Punjab Religion

ਦਰਬਾਰਾ ਗੁਰੂ ਨੂੰ ਭੂੰਦੜ ਦਾ ਸਲਾਹਕਾਰ ਲਗਾਉਣ ’ਤੇ ਇਤਰਾਜ਼! ਜਥੇਦਾਰ ਨੂੰ ਲਿਖੀ ਚਿੱਠੀ, ‘ਸਾਡੇ ਜ਼ਖ਼ਮਾਂ ਤੇ ਵਾਰ-ਵਾਰ ਲੂਣ ਨਾ ਛਿੜਕਿਆ ਜਾਵੇ’

ਬਿਉਰੋ ਰਿਪੋਰਟ: ਸ਼੍ਰੋਮਣੀ ਅਕਾਲੀ ਦਲ ਨੇ ਅਕਾਲੀ ਲੀਡਰ ਦਰਬਾਰਾ ਸਿੰਘ ਗੁਰੂ ਨੂੰ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦਾ ਮੁੱਖ ਸਲਾਹਕਾਰ ਬਣਾਇਆ ਹੈ ਜਿਨ੍ਹਾਂ ਦਾ ਨਾਂ 1986 ਸਾਕਾ ਨਕੋਦਰ ਨਾਲ ਜੋੜਿਆ ਜਾਂਦਾ ਹੈ। ਹੁਣ ਇਸ ਨਿਯੁਕਤੀ ਦੇ ਖ਼ਿਲਾਫ਼ ਇਤਰਾਜ਼ ਉੱਠਿਆ ਹੈ। ਨਕੋਦਰ ਕਾਂਡ ਦੇ ਸ਼ਹੀਦ ਰਵਿੰਦਰ ਸਿੰਘ ਲਿਤਰਾਂ ਦੇ ਮਾਪਿਆਂ ਨੇ ਜਥੇਦਾਰ ਨੂੰ ਚਿੱਠੀ ਲਿਖੀ ਹੈ। ਸਾਕੇ ਦੇ ਪੀੜਤਾਂ ਨੇ ਸਮੂਹ ਸਿੰਘ ਸਾਹਿਬਾਨ ਨੂੰ ਬੇਨਤੀ ਕੀਤੀ ਹੈ ਕਿ ਸੁਖਬੀਰ ਬਾਦਲ ਦੀ ਸਜ਼ਾ ਸਬੰਧੀ ਆਪਣਾ ਫ਼ੈਸਲਾ ਲੈਣ ਸਮੇਂ ਇਸ ਨੂੰ ਧਿਆਨ ਵਿੱਚ ਰੱਖਿਆ ਜਾਵੇ।

ਉੱਧਰ ਇਸ ਚਿੱਠੀ ਤੋਂ ਬਾਅਦ ਦਰਬਾਰਾ ਸਿੰਘ ਗੁਰੂ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ 1986 ਦੇ ਨਕੋਦਰ ਪੁਲਿਸ ਕੇਸ ਨਾਲ ਕਿਸੇ ਵੀ ਤਰ੍ਹਾਂ ਦੇ ਸਬੰਧ ਹੋਣ ਤੋਂ ਸਖ਼ਤੀ ਨਾਲ ਇਨਕਾਰ ਕੀਤਾ ਹੈ ਅਤੇ ਜ਼ੋਰ ਦੇ ਕੇ ਕਿਹਾ ਹੈ ਕਿ ਕੁਝ ਤਾਕਤਾਂ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਤਿਆਰ ਹਨ।

ਚਿੱਠੀ ਵਿੱਚ ਨਕੋਦਰ ਕਾਂਡ ਦੇ ਸ਼ਹੀਦ ਰਵਿੰਦਰ ਸਿੰਘ ਲਿਤਰਾਂ ਦੇ ਮਾਪਿਆਂ ਨੇ ਕਿਹਾ ਕਿ 2 ਫਰਵਰੀ 1986 ਨੂੰ ਨਕੋਦਰ ਦੇ ਗੁਰੂ ਨਾਨਕਪੁਰਾ ਮਹੱਲੇ ਦੇ ਗੁਰੂ ਅਰਜਨ ਸਾਹਿਬ ਜੀ ਦੇ ਗੁਰਦਵਾਰਾ ਸਾਹਿਬ ਵਿੱਚ ਅਕਾਲੀ ਸਰਕਾਰ ਦੇ ਰਾਜ ਦੌਰਾਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪੰਜ ਸਰੂਪ ਪੰਥ ਦੋਖੀਆਂ ਨੇ ਅਗਨ ਭੇਂਟ ਕਰ ਦਿੱਤੇ ਸਨ, 38 ਸਾਲ ਬੀਤਣ ਦੇ ਬਾਵਜੂਦ ਅੱਜ ਤੱਕ ਕੋਈ ਵੀ ਸਰਕਾਰ ਇਹ ਪਤਾ ਨਹੀਂ ਲਗਾ ਸਕੀ ਕਿ ਇਸ ਘਿਨੌਣੀ ਕਾਰਵਾਈ ਲਈ ਕੌਣ ਜ਼ਿੰਮੇਵਾਰ ਸੀ, ਕਿਸੇ ਨੂੰ ਅੱਜ ਤੱਕ ਸਜ਼ਾ ਨਹੀਂ ਮਿਲੀ ।

ਚਾਰ ਬੇਗ਼ੁਨਾਹ ਸਿੱਖ ਨੌਜਵਾਨਾਂ – ਭਾਈ ਰਵਿੰਦਰ ਸਿੰਘ ਲਿੱਤਰਾਂ, ਭਾਈ ਬਲਧੀਰ ਸਿੰਘ ਰਾਮਗੜ੍ਹ, ਭਾਈ ਝਲਮਣ ਸਿੰਘ ਗੋਰਸੀਆਂ ਅਤੇ ਭਾਈ ਹਰਮਿੰਦਰ ਸਿੰਘ ਚਲੂਪਰ ਨੂੰ 4 ਫਰਵਰੀ 1986 ਨੂੰ ਉਸ ਸਮੇਂ ਦੀ ਪੰਥਿਕ ਸਰਕਾਰ ਨੇ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦਾ ਵਿਰੋਧ ਕਰਨ ਕਾਰਨ ਦਿਨ ਦਿਹਾੜੇ ਛਾਤੀਆਂ ਵਿੰਨ੍ਹ ਕਿ ਸ਼ਹੀਦ ਕਰ ਦਿੱਤਾ, ਉਨ੍ਹਾਂ ਦੇ ਪੋਸਟ ਮਾਰਟਮ ਵੀ ਅਜੋਕੇ ਪੰਥਕ ਆਗੂ ਤੇ ਉਸ ਸਮੇਂ ਦੇ ਐਕਟਿੰਗ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ ਦੇ ਹੁਕਮਾਂ ‘ਤੇ ਕੀਤੇ ਗਏ, ਪਰਿਵਾਰਾਂ ਨੂੰ ਆਪਣੇ ਬੱਚਿਆਂ ਦੇ ਸ਼ਹੀਦੀ ਸਰੂਪ ਵੀ ਅੰਤਿਮ ਸਸਕਾਰ ਲਈ ਨਸੀਬ ਨਾ ਹੋਏ ਤੇ ਉਸ ਸਮੇ ਦੇ ਐੱਸ ਐੱਸ ਪੀ ਮੁਹੰਮਦ ਇਜ਼ਹਾਰ ਆਲਮ ਜਿਸ ਦੀ ਦੇਖ ਰੇਖ ਵਿੱਚ ਇਹ ਸਾਕਾ ਵਾਪਰਿਆ ਨੂੰ ਪੰਥਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ ਤੇ ਪੰਥਿਕ ਪਾਰਟੀ ਨੇ ਉਸ ਦੇ ਮਰਨ ਤੱਕ ਉਸ ਦੀ ਪੁਸ਼ਤ ਪਨਾਹੀ ਕੀਤੀ ।

ਉਨ੍ਹਾਂ ਲਿਖਿਆ ਕਿ ਨਕੋਦਰ ਸਾਕੇ ਦੀ ਜਾਂਚ ਲਈ ਸਰਕਾਰ ਨੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਬਣਾਇਆ, ਜਿਸਨੇ ਆਪਣੀ ਰਿਪੋਰਟ ਪੰਜਾਬ ਦੀ ਸਰਕਾਰ ਨੂੰ 31 ਅਕਤੂਬਰ 1986 ਨੂੰ ਸੌਂਪ ਦਿੱਤੀ, ਪਰ ਪੰਥਕ ਸਰਕਾਰ ਨੇ ਇਹ ਰਿਪੋਰਟ ਦੱਬ ਦਿੱਤੀ ਅਤੇ 5 ਮਾਰਚ 2001 ਨੂੰ ਪੰਥਿਕ ਸਰਕਾਰ ਨੇ ਇੱਕ ਬਾਰ ਫੇਰ ਇਹ ਰਿਪੋਰਟ ਦਾ ਇੱਕ ਹਿੱਸਾ ਖਾਨਾ ਪੂਰਤੀ ਲਈ ਵਿਧਾਨ ਸਭਾ ਵਿੱਚ ਰੱਖਕੇ ਮੁਲਜ਼ਮਾਂ ਨੂੰ ਬਚਾ ਲਿਆ, ਲੋੜੀਂਦੀ ਐਕਸ਼ਨ ਟੇਕਨ ਰਿਪੋਰਟ ਵੀ ਵਿਧਾਨ ਸਭਾ ‘ਚ ਨਾ ਰੱਖੀ ਗਈ।

ਪੀੜਤਾਂ ਨੇ ਇਹ ਵੀ ਕਿਹਾ ਹੈ ਕਿ ਦਰਬਾਰਾ ਸਿੰਘ ਗੁਰੂ ਨੇ ਫਰਵਰੀ 2022 ਵਿਚ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕਰ ਲਈ ਸੀ, ਪਰ ਪਤਾ ਨਹੀਂ ਕਿੰਨ੍ਹਾਂ ਕਾਰਨਾਂ ਕਰ ਕੇ ਅਕਾਲੀ ਦਲ ਨੇ ਨਾ ਸਿਰਫ਼ ਇਸ ਨੂੰ ਦੁਬਾਰਾ ਪਾਰਟੀ ਵਿਚ ਵਾਪਸ ਲਿਆਂਦਾ ਹੈ ਬਲਕਿ ਨਵੇਂ ਕਾਰਜ਼ਕਾਰੀ ਪ੍ਰਧਾਨ ਦਾ ਖ਼ਾਸ ਸਲਾਹਕਾਰ ਵੀ ਨਿਯੁਕਤ ਕੀਤਾ ਹੈ?

ਉਨ੍ਹਾਂ ਸਥੇਦਾਰ ਸਾਹਿਬਾਨ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਜ਼ਖ਼ਮਾਂ ਤੇ ਵਾਰ-ਵਾਰ ਲੂਣ ਨਾ ਛਿੜਕਿਆ ਜਾਵੇ। ਇਸ ਤੋਂ ਪਹਿਲਾਂ ਇਸੇ ਦਰਬਾਰਾ ਸਿੰਘ ਗੁਰੂ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਪ੍ਰਿੰਸੀਪਲ ਸੈਕਟਰੀ ਲਗਾਇਆ, ਉਨ੍ਹਾਂ ਨੂੰ 2012 ‘ਚ ਭਦੌੜ ਤੋਂ, 2017 ‘ਚ ਬੱਸੀ ਪਠਾਣਾ ਤੋਂ ਤੇ 2019 ‘ਚ ਫ਼ਤਹਿਗੜ੍ਹ ਸਾਹਿਬ ਤੋਂ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਟਿਕਟਾਂ ਦਿੱਤੀਆਂ ਜੋ ਕਿ ਸਿੱਖ ਕੌਮ ਦੀਆ ਭਾਵਨਾਵਾਂ ਦੇ ਬਿਲਕੁਲ ਉਲਟ ਸੀ ਅਤੇ ਦਰਬਾਰਾ ਸਿੰਘ ਗੁਰੂ ਤਿੰਨੇ ਵਾਰ ਹਾਰੇ। ਸੁਮੇਧ ਸੈਣੀ ਅਤੇ ਇਜ਼ਹਾਰ ਆਲਮ ਵਾਂਗ ਦਰਬਾਰਾ ਸਿੰਘ ਗੁਰੂ ਵੀ ਇਸੇ ਕਤਾਰ ਵਿੱਚ ਆਉਂਦੇ ਹਨ।