Punjab

ਜਲੰਧਰ ‘ਚ ਅੱਜ ਸਰਕਾਰੀ ਸਮਾਗਮ, ਸੀਐਮ ਚੀਫ਼ ਗੈਸਟ, 81 ਲੱਖ ਰੁਪਏ ਆਵੇਗਾ ਖਰਚਾ, ਮਜੀਠੀਆ ਨੇ ਕੀਤੇ ਸਵਾਲ

Official event in Jalandhar today, CM chief guest, 81 lakh rupees will be spent, Majithia asked questions

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ਆ ਰਹੇ ਹਨ। ਉਹ ਪੀਏਪੀ ਵਿਖੇ ਕਰਵਾਏ ਜਾਣ ਵਾਲੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਪ੍ਰੋਗਰਾਮ ‘ਚ 14 ਹਜ਼ਾਰ ਦੇ ਕਰੀਬ ਵੀ.ਵੀ.ਆਈ.ਪੀ., ਵੀ.ਆਈ.ਪੀ ਅਤੇ ਹੋਰ ਲੋਕਾਂ ਦੇ ਆਉਣ ਦੀ ਉਮੀਦ ਹੈ। ਇਸ ਦੇ ਨਾਲ ਹੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਇਸ ਪ੍ਰੋਗਰਾਮ ਨੂੰ ਲੈ ਕੇ ਇੱਕ ਵਾਰ ਮੁੜ ਤੋਂ ਸਰਕਾਰ ਨੂੰ ਘੇਰਣ ਦੀ ਕੋਸ਼ਿਸ਼ ਕੀਤੀ ਹੈ। ਬਿਕਰਮ ਮਜੀਠੀਆ ਨੇ ਟਵੀਟ ਕਰਕੇ ਮਾਨ ਸਰਕਾਰ ਤੋਂ ਹਿਸਾਬ ਮੰਗਿਆ ਤੇ ਸਰਕਾਰ ਦਾ ਖਰਚਾ ਵੀ ਯਾਦ ਕਰਵਾਇਆ ਹੈ।

ਮੀਜੀਠੀਆ ਨੇ ਇਹ ਸਵਾਲ ਅੱਜ ਸ਼ਾਮ ਜਲੰਧਰ ਵਿੱਚ ਹੋਣ ਵਾਲੇ ਸਰਕਾਰੀ ਸਮਾਗਮ ਨੂੰ ਲੈ ਕੇ ਖੜ੍ਹੇ ਕੀਤੇ ਹਨ। ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਕਿਹਾ ਕਿ ਸਰਕਾਰ ਨੇ ਆਪਣੇ ‘ਤੇ ਪੈਸੇ ਖਰਚ ਕਰਨੇ ਹੋਣ ਤਾਂ ਫੰਡ ਹੁੰਦੇ ਹਨ ਪਰ ਜੇ ਜਨਤਾ ਨੂੰ ਦੇਣੇ ਹੋਣ ਤਾਂ ਮੁੱਠੀ ਬੰਦ ਕਰ ਲੈਂਦੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪ੍ਰੋਗਰਾਮ ਪੁਲਿਸ ਵਿਭਾਗ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ‘ਤੇ ਹੋਏ ਖਰਚੇ ਨੂੰ ਲੈ ਕੇ ਅਕਾਲੀ ਦਲ ਦੇ ਨੇਤਾ ਬਿਕਰਮ ਮਜੀਠੀਆ ਨੇ ਖਰਚੇ ‘ਤੇ ਸਵਾਲ ਖੜ੍ਹੇ ਕੀਤੇ ਹਨ। ਬਿਕਰਮ ਮਜੀਠੀਆ ਨੇ ਟਵੀਟ ਕਰਦਿਆਂ ਕਿਹਾ ਕਿ ਮੁਲਾਜ਼ਮਾਂ ਨੂੰ ਡੀਏ ਦੇਣ ਲਈ ਪੈਸੇ ਨਹੀਂ ਹਨ ਪਰ ਸੀਐਮ ਭਗਵੰਤ ਮਾਨ ਪੈਸੇ ਬਰਬਾਦ ਕਰਨਗੇ। ਜਲੰਧਰ ‘ਚ ਸੱਭਿਆਚਾਰਕ ਪ੍ਰੋਗਰਾਮ ‘ਤੇ 81 ਲੱਖ ਰੁਪਏ ਖਰਚ ਕੀਤੇ ਗਏ, ਜਿੱਥੇ ਉਹ ਅੱਜ ਸ਼ਾਮ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।

ਮਜੀਠੀਆ ਨੇ ਕਿਹਾ ਕਿ ਕੀ ਮੈਨੇਜਮੈਂਟ ਹੈ CM ਸਾਹਿਬ…. ਤੁਹਾਡੇ ਬੌਸ ਅਰਵਿੰਦ ਕੇਜਰੀਵਾਲ ਦੇ ਟੂਰ ਐਂਡ ਟਰੈਵਲਾਂ, ਇਸ਼ਤਿਹਾਰਾਂ, ਸੱਭਿਆਚਾਰਕ ਸ਼ੋਆਂ, ਦਿਖਾਵੇ ਦੀਆਂ ਰੈਲੀਆਂ ਲਈ ਪੈਸੇ ਦੀ ਕੋਈ ਕਮੀ ਨਹੀਂ, ਪਰ ਮੁਲਾਜ਼ਮਾਂ ਅਤੇ ਹੋਰ ਪੰਜਾਬੀਆਂ ਲਈ ਕੁਝ ਵੀ ਨਹੀਂ, ਜਿਨ੍ਹਾਂ ਨਾਲ 2022 ਦੀਆਂ ਚੋਣਾਂ ਜਿੱਤਣ ਦਾ ਵਾਅਦਾ ਕੀਤਾ ਗਿਆ ਸੀ, ਕੁਝ ਸ਼ਰਮ ਕਰੋ।

ਦੱਸ ਦਈਏ ਕਿ ਇਸ ਪੂਰੇ ਪ੍ਰੋਗਰਾਮ ਵਿੱਚ 14 ਹਜ਼ਾਰ ਲੋਕਾਂ ਦੇ ਸ਼ਾਮਲ ਹੋਣ ਦਾ ਅਨੁਮਾਨ ਹੈ। ਇਸ ਦੇ ਨਾਲ ਹੀ 200 ਵੀ.ਆਈ.ਪੀਜ਼ ਵੀ ਪ੍ਰੋਗਰਾਮ ‘ਚ ਸ਼ਿਰਕਤ ਕਰ ਰਹੇ ਹਨ। ਉਨ੍ਹਾਂ ਦੇ ਖਾਣੇ ਦਾ ਅਨੁਮਾਨ 26 ਲੱਖ ਰੁਪਏ ਰੱਖਿਆ ਗਿਆ ਹੈ। ਇੰਨਾ ਹੀ ਨਹੀਂ ਸੰਗੀਤ, ਸਜਾਵਟ ਅਤੇ ਹੋਰ ਜ਼ਰੂਰੀ ਸਮਾਨ ਲਈ 14.65 ਲੱਖ ਰੁਪਏ ਦਾ ਅਨੁਮਾਨ ਲਗਾਇਆ ਗਿਆ ਹੈ। ਟੈਂਟ ਲਗਾਉਣ ਅਤੇ ਹੋਰ ਜ਼ਰੂਰੀ ਕੰਮਾਂ ਲਈ 25 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਹੈ।