India International Khalas Tv Special Technology

ਪ੍ਰਮਾਣੂ ਹਥਿਆਰ : ਇੱਕ ਵਿਨਾਸ਼ਕਾਰੀ ਵਿਗਿਆਨਕ ਖ਼ੋਜ

ਭਾਰਤ-ਪਾਕਿਸਤਾਨ ਵਿਚਾਲੇ ਜੰਗਬੰਦੀ ਕਰਵਾਉਣ ਦਾ ਦਾਅਵਾ ਕਰਦਿਆਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਹ ਦਾਅਵਾ ਵੀ ਕੀਤਾ ਸੀ ਕਿ ਮੈਂ ਇੱਕ ਪ੍ਰਮਾਣੂ ਟਕਰਾਅ ਟਾਲ ਦਿੱਤਾ ਹੈ। ਤਣਾਅ ਦੇ ਚੱਲਦਿਆਂ ਪਾਕਿਸਤਾਨ ਨੇ ਕਈ ਵਾਰ ਭਾਰਤ ’ਤੇ ਪ੍ਰਮਾਣੂ ਹਮਲਾ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ, ਜਿਸ ਤੋਂ ਬਾਅਦ ਪੂਰੀ ਦੁਨੀਆਂ ਦੀਆਂ ਨਜ਼ਰਾਂ ਇਸ ਜੰਗ ’ਤੇ ਟਿਕੀਆਂ ਹੋਈਆਂ ਸਨ। ਕਈ ਮੁਲਕਾਂ ਨੇ ਤਣਾਅ ਖ਼ਤਮ ਕਰਨ ਦੀ ਅਪੀਲ ਕਰਦਿਆਂ ਦੋਵਾਂ ਵਿਚਾਲੇ ਗੱਲਬਾਤ ਸ਼ੁਰੂ ਕਰਵਾਉਣ ਦੀ ਪੇਸ਼ਕਸ਼ ਤੱਕ ਵੀ ਕੀਤੀ। ਪੂਰੀ ਦੁਨੀਆਂ ’ਚ ਸਿਰਫ਼ 9 ਮੁਲਕਾਂ ਕੋਲ ਹੀ ਪ੍ਰਮਾਣੂ ਹਥਿਆਰ ਹਨ ਅਤੇ ਉਨ੍ਹਾਂ ‘ਚੋਂ ਭਾਰਤ, ਪਾਕਿਸਤਾਨ ਅਤੇ ਚੀਨ ਤਿੰਨੋ ਇੱਕ ਦੂਸਰੇ ਦੇ ਗੁਆਂਢੀ ਹਨ। ਜਿਸ ਤੋਂ ਬਾਅਦ ਇਹ ਸੁਆਲ ਪੈਦਾ ਹੁੰਦਾ ਹੈ ਕਿ ਕੀ ਸੱਚਮੁੱਚ ਭਾਰਤ-ਪਾਕਿ ਵਿਚਾਲੇ ਪ੍ਰਮਾਣੂ ਜੰਗ ਦਾ ਕੋਈ ਖ਼ਤਰਾ ਹੈ ਜਾਂ ਫ਼ਿਰ ਟਰੰਪ ਦਾ ਬਿਆਨ ਮਹਿਜ਼ ਇੱਕ ਸਿਆਸੀ ਬਿਆਨਬਾਜ਼ੀ ਤੱਕ ਹੀ ਸੀਮਤ ਸੀ।

ਜੇਕਰ ਪ੍ਰਮਾਣੂ ਹਥਿਆਰਾਂ ਦੀ ਗੱਲ ਕਰੀਏ ਤਾਂ ਇਹ ਦੋ ਤਰ੍ਹਾਂ ਦੇ ਹੁੰਦੇ ਹਨ :-
1. ਐਟਮੀ ਬੰਬ (ਜਿਸ ’ਚ ਯੂਰੇਨੀਅਮ-235 ਤੇ ਪਲੂਟੋਨੀਅਮ-239 ਧਾਤਾਂ ਹੁੰਦੀਆਂ ਹਨ)
2. ਹਾਈਡਰੋਜਨ ਬੰਬ (ਜਿਸ ’ਚ ਯੂਰੇਨੀਅਮ ਜਾਂ ਪਲੂਟੋਨੀਅਮ, ਡਿਊਟੇਰੀਅਮ ਅਤੇ ਟ੍ਰਿਟੀਅਮ ਜਿਹੇ ਰਸਾਇਣਿਕ ਤੱਤ ਹੁੰਦੇ ਹਨ)
ਪ੍ਰਮਾਣੂ ਮਾਹਰਾਂ ਅਨੁਸਾਰ ਇੱਕ ਹਾਈਡ੍ਰੋਜਨ ਬੰਬ – ਐਟਮੀ ਬੰਬ ਤੋਂ ਇੱਕ ਹਜ਼ਾਰ ਗੁਣਾ ਜ਼ਿਆਦਾ ਮਾਰੂ ਹੁੰਦਾ ਹੈ।

