International

OIC ਨੇ ਨੌਕਰੀਆਂ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਇਸਲਾਮਿਕ ਦੇਸ਼ਾਂ ਦੀ ਜਥੇਬੰਦੀ ਆਰਗਨਾਈਜ਼ੇਸ਼ਨ ਆਫ ਇਸਲਾਮਿਕ ਕਾਰਪੋਰੇਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਕੁੱਝ ਦੇਸ਼ਾਂ ਵਿੱਚ ਓਆਈਸੀ ਦੇ ਨਾਮ ਤੋਂ ਸਕਾਲਰਸ਼ਿਪ ਅਤੇ ਨੌਕਰੀਆਂ ਦੇ ਇਸ਼ਤਿਹਾਰ ਦੇ ਧਿਆਨ ‘ਚ ਆਏ ਹਨ ਜੋ ਕਿ ਪੂਰੀ ਤਰ੍ਹਾਂ ਫਰਜ਼ੀ ਹਨ।

ਓ.ਆਈ.ਸੀ. ਦੇ ਸਕੱਤਰ-ਜਨਰਲ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ, ”ਕੁਝ ਦੇਸ਼ਾਂ ‘ਚ ਸੋਸ਼ਲ ਮੀਡੀਆ, ਕੁਝ ਅਖਬਾਰਾਂ, ਮੈਗਜ਼ੀਨਾਂ ‘ਚ ਇਸ਼ਤਿਹਾਰਾਂ ਬਾਰੇ ਜਾਣਕਾਰੀ ਮਿਲੀ ਹੈ, ਜਿਸ ‘ਚ OIC ਵੱਲੋਂ ਸਕਾਲਰਸ਼ਿਪ ਜਾਂ ਨੌਕਰੀਆਂ ਦੇਣ ਦੀ ਗੱਲ ਕੀਤੀ ਗਈ ਹੈ ਜਾਂ ਫਿਰ ਓ.ਆਈ.ਸੀ. ਦੇ ਨਾਂ ‘ਤੇ ਅੰਤਰਰਾਸ਼ਟਰੀ ਜਾਂ ਖੇਤਰੀ ਕਾਨਫਰੰਸਾਂ ਅਤੇ ਸਮਾਗਮ ਆਯੋਜਿਤ ਕਰਨ ਦੀ ਗੱਲ ਕੀਤੀ ਗਈ ਹੈ। ਇਸ ਦੇ ਬਦਲੇ ਰਜਿਸਟ੍ਰੇਸ਼ਨ ਫੀਸ ਵੀ ਮੰਗੀ ਜਾ ਰਹੀ ਹੈ। ਇਸ ਸਬੰਧ ਵਿੱਚ ਓਆਈਸੀ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਕਿ ਅਜਿਹੇ ਇਸ਼ਤਿਹਾਰ ਅਤੇ ਐਲਾਨ ਫਰਜ਼ੀ ਅਤੇ ਬੇਬੁਨਿਆਦ ਹਨ।

ਓਆਈਸੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਜੇਕਰ ਅਜਿਹਾ ਐਲਾਨ ਜਥੇਬੰਦੀ ਦੀ ਅਧਿਕਾਰਤ ਵੈੱਬਸਾਈਟ (http://oic-oci.org) ਜਾਂ ਅਧਿਕਾਰਤ ਡਿਜੀਟਲ ਪਲੇਟਫਾਰਮ ਤੋਂ ਇਲਾਵਾ ਕਿਤੇ ਵੀ ਦਿੱਤੀ ਗਈ ਹੈ, ਤਾਂ ਇਨ੍ਹਾਂ ‘ਤੇ ਯਕੀਨ ਨਾ ਕੀਤਾ ਜਾਵੇ। ਓਆਈਸੀ ਦਾ ਕਹਿਣਾ ਹੈ ਕਿ ਜੋ ਲੋਕ ਇਸ ਤਰ੍ਹਾਂ ਦੀ ਧੋਖਾਧੜੀ ਵਿੱਚ ਪਾਏ ਜਾਣਗੇ, ਉਨ੍ਹਾਂ ਦੇ ਖਿਲਾਫ ਜਥੇਬੰਦੀ ਕਾਨੂੰਨੀ ਕਾਰਵਾਈ ਕਰੇਗੀ।