ਅਮਰੀਕਾ : ਓਹਾਇਓ ਸੂਬੇ ਦੀ ਰਾਜਧਾਨੀ ਕੋਲੰਬਸ ਵਿੱਚ ਸਿੱਖ ਕੋਲੀਸ਼ਨ ਵੱਲੋਂ ਹਾਊਸ ਬਿੱਲ 171 ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ ਹੈ । ਇਸ ਦਾ ਸਿੱਧਾ-ਸਿੱਧਾ ਮਕਸਦ ਹੈ ਕਿ ਓਹਾਇਓ ਵਿੱਚ ਸਿੱਖ ਧਰਮ ਨੂੰ ਸਕੂਲੀ ਪਾਠਕ੍ਰਮ ਵਿੱਚ ਸ਼ਾਮਲ ਕਰਵਾਇਆ ਜਾ ਸਕੇ । ਇਸ ਨੂੰ ਲੈਕੇ ਕੋਲੰਬਸ, ਸਿਨਸਿਨਾਟੀ, ਡੇਟਨ, ਕਲੀਵਲੈਂਡ ਅਤੇ ਹੋਰ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਸਿੱਖ ਓਹਾਇਓ ਸਟੇਟ ਹਾਉਸ ਪਹੁੰਚੇ। ਸਿੱਖਾਂ ਨੇ ਸੂਬੇ ਦੀਆਂ ਵੱਖ-ਵੱਖ ਪਾਰਟੀਆਂ ਦੇ ਚੁਣੇ ਹੋਏ ਆਗੂਆਂ ਨਾਲ ਅਤੇ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਹਾਊਸ ਬਿੱਲ 171 ਦੇ ਹੱਕ ਵਿੱਚ ਵੋਟ ਪਾਉਣ । ਇਸ ਬਿੱਲ ਦਾ ਵੱਡਾ ਮਕਸਦ ਹੈ ਲੋਕਾਂ ਤੱਕ ਸਿੱਖ ਧਰਮ ਬਾਰੇ ਜਾਣਕਾਰੀ ਪਹੁੰਚਾਈ ਜਾਵੇ ਤਾਂਕੀ ਸਕੂਲਾਂ ਵਿੱਚ ਸਿੱਖ ਵਿਦਿਆਰਥੀਆਂ ਨਾਲ ਹੋਣ ਵਾਲੀ ਛੇੜਖਾਨੀ ਨੂੰ ਖਤਮ ਕੀਤਾ ਜਾ ਸਕੇ ।
ਰਾਊਸ ਬਿੱਲ 171 ਓਹਾਇਓ ਸੂਬੇ ਦੀ ਡੀਸਟ੍ਰਿਕਟ 4 ਦੇ ਮੈਂਬਰ ਮੈਰੀ ਲਾਈਟਬੋਡੀ ਵੱਲੋਂ ਪੇਸ਼ ਕੀਤਾ ਗਿਆ ਹੈ ਜੋ ਕਿ ਡੈਮੋਕਰੈਟ ਪਾਰਟੀ ਦੇ ਨੁਮਾਇੰਦੇ ਹਨ । ਇਸ ਬਿੱਲ ਵਿੱਚ ਏਸ਼ੀਅਨ ਅਮਰੀਕੀ ਤੇ ਪੈਸੀਫਿਕ ਆਈਲੈਂਡ ਕਮਿਊਨਿਟੀ ਬਾਰੇ ਸਮਾਜਿਕ ਵਿਗਿਆਨ ਵਿੱਚ ਜਾਣਕਾਰੀ ਸ਼ਾਮਲ ਕਰਨ ਬਾਰੇ ਜਿਕਰ ਹੈ । ਜੇ ਬਿੱਲ ਪਾਸ ਹੋ ਜਾਂਦਾ ਹੈ ਕਾਂ ਇਸ ਨਾਲ ਏਸ਼ੀਆ ਦੇ ਵੱਖ-ਵੱਖ ਭਾਈਚਾਰਿਆਂ ਦੀ ਜਾਣਕਾਰੀ ਦਿੱਤੀ ਜਾਵੇਗੀ ਇਸ ਦੇ ਨਾਲ ਸਿੱਖ ਧਰਮ ਨੂੰ ਵੀ ਸਕੂਲਾਂ ਦੇ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਜਾਵੇਗਾ । ਇਸ ਦਾ ਵੱਡਾ ਫਾਇਦਾ ਇਹ ਹੋਵੇਗਾ ਕਿ ਸਕੂਲਾਂ ਅਤੇ ਬਾਹਰ ਸਿੱਖ ਧਰਮ ਬਾਰੇ ਲੋਕਾਂ ਨੂੰ ਜਾਣਕਾਰੀ ਮਿਲੇਗੀ ਅਤੇ ਛੇੜਖਾਨੀ ਨੂੰ ਵੀ ਠੱਲ ਪਵੇਗੀ ।
ਓਹਾਇਓ ਦੇ ਸਿੱਖਾਂ ਨੇ ਵੱਖ-ਵੱਖ ਵਫਦ ਬਣਾ ਕੇ ਹਾਊਸ ਦੇ ਨੁਮਾਇੰਦੇ ਜੈਨੀਫਰ ਗਰੋਸ,ਏਲੀਅਟ ਫੋਹਰੈਨ,ਸੇਡਰਿਕ ਡੈਨਸਰ ਸਮੇਤ ਕਈ ਹੋਰ ਆਗੂਆਂ ਨਾਲ ਮੁਲਾਕਾਤ ਕਰਕੇ ਬਿੱਲ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਹੈ । ਇਸ ਤੋਂ ਇਲਾਵਾ ਵੱਖ-ਵੱਖ ਗੁਰਦੁਆਰਿਆਂ ਵੱਲੋਂ ਇਸ ਬਿੱਲ ਦੇ ਹੱਕ ਵਿੱਚ ਹਸਤਾਖਰ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਆਪਣੇ-ਆਪਣੇ ਇਲਾਕੇ ਦੇ ਨੁਮਾਇੰਦਿਆਂ ਨੂੰ ਮੰਗ ਮੰਗ ਪੱਤਰ ਦਿੱਤੇ ਗਏ ਹਨ ।