ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕਾਊਂਸਲ ਦੀਆਂ ਚੋਣਾਂ ਲਈ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਵਿਦਿਆਰਥੀ ਜਥੇਬੰਦੀਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਜ਼ੋਰ-ਅਜ਼ਮਾਇਸ਼ੀ ਚੱਲ ਰਹੀ ਸੀ। ਪੀਯੂ ਪ੍ਰਧਾਨ ਦੇ ਅਹੁਦੇ ‘ਤੇ NSUI ਦੇ ਉਮੀਦਵਾਰ ਜਤਿੰਦਰ ਸਿੰਘ ਨੇ ਜਿੱਤ ਹਾਸਲ ਕੀਤੀ ਹੈ। ਇਸ ਨਾਲ ਇਨਸੋ ਦੇ ਉਮੀਦਵਾਰ ਦੀਪਕ ਗੋਇਲ ਨੇ ਜਨਰਲ ਸਕੱਤਰ ਦੇ ਅਹੁਦੇ ‘ਤੇ ਜਿੱਤ ਹਾਸਲ ਕੀਤੀ ਹੈ। ਦੂਜੇ ਪਾਸੇ ਮੀਤ ਪ੍ਰਧਾਨ ਦੇ ਅਹੁਦੇ ‘ਤੇ ਸੱਥ ਦੀ ਰਣਮੀਤ ਜੋਤ ਕੌਰ ਨੇ ਜਿੱਤ ਹਾਸਲ ਕੀਤੀ ਹੈ।
ਦੂਜੇ ਪਾਸੇ ਭਾਜਪਾ ਦੀ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) ਤੀਜੇ ਸਥਾਨ ‘ਤੇ ਰਹੀ। ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਦੀ ਚੋਣ ਵਿੱਚ ਐਨਐਸਯੂਆਈ ਦੇ ਉਮੀਦਵਾਰ ਜਤਿੰਦਰ ਸਿੰਘ 603 ਵੋਟਾਂ ਨਾਲ ਜੇਤੂ ਰਹੇ ਹਨ।
ਜਤਿੰਦਰ ਸਿੰਘ ਨੇ ਕੁੱਲ 3002 ਵੋਟਾਂ ਹਾਸਲ ਕਰ ਕੇ ਜਿੱਤ ਲਈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਵਿਦਿਆਰਥੀ ਜਥੇਬੰਦੀ ਸੀਵਾਈਐੱਸਐੱਸ ਦਾ ਉਮੀਦਵਾਰ ਦਿਵਿਆਂਸ਼ ਠਾਕੁਰ 2399 ਵੋਟਾਂ ਹਾਸਲ ਕਰ ਕੇ ਦੂਸਰੇ ਅਤੇ ਭਾਜਪਾ ਦੀ ਵਿਦਿਆਰਥੀ ਜਥੇਬੰਦੀ ਏਬੀਵੀਪੀ ਦਾ ਉਮੀਦਵਾਰ ਰਾਕੇਸ਼ ਦੇਸਵਾਲ 2182 ਵੋਟਾਂ ਨਾਲ ਤੀਜੇ ਸਥਾਨ ’ਤੇ ਰਿਹਾ।
ਪ੍ਰਧਾਨਗੀ ਲਈ ਹੋਰਨਾਂ ਪਾਰਟੀਆਂ ਵਿੱਚ ਐੱਸਓਆਈ ਦੇ ਯੁਵਰਾਜ ਗਰਗ ਨੂੰ 996, ਐੱਸਐੱਫਐੱਸ ਦੇ ਉਮੀਦਵਾਰ ਪ੍ਰਤੀਕ ਕੁਮਾਰ ਨੂੰ 621 ਵੋਟਾਂ, ਪੁਸੂ ਦੇ ਦਵਿੰਦਰਪਾਲ ਸਿੰਘ ਨੂੰ 330, ਪੀਐੱਸਯੂ (ਲਲਕਾਰ) ਦੀ ਮਨਿਕਾ ਛਾਬੜਾ ਨੂੰ 326, ਐੱਚਐੱਸਏ ਦੇ ਕੁਲਦੀਪ ਸਿੰਘ ਨੂੰ 190 ਅਤੇ ਆਜ਼ਾਦ ਉਮੀਦਵਾਰ ਸਕਸ਼ਮ ਸਿੰਘ ਨੂੰ 10 ਵੋਟਾਂ ਮਿਲੀਆਂ। ਮੀਤ ਪ੍ਰਧਾਨ ਦੀ ