‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਵੈਕਸੀਨੇਸ਼ਨ ਨੂੰ ਲੈ ਕੇ ਕਾਫੀ ਚਿੰਤਾ ਦੀ ਸਥਿਤੀ ਬਣੀ ਹੋਈ ਹੈ। ਪਿਛਲੇ ਇੱਕ ਹਫਤੇ ਵਿੱਚ ਕਰੋਨਾ ਵੈਕਸੀਨੇਸ਼ਨ ਦੀ ਰਫਤਾਰ ਮੱਠੀ ਪਈ ਹੈ। ਰੋਜ਼ਾਨਾ ਸਿਰਫ 20 ਹਜ਼ਾਰ ਲੋਕਾਂ ਨੂੰ ਹੀ ਕਰੋਨਾ ਟੀਕਾ ਲੱਗ ਰਿਹਾ ਹੈ। ਪੰਜਾਬ ਵਿੱਚ ਵੈਕਸੀਨ ਦੀ ਲੋੜੀਂਦੀ ਸਪਲਾਈ ਨਾ ਹੋਣ ਕਰਕੇ ਸੂਬਾ ਸਰਕਾਰ ਸਮੇਤ ਲੋਕਾਂ ਨੂੰ ਵੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੋਗਾ
ਮੋਗਾ ਵਿੱਚ ਕੋਵੀਸ਼ੀਲਡ ਵੈਕਸੀਨ ਬਿਲਕੁਲ ਖਤਮ ਹੋ ਗਈ ਹੈ। ਲੋਕਾਂ ਨੂੰ ਇਥੇ ਕੋਵੀਸ਼ੀਲਡ ਵੈਕਸੀਨ ਬਿਲਕੁਲ ਨਹੀਂ ਲੱਗ ਰਹੀ। ਮੋਗਾ ਵਿੱਚ ਸਿਰਫ ਕੋਵੈਕਸੀਨ ਹੀ ਲੱਗ ਰਹੀ ਹੈ। ਕੋਵੈਕਸੀਨ ਵੀ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਲੱਗ ਰਹੀ ਹੈ ਜਿਨ੍ਹਾਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਲੱਗ ਚੁੱਕੀ ਹੈ। ਮੋਗਾ ਦੇ ਸਿਰਫ ਇੱਕੋ ਹੀ ਜਗ੍ਹਾ ‘ਤੇ ਲੋਕਾਂ ਨੂੰ ਕੋਵੈਕਸੀਨ ਲਗਾਈ ਜਾ ਰਹੀ ਹੈ, ਬਾਕੀ ਸਾਰੇ ਸੈਂਟਰ ਬੰਦ ਹਨ। ਮੋਗਾ ਵਿੱਚ ਸਿਰਫ 2 ਹਜ਼ਾਰ ਕੋਵੈਕਸੀਨ ਦਾ ਸਟਾਕ ਬਚਿਆ ਹੈ।
ਰੋਪੜ
ਰੋਪੜ ਵਿੱਚ ਵੀ ਕੋਵੀਸ਼ੀਲਡ ਵੈਕਸੀਨ ਖਤਮ ਹੋ ਗਈ ਹੈ। ਇੱਥੇ ਵੀ ਲੋਕਾਂ ਨੂੰ ਕੋਵੈਕਸੀਨ ਲੱਗ ਰਹੀ ਹੈ। ਰੋਪੜ ਵਿੱਚ ਦੂਜੀ ਡੋਜ਼ ਦੇ ਲਈ ਸਿਰਫ 30 ਟੀਕੇ ਹੀ ਬਚੇ ਹਨ। ਇਨ੍ਹਾਂ ਵਿੱਚੋਂ ਵੀ 10 ਲੋਕਾਂ ਨੂੰ ਕੋਵੈਕਸੀਨ ਲਗਾਈ ਗਈ ਹੈ ਅਤੇ ਹੁਣ ਸਿਰਫ 20 ਕੋਵੈਕਸੀਨ ਦੀਆਂ ਖੁਰਾਕਾਂ ਹੀ ਬਚੀਆਂ ਹਨ।
ਅੰਮ੍ਰਿਤਸਰ
ਅੰਮ੍ਰਿਤਸਰ ਵਿੱਚ ਹੁਣ ਤੱਕ 3 ਲੱਖ 76 ਹਜ਼ਾਰ ਲੋਕਾਂ ਨੂੰ ਵੈਕਸੀਨ ਲੱਗੀ ਹੈ। ਅੰਮ੍ਰਿਤਸਰ ਵਿੱਚ ਵੀ ਸਿਰਫ 200 ਦੇ ਕਰੀਬ ਕੋਵੈਕਸੀਨ ਦਾ ਸਟਾਕ ਬਚਿਆ ਹੈ। ਇਨ੍ਹਾਂ ਵਿੱਚੋਂ 100 ਦੇ ਕਰੀਬ ਲੋਕਾਂ ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ। ਅੰਮ੍ਰਿਤਸਰ ਵਿੱਚ 18 ਤੋਂ 44 ਸਾਲ ਦੇ ਉਮਰ ਦੇ ਲੋਕਾਂ ਨੂੰ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਚਾਰ ਦਿਨਾਂ ਤੋਂ ਅੰਮ੍ਰਿਤਸਰ ਵਿੱਚ ਉਨ੍ਹਾਂ ਦੇ ਲਈ ਵੈਕਸੀਨ ਨਹੀਂ ਆਈ ਹੈ।
ਸੰਗਰੂਰ
ਸੰਗਰੂਰ ਵਿੱਚ ਹੁਣ ਤੱਕ 1 ਲੱਖ 45 ਹਜ਼ਾਰ ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਹੈ। ਸੰਗਰੂਰ ਵਿੱਚ ਹੁਣ ਸਿਰਫ 140 ਕਰੋਨਾ ਵੈਕਸੀਨ ਦਾ ਸਟਾਕ ਹੀ ਬਚਿਆ ਹੈ। ਕਈ ਵੈਕਸੀਨ ਸੈਂਟਰ ਬੰਦ ਹੋ ਚੁੱਕੇ ਹਨ।