ਕੇਸਾਂ ਬਾਰੇ ਕਿਹਾ ਕਿ ਉਸ ਨੂੰ ਕਿਸੇ ਵੀ ਮਾਮਲੇ ਵਿੱਚ ਦੋਸ਼ੀ ਨਹੀਂ ਠਹਿਰਾਇਆ ਗਿਆ। ਉਸ ਮੁਤਾਬਕ ਜਿਨ੍ਹਾਂ ਨੂੰ ਸੱਚ-ਮੁੱਚ ਹਥਿਆਰਾਂ ਦੀ ਲੋੜ ਹੈ, ਉਨ੍ਹਾਂ ਨੂੰ ਲਾਇਸੈਂਸ ਨਹੀਂ ਮਿਲਦਾ ਪਰ ਜਿਨ੍ਹਾਂ ਨੂੰ ਲੋੜ ਨਹੀਂ ਉਨ੍ਹਾਂ ਨੂੰ ਦਿੱਤੇ ਜਾਂਦੇ ਹਨ।
ਅੰਤ ਵਿੱਚ ਉਸਨੇ ਕਿਹਾ ਸੀ, “ਸਾਡੀ ਸੁਰੱਖਿਆ ਸਿਰਫ਼ ਪਰਮਾਤਮਾ ਹੀ ਕਰ ਸਕਦਾ ਹੈ।”ਹੁਣ ਜਦੋਂ ਪੈਰੀ ਦਾ ਕਤਲ ਹੋ ਗਿਆ ਤੇ ਲਾਰੈਂਸ ਬਿਸ਼ਨੋਈ ਗੈਂਗ ਨੇ ਜ਼ਿੰਮੇਵਾਰੀ ਲਈ ਹੈ, ਤਾਂ ਇਹ ਇੰਟਰਵਿਊ ਉਸ ਦੀ “ਆਖਰੀ ਭਵਿੱਖਬਾਣੀ” ਵਾਂਗ ਵਾਇਰਲ ਹੋ ਰਿਹਾ ਹੈ।