ਪ੍ਰਮਾਣੂ ਬੰਬ ਚੱਲਣ ਨਾਲ ਪੈਣ ਵਾਲੇ ਪ੍ਰਭਾਵਾਂ ਨੂੰ ਦੋ ਸ਼੍ਰੇਣੀਆਂ ’ਚ ਵੰਡਿਆ ਗਿਆ ਹੈ :-
1. ਥੋੜ੍ਹੇ ਸਮੇਂ ਦੇ ਪ੍ਰਭਾਵ
2. ਲੰਮੇ ਸਮੇਂ ਦੇ ਪ੍ਰਭਾਵ

ਜੇਕਰ ਥੋੜ੍ਹੇ ਸਮੇਂ ਦੇ ਪ੍ਰਭਾਵਾਂ ਦੀ ਗੱਲ ਕਰੀਏ ਤਾਂ ਇੱਕ ਪਰਮਾਣੂ ਹਥਿਆਰ ਅੱਖ ਝਮਕਦਿਆਂ ਹੀ, ਹੱਸਦੀ ਵੱਸਦੀ ਧਰਤੀ ਨੂੰ ਇੱਕ ਭਿਆਨਕ ਬਰਬਾਦੀ ਵਾਲੀ ਥਾਂ ’ਚ ਬਦਲਣ ਦੀ ਸਮਰੱਥਾ ਰੱਖਦਾ ਹੈ।
1. ਪ੍ਰਮਾਣੂ ਬੰਬ ਫ਼ਟਣ ਨਾਲ ਸਕਿੰਟਾਂ ’ਚ ਹੀ ਤਾਪਮਾਨ ਲੱਖਾਂ ਡਿਗਰੀ ਤੱਕ ਪਹੁੰਚ ਜਾਂਦਾ ਹੈ, ਜਿਸ ਨਾਲ ਇਸ ਦੇ ਸੰਪਰਕ ’ਚ ਆਉਣ ਵਾਲੇ ਸਾਰੇ ਜੀਵ ਜੰਤੂ, ਇਨਸਾਨ, ਅੱਖ ਦੇ ਫ਼ੋਰ ’ਚ ਸੜ ਕੇ ਸੁਆਹ ਹੋ ਸਕਦੇ ਹਨ।
2. ਵੱਡੇ ਧਮਾਕੇ ਅਤੇ ਝਟਕੇ ਨਾਲ ਇਮਾਰਤਾਂ ਅਤੇ ਬੁਨਿਆਦੀ ਢਾਂਚਾ ਤਬਾਹ ਹੋ ਸਕਦਾ ਹੈ।
3. ਬੰਬ ’ਚ ਮੌਜੂਦ ਰੇਡੀਏਸ਼ਨ ਕਾਰਨ ਤੇਜ਼ੀ ਨਾਲ ਮੌਤਾਂ ਹੁੰਦੀਆਂ ਹਨ।
4. ਧਮਾਕੇ ਤੋਂ ਬਾਅਦ “ਕਾਲੇ ਰੰਗ ਦੇ ਮੀਂਹ” ਨਾਲ ਰੇਡੀਏਸ਼ਨ ਵਾਲਾ ਪਾਣੀ ਹੇਠਾਂ ਡਿੱਗਦਾ ਅਤੇ ਬਿਮਾਰੀਆਂ ਨੂੰ ਜਨਮ ਦਿੰਦਾ ਹੈ।
5. ਬਿਜਲੀ ਦੇ ਨਾਲ-ਨਾਲ ਸੰਚਾਰ ਦੇ ਸਾਧਨ ਖ਼ਤਮ ਹੋ ਜਾਂਦੇ ਹਨ, ਪਾਵਰ ਸਟੇਸ਼ਨ ਗੱਲ ਕੀ ਸਾਰਾ ਕੁਝ ਹੀ ਤਬਾਹ ਹੋ ਜਾਂਦਾ ਹੈ।

ਲੰਬੇ ਸਮੇਂ ਦੇ ਪ੍ਰਭਾਵ
1. ਮਿੱਟੀ, ਪਾਣੀ ਅਤੇ ਹਵਾ ’ਚ ਰੇਡੀਏਸ਼ਨ ਫ਼ੈਲਣ ਨਾਲ ਲੰਮਾ ਸਮਾਂ ਇਸਦਾ ਅਸਰ ਰਹਿੰਦਾ ਹੈ, ਜਿਸ ਨਾਲ ਕੈਂਸਰ ਦਾ ਖ਼ਤਰਾ ਵਧ ਜਾਂਦਾ ਹੈ, ਬੱਚੇ ਜੰਮਦੇ ਸਾਰ ਹੀ ਰੋਗਾਂ ਤੋਂ ਪੀੜਤ ਹੁੰਦੇ ਹਨ।
2. ਰੇਡੀਏਸ਼ਨ ਫ਼ੈਲਣ ਨਾਲ ਜੰਗਲ ਅਤੇ ਖ਼ੇਤ ਖ਼ਰਾਬ ਹੋ ਜਾਂਦੇ ਹਨ, ਜਿਸ ਨਾਲ ਫ਼ਸਲਾਂ ਦਾ ਨੁਕਸਾਨ ਹੁੰਦਾ ਹੈ।
3. ਧੂੰਏਂ ਕਾਰਨ ਧਰਤੀ ’ਤੇ ਸੂਰਜ ਦੀ ਰੋਸ਼ਨੀ ਘਟ ਜਾਂਦੀ ਹੈ।
4. ਮਸ਼ੀਨਰੀ ਅਤੇ ਕਾਰੋਬਾਰ ਤਬਾਹ ਹੋ ਜਾਂਦੇ ਹਨ।
5. ਲੋਕਾਂ ’ਚ ਮਨੋਵਿਗਿਆਨਕ ਤਣਾਅ ਵਧ ਜਾਂਦਾ ਹੈ।

ਦੂਸਰੀ ਸੰਸਾਰ ਜੰਗ ਦੌਰਾਨ 6 ਅਗਸਤ, 1945 ਨੂੰ ਅਮਰੀਕਾ ਨੇ ਜਾਪਾਨ ਦੇ ਹੀਰੋਸ਼ੀਮਾ ’ਤੇ “ਲਿਟਲ ਬੁਆਏ” ਨਾਮ ਦਾ ਪਹਿਲਾ ਪਰਮਾਣੂ ਬੰਬ ਸੁੱਟਿਆ ਸੀ, ਜਿਸ ਦੇ ਤੁਰੰਤ ਪ੍ਰਭਾਵ ਨਾਲ 70 ਤੋਂ 80 ਹਜ਼ਾਰ ਲੋਕ ਖ਼ਤਮ ਹੋ ਗਏ। 1945 ਦੇ ਅਖ਼ੀਰ ਤੱਕ (ਸੜਣ, ਰੇਡੀਏਸ਼ਨ ਤੇ ਸੱਟਾਂ ਕਾਰਨ) ਇਹ ਗਿਣਤੀ ਵਧ ਕੇ 1,40,000 ਤੱਕ ਪਹੁੰਚ ਗਈ ਅਤੇ ਲਗਭਗ ਪੂਰਾ ਸ਼ਹਿਰ ਤਬਾਹ ਹੋ ਗਿਆ। ਇਸ ਬੰਬ ’ਚ ਯੂਰੇਨੀਅਮ-235 ਵਰਤਿਆ ਗਿਆ ਸੀ।

ਇਸ ਦੇ ਠੀਕ ਤਿੰਨ ਦਿਨਾਂ ਬਾਅਦ ਅਮਰੀਕਾ ਨੇ ਨਾਗਾਸਾਕੀ ’ਤੇ “ਫੈਟ ਮੈਨ” ਨਾਮ ਦਾ ਦੂਜਾ ਪਰਮਾਣੂ ਬੰਬ ਸੁੱਟਿਆ ਜਿਸ ਨਾਲ ਤੁਰੰਤ 40,000-75,000 ਲੋਕ ਖ਼ਤਮ ਹੋ ਗਏ। 1945 ਦੇ ਅਖ਼ੀਰ ਤੱਕ, ਇਹ ਗਿਣਤੀ ਵਧ ਕੇ 80 ਹਜ਼ਾਰ ਤੱਕ ਪਹੁੰਚ ਗਈ ਸੀ। ਇਸ ਬੰਬ ’ਚ ਪਲੂਟੋਨੀਅਮ-239 ਦੀ ਵਰਤੋਂ ਕੀਤੀ ਗਈ ਸੀ। ਇਸ ਤਰ੍ਹਾਂ ਹੀਰੋਸ਼ੀਮਾ ਅਤੇ ਨਾਗਾਸਾਕੀ ਦੇ ਪ੍ਰਮਾਣੂ ਹਮਲਿਆਂ ’ਚ 2 ਲੱਖ ਤੋਂ ਵੀ ਜ਼ਿਆਦਾ ਲੋਕ ਖ਼ਤਮ ਹੋ ਗਏ ਸਨ।

ਇਸ ਹਮਲੇ ਤੋਂ ਬਚੇ ਲੋਕ, ਜਿਨ੍ਹਾਂ ਨੂੰ “ਹਿਬਾਕੁਸ਼ਾ” ਵਜੋਂ ਜਾਣਿਆ ਜਾਂਦਾ ਹੈ, ਲੰਮੇ ਸਮੇਂ ਤੱਕ ਰੇਡੀਏਸ਼ਨ ਤੋਂ ਪੈਦਾ ਹੋਈਆਂ ਕੈਂਸਰ ਵਰਗੀਆਂ ਸਿਹਤ ਸਮੱਸਿਆਵਾਂ ਨਾਲ ਜੂਝਦੇ ਰਹੇ।ਹੀਰੋਸ਼ੀਮਾ ਅਤੇ ਨਾਗਾਸਾਕੀ ਦਾ ਪ੍ਰਮਾਣੂ ਹਮਲਾ ਹੁਣ ਤੱਕ ਕਿਸੇ ਮੁਲਕ ਵੱਲੋਂ ਦੂਸਰੇ ਮੁਲਕ ’ਤੇ ਕੀਤਾ ਗਿਆ ਇਕਲੌਤਾ ਹਮਲਾ ਸੀ। ਉਸ ਤੋਂ ਬਾਅਦ ਕਈ ਮੁਲਕਾਂ ਨੇ ਪ੍ਰਮਾਣੂ ਹਥਿਆਰਾਂ ਦੇ ਪ੍ਰੀਖਣ ਤਾਂ ਕੀਤੇ ਪਰ ਰਾਹਤ ਦੀ ਗੱਲ ਇਹ ਰਹੀ ਕਿ ਕਦੇ ਵੀ ਇਨ੍ਹਾਂ ਨੂੰ ਜੰਗ ’ਚ ਨਹੀਂ ਵਰਤਿਆ ਗਿਆ।

ਇਸ ਹਮਲੇ ਤੋਂ ਬਾਅਦ, ਦੁਨੀਆ ਨੇ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਅਤੇ ਟੈਸਟਿੰਗ ਨੂੰ ਰੋਕਣ ਲਈ ਕਈ ਸੰਧੀਆਂ ਸ਼ੁਰੂ ਕੀਤੀਆਂ, ਹਾਲਾਂਕਿ ਇਨ੍ਹਾਂ ਦੇ ਲਾਗੂ ਹੋਣ ਬਾਰੇ ਚੁਣੌਤੀਆਂ ਅਜੇ ਵੀ ਕਾਇਮ ਹਨ।ਇਨ੍ਹਾਂ ਸੰਧੀਆਂ ’ਚੋਂ ਇੱਕ ਮਹੱਤਵਪੂਰਨ ਹੈ 1968 ਦੀ ਸੰਧੀ, ਜਿਸ ਦਾ ਮੁੱਖ ਟੀਚਾ: ਗੈਰ-ਪ੍ਰਮਾਣੂ ਮੁਲਕਾਂ ’ਚ ਪ੍ਰਮਾਣੂ ਹਥਿਆਰਾਂ ਦੇ ਫ਼ੈਲਾਅ ਨੂੰ ਰੋਕਣਾ ਅਤੇ ਪ੍ਰਮਾਣੂ ਊਰਜਾ ਦੀ ਸ਼ਾਂਤੀਪੂਰਨ ਕੰਮਾਂ ਲਈ ਵਰਤੋਂ ਨੂੰ ਉਤਸ਼ਾਹਿਤ ਕਰਨਾ ਸੀ। 191 ਮੁਲਕਾਂ ਨੇ ਇਸ ਸੰਧੀ ’ਤੇ ਦਸਤਖ਼ਤ ਕੀਤੇ ਜਿਨ੍ਹਾਂ ’ਚ ਅਮਰੀਕਾ, ਰੂਸ, ਯੂਕੇ, ਫਰਾਂਸ ਅਤੇ ਚੀਨ ਵਰਗੀਆਂ ਪ੍ਰਮਾਣੂ ਤਾਕਤਾਂ ਸ਼ਾਮਲ ਹਨ। ਪਰ ਭਾਰਤ, ਪਾਕਿਸਤਾਨ ਅਤੇ ਇਜ਼ਰਾਈਲ ਨੇ ਸੰਧੀ ’ਤੇ ਇਤਰਾਜ਼ ਕਰਦਿਆਂ ਇਸ ਤੇ ਦਸਤਖ਼ਤ ਨਹੀਂ ਸੀ ਕੀਤੇ। ਉੱਤਰੀ ਕੋਰੀਆ 1985 ਤੋਂ ਇਸ ਸੰਧੀ ਦਾ ਹਿੱਸਾ ਸੀ ਪਰ 2003 ’ਚ ਉਸ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਆਪਣੇ ਆਪ ਨੂੰ ਇਸ ਸੰਧੀ ਤੋਂ ਵੱਖ ਕਰ ਲਿਆ ਸੀ। ਉੱਤਰੀ ਕੋਰੀਆ ਅੱਜ ਵੀ ਸਭ ਤੋਂ ਵੱਧ ਪ੍ਰਮਾਣੂ ਹਮਲੇ ਦੀਆਂ ਧਮਕੀਆਂ ਦਿੰਦਾ ਹੈ।

ਅੱਜ ਅਮਰੀਕਾ, ਰੂਸ, ਚੀਨ, ਫ਼ਰਾਂਸ, ਯੂਕੇ, ਭਾਰਤ, ਪਾਕਿਸਤਾਨ, ਇਜ਼ਰਾਈਲ ਅਤੇ ਉੱਤਰੀ ਕੋਰੀਆ ਕੋਲ ਪ੍ਰਮਾਣੂ ਹਥਿਆਰ ਹਨ ਅਤੇ ਇਨ੍ਹਾਂ 9 ਮੁਲਕਾਂ ਚੋਂ 90% ਪ੍ਰਮਾਣੂ ਹਥਿਆਰ ਸਿਰਫ਼ ਅਮਰੀਕਾ ਅਤੇ ਰੂਸ ਕੋਲ ਹੀ ਹਨ। ਇਨ੍ਹਾਂ ਤੋਂ ਇਲਾਵਾ 1968 ਦੀ ਸੰਧੀ ਤਹਿਤ ਕਿਸੇ ਵੀ ਹੋਰ ਮੁਲਕ ਨੇ ਇਨ੍ਹਾਂ ਹਥਿਆਰਾਂ ਦਾ ਪ੍ਰੀਖਣ ਨਹੀਂ ਕੀਤਾ।

ਭਾਰਤ ਨੇ ਮਈ 1974 ’ਚ ਰਾਜਸਥਾਨ ਦੀ ਪੋਖਰਣ ਰੇਂਜ ਵਿਖੇ ‘ਸਮਾਇਲਿੰਗ ਬੁੱਧਾ’ ਨਾਮ ਹੇਠ ਆਪਣਾ ਪਹਿਲਾ ਪ੍ਰਮਾਣੂ ਪ੍ਰੀਖਣ ਅਤੇ ਮਈ 1998 ’ਚ ‘ਓਪਰੇਸ਼ਨ ਸ਼ਕਤੀ’ ਤਹਿਤ ਦੂਸਰਾ ਪ੍ਰਮਾਣੂ ਪ੍ਰੀਖਣ ਕੀਤਾ ਸੀ, ਜਿਸ ਨਾਲ ਭਾਰਤ ਅਧਿਕਾਰਤ ਤੌਰ ’ਤੇ ਇੱਕ ਪ੍ਰਮਾਣੂ-ਹਥਿਆਰਬੰਦ ਦੇਸ਼ ਬਣ ਗਿਆ।

1974 ਅਤੇ 1998 ਦੇ ਪ੍ਰਮਾਣੂ ਪ੍ਰੀਖਣਾਂ ਨੂੰ ਭਾਰਤ ਦੇ ਮਾਣ, ਵਿਗਿਆਨਕ ਪ੍ਰਾਪਤੀ ਅਤੇ ਰਣਨੀਤਕ ਲੋੜ ਦੇ ਮੀਲ ਪੱਥਰ ਵਜੋਂ ਵਿਆਪਕ ਤੌਰ ’ਤੇ ਸਲਾਹਿਆ ਗਿਆ। ਸਿਆਸੀ ਪਾਰਟੀਆਂ ਅਤੇ ਆਮ ਲੋਕਾਂ ਮੁਤਾਬਕ ਇਹ ਪ੍ਰੀਖਣ ਖ਼ਾਸ ਕਰਕੇ ਚੀਨ ਅਤੇ ਪਾਕਿਸਤਾਨ ਵਿਰੁੱਧ ਭਵਿੱਖ ’ਚ ਹੋਣ ਵਾਲੀ ਕਿਸੇ ਵੀ ਜੰਗ ’ਚ ਭਾਰਤ ਦੇ ਪ੍ਰਭੂਸੱਤਾ ਅਤੇ ਰੋਕਥਾਮ ਦੇ ਦਾਅਵੇ ਦਾ ਪ੍ਰਤੀਕ ਸਨ। ਹਾਲਾਂਕਿ, ਦੋਵਾਂ ਪ੍ਰੀਖਣਾਂ ਨੂੰ ਸ਼ਾਂਤੀ ਪਸੰਦ ਕਾਰਕੁੰਨਾਂ, ਬੁੱਧੀਜੀਵੀਆਂ ਅਤੇ ਸਿਮਰਨਜੀਤ ਸਿੰਘ ਮਾਨ ਵਰਗੇ ਲੀਡਰਾਂ ਵੱਲੋਂ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦਾ ਤਰਕ ਸੀ ਕਿ ਪ੍ਰਮਾਣੂ ਫ਼ੌਜੀਕਰਨ ਖ਼ਾਸ ਕਰਕੇ ਗੁਆਂਢੀ ਮੁਲਕ ਪਾਕਿਸਤਾਨ ਨਾਲ ਖ਼ੇਤਰੀ ਤਣਾਅ ਨੂੰ ਵਧਾ ਸਕਦਾ ਹੈ। ਉਨ੍ਹਾਂ ਦਲੀਲ ਦਿੱਤੀ ਸੀ ਕਿ ਪ੍ਰਮਾਣੂ ਹਥਿਆਰਾਂ ’ਤੇ ਖ਼ਰਚ ਕੀਤੇ ਗਏ ਸਰੋਤਾਂ ਨੂੰ ਖ਼ਾਸ ਕਰਕੇ ਪੰਜਾਬ ਵਰਗੇ ਖਿੱਤੇ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਲਈ ਬਿਹਤਰ ਢੰਗ ਨਾਲ ਵਰਤਿਆ ਜਾ ਸਕਦਾ ਸੀ। ਮਾਨ ਨੇ ਇਸ ਗੱਲ ’ਤੇ ਚੰਤਾ ਪ੍ਰਗਟਾਈ ਸੀ ਕਿ ਪਰਮਾਣੂ ਪ੍ਰੀਖਣਾਂ ਦੀ ਵਰਤੋਂ ਰਾਸ਼ਟਰਵਾਦ ਨੂੰ ਉਤਸ਼ਾਹਿਤ ਕਰਨ ਅਤੇ ਸਿੱਖ ਭਾਈਚਾਰੇ ਸਮੇਤ ਘੱਟ ਗਿਣਤੀਆਂ ਦੀਆਂ ਆਵਾਜ਼ਾਂ ਨੂੰ ਦੱਬਣ ਲਈ ਕੀਤੀ ਜਾ ਸਕਦੀ ਹੈ। ਪਰ ਇਨ੍ਹਾਂ ਇਤਰਾਜ਼ਾਂ ਦੇ ਬਾਵਜੂਦ, ਸਮੁੱਚੇ ਭਾਰਤ ਅੰਦਰ ਪ੍ਰਮਾਣੂ ਪ੍ਰੀਖਣਾਂ ਨੂੰ ਭਾਰਤ ਦੇ ਵਿਸ਼ਵਵਿਆਪੀ ਕੱਦ ਅਤੇ ਸੁਰੱਖਿਆ ਲਈ ਜ਼ਰੂਰੀ ਦਰਸਾਇਆ ਗਿਆ।

