‘ਦ ਖ਼ਾਲਸ ਬਿਊਰੋ:- ਜ਼ਿਲ੍ਹਾ ਅਮ੍ਰਿਤਸਰ ‘ਚ ਸਥਿਤ ਜਲ੍ਹਿਆਂਵਾਲਾ ਬਾਗ ‘ਚ ਨਵੀਨੀਕਰਨ ਕੰਮ ਦੌਰਾਨ ਲਗਾਈਆਂ ਜਾ ਰਹੀਆਂ ਇਤਰਾਜ਼ਯੋਗ ਤਸਵੀਰਾਂ ਨੂੰ ਹਟਾ ਦਿੱਤਾ ਗਿਆ ਹੈ ਅਤੇ E ਟਿਕਟ ਦੇ ਲਈ ਬੈਰੀਕੇਟ ਵੀ ਲਗਾ ਦਿੱਤੇ ਗਏ ਹਨ। ਅੰਮ੍ਰਿਤਸਰ ਦੇ SDM ਵਿਕਾਸ ਹੀਰਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਚ ਅਧਿਕਾਰੀਆਂ ਵੱਲ਼ੋਂ ਕਾਰਵਾਈ ਜਾਰੀ ਹੈ, ਅਤੇ ਨਵੀਨੀਕਰਨ ਦਾ ਕੰਮ ਭਾਰਤੀ ਪੁਰਾਤੱਤਵ ਵਿਭਾਗ ਦੀ ਨਿਗਰਾਨੀ ਹੇਠ ਕਰਵਾਇਆ ਜਾ ਰਿਹਾ ਹੈ।
ਇੰਨਾਂ ਹੀ ਨਹੀਂ ਉਥੋਂ ਦੀ ਤਰਕਸ਼ੀਲ ਸੁਸਾਇਟੀ ਨੇ ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕੀਤੀ ਹੈ ਕਿ ਜਲ੍ਹਿਆਂਵਾਲਾ ਬਾਗ ਵਿਚੋਂ ਦਾਖਲਾ ਟਿਕਟ ਢਾਂਚੇ ਨੂੰ ਵੀ ਢਾਹਿਆਂ ਜਾਵੇ, ਉਹਨਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਦਾਖਲਾਂ ਟਿਕਟ ਦਾ ਸਖ਼ਤ ਤੋਂ ਸਖ਼ਤ ਵਿਰੋਧ ਕੀਤਾ ਜਾਵੇਗਾ।
ਜਲ੍ਹਿਆਂਵਾਲਾ ਬਾਗ਼ ਨੈਸ਼ਨਲ ਮੈਮੋਰੀਅਲ ਟਰੱਸਟ ਦੇ ਮੈਂਬਰ ਤਰਲੋਚਨ ਸਿੰਘ ਮੁਤਾਬਿਕ, ਟਰੱਸਟ ਵੱਲ਼ੋਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਜਾਵੇਗੀ ਕਿ ਜਲ੍ਹਿਆਂਵਾਲਾ ਬਾਗ਼ ਨੂੰ ਖੋਲ੍ਹਣ ਤੋਂ ਪਹਿਲਾਂ ਇਸ ਦਾ ਸਮੁੱਚਾ ਮੁਆਇਨਾ ਕਰਵਾਇਆ ਜਾਵੇ।
ਇਸ ਮਾਮਲੇ ਨੂੰ ਚੰਡੀਗੜ੍ਹ ਦੀ ਵਿਦਿਆਰਥੀ ਜਥੇਬੰਦੀ NSUI ਨੇ BJP ਦੇ ਵੱਡੇ ਲੀਡਰ ਸ਼ਵੇਤ ਮਲਿਕ ‘ਤੇ ਇਲਜ਼ਾਮ ਲਾਉਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ਼ਹੀਦਾਂ ਦੀਆਂ ਯਾਦਗਾਰਾਂ ਨੂੰ ਅਪਮਾਨ ਕੀਤੇ ਜਾਣ ਅਤੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ‘ਤੇ ਸ਼ਵੇਤ ਮਲਿਕ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਮੁਆਫੀ ਮੰਗਵਾਈ ਜਾਵੇ।