1998 ‘ਚ ਪ੍ਰਮਾਣੂ ਪ੍ਰੀਖਣ ਕਰਨ ਤੋਂ ਬਾਅਦ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਪਾਰਲੀਮੈਂਟ ‘ਚ ਬੋਲਦਿਆਂ ਕਿਹਾ ਸੀ ਕਿ “ਅਸੀਂ ਪਰਮਾਣੂ ਹਥਿਆਰ ਵਰਤਣ ‘ਚ ਕਦੇ ਵੀ ਪਹਿਲ ਨਹੀਂ ਕਰਾਂਗੇ ਅਤੇ ਗੈਰ ਪਰਮਾਣੂ ਮੁਲਕਾਂ ‘ਤੇ ਕਦੇ ਇਸਦੀ ਵਰਤੋਂ ਨਹੀਂ ਕਰਾਂਗੇ।”

ਪ੍ਰਮਾਣੂ ਬੰਬ ਬਣਾਉਣ ਦੇ ਪਿਤਾਮਾ ਮੰਨੇ ਜਾਂਦੇ ਅਮਰੀਕੀ ਸਾਇੰਸਦਾਨ ਡਾ. ਜੂਲਿਅਸ ਰੌਬਰਟ ਓਪਨਹਾਇਮਰ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਵਧੇਰੇ ਸ਼ਕਤੀਸ਼ਾਲੀ ਹਾਈਡ੍ਰੋਜਨ ਬੰਬ ਬਣਾਏ ਜਾਣ ਦਾ ਵਿਰੋਧ ਕੀਤਾ ਸੀ। ਓਪਨਹਾਇਮਰ ਨੂੰ ਡਰ ਸੀ ਕਿ ਇਸ ਨਾਲ ਪ੍ਰਮਾਣੂ ਹਥਿਆਰਾਂ ਦੀ ਦੌੜ ਅਤੇ ਵਿਸ਼ਵਵਿਆਪੀ ਤਬਾਹੀ ਦੇ ਖ਼ਤਰੇ ਵਧ ਜਾਣਗੇ। ਇਸੇ ਵਿਰੋਧ ਦੇ ਚੱਲਦਿਆਂ 1954 ’ਚ, ਅਮਰੀਕਾ ਦੇ ਪਰਮਾਣੂ ਊਰਜਾ ਕਮਿਸ਼ਨ ਨੇ ਓਪਨਹਾਇਮਰ ਦੀ ਸੁਰੱਖਿਆ ਪ੍ਰਵਾਨਗੀ ਨੂੰ ਰੱਦ ਕਰ ਦਿੱਤਾ, ਜਿਸ ਨਾਲ ਉਨ੍ਹਾਂ ਦੀ ਸਰਕਾਰੀ ਸਲਾਹਕਾਰ ਵਜੋਂ ਭੂਮਿਕਾ ਖ਼ਤਮ ਹੋ ਗਈ ਸੀ। ਇਸ ਤੋਂ ਇਲਾਵਾ ਓਪਨਹਾਇਮਰ ਦੇ ਸਮਕਾਲੀ ਰਹੇ ਸਾਇੰਸਦਾਨ ਐਲਬਰਟ ਆਇਨਸਟਾਈਨ ਨੇ ਵੀ ਐਟਮੀ ਹਥਿਆਰਾਂ ਦੇ ਵਧਦੇ ਖ਼ਤਰੇ ਨੂੰ ਵੇਖਦਿਆਂ ਇਸਦਾ ਵਿਰੋਧ ਕੀਤਾ ਸੀ।

ਬੰਬ ਬਣਾਉਣ ਤੋਂ ਇਲਾਵਾ ਪ੍ਰਮਾਣੂ ਊਰਜਾ ਦੀ ਵਰਤੋਂ ਬਿਜਲੀ ਬਣਾਉਣ, ਮੈਡੀਕਲ ਖ਼ੇਤਰ (ਜਿਵੇਂ ਕਿ ਕੈਂਸਰ ਦਾ ਇਲਾਜ਼), ਕਾਰਖ਼ਾਨਿਆਂ ’ਚ ਵੈਲਡਿੰਗ ਤੋਂ ਇਲਾਵਾ ਵੱਖ-ਵੱਖ ਵਿਗਿਆਨਕ ਖੋਜਾਂ ’ਚ ਕੀਤੀ ਜਾ ਸਕਦੀ ਹੈ।

ਪ੍ਰਮਾਣੂ ਹਥਿਆਰਾਂ ਦੇ ਇਸ ਗੁੰਝਲਦਾਰ ਵਿਸ਼ੇ ‘ਤੇ ਚਰਚਾ ਸਾਨੂੰ ਇਹ ਸਮਝਾਉਂਦੀ ਹੈ ਕਿ ਜਿੱਥੇ ਵਿਗਿਆਨ ਅਤੇ ਤਕਨੀਕ ਨੇ ਮਨੁੱਖੀ ਜੀਵਨ ਨੂੰ ਸੌਖਿਆਂ ਬਣਾਇਆ ਹੈ, ਓਥੇ ਹੀ ਪ੍ਰਮਾਣੂ ਉਪਕਰਣਾਂ ਦੀ ਵਿਵਸਥਿਤ ਨਿਗਰਾਨੀ ਅਤੇ ਸੰਜਮ ਵੀ ਬੜਾ ਜ਼ਰੂਰੀ ਹੈ।

ਏਨਾ ਤਾਂ ਸਪੱਸ਼ਟ ਹੀ ਹੈ ਕਿ ਪ੍ਰਮਾਣੂ ਹਥਿਆਰ ਮਨੁੱਖਤਾ ਲਈ ਇੱਕ ਵੱਡਾ ਖ਼ਤਰਾ ਹਨ ਜੋ ਨਾ ਸਿਰਫ਼ ਤਤਕਾਲ ਬਰਬਾਦੀ ਲਿਆਉਂਦੇ ਹਨ, ਸਗੋਂ ਲੰਮੇ ਸਮੇਂ ਤੱਕ ਸਾਡੀ ਧਰਤੀ, ਵਾਤਾਵਰਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪ੍ਰਭਾਵਿਤ ਕਰਦੇ ਹਨ। ਇਸ ਲਈ ਸਾਰੇ ਮੁਲਕਾਂ ਨੂੰ ਚਾਹੀਦਾ ਹੈ ਕਿ ਉਹ ਕੌਮਾਂਤਰੀ ਸਾਂਝ ਅਤੇ ਸੰਵਾਦ ਰਾਹੀਂ ਪ੍ਰਮਾਣੂ ਹਥਿਆਰਾਂ ਦੇ ਫ਼ੈਲਾਅ ਨੂੰ ਰੋਕਣ ਅਤੇ ਕੰਟਰੋਲ ਕਰਨ ’ਚ ਆਪਣਾ ਯੋਗਦਾਨ ਪਾਉਣ। ਮਨੁੱਖਤਾ ਦੇ ਭਵਿੱਖ ਲਈ ਇਹ ਜ਼ਰੂਰੀ ਹੈ ਕਿ ਅਸੀਂ ਸਿਰਫ਼ ਵਿਗਿਆਨਕ ਤਰੱਕੀ ਹੀ ਨਹੀਂ, ਸਗੋਂ ਆਦਰਸ਼ਾਂ ਅਤੇ ਨੈਤਿਕਤਾ ਨਾਲ ਵੀ ਆਪਣੇ ਫ਼ੈਸਲੇ ਕਰੀਏ ਤਾਂ ਜੋ ਇਹ ਤਬਾਹੀ ਦੇ ਹਥਿਆਰ ਸਾਡੇ ਸਾਂਝੇ ਘਰ ਸਾਡੀ ਧਰਤੀ ਨੂੰ ਸੁਖੀ ਅਤੇ ਸੁਰੱਖਿਅਤ ਬਣਾਈ ਰੱਖਣ। ਸਾਡੀ ਅਰਦਾਸ ਹੈ ਕਿ ਕਦੇ ਵੀ ਕੋਈ ਮੁਲਕ ਇਨ੍ਹਾਂ ਪ੍ਰਮਾਣੂ ਹਥਿਆਰਾਂ ਨੂੰ ਇੱਕ ਦੂਜੇ ਦੇ ਖ਼ਿਲਾਫ਼ ਨਾ ਵਰਤੇ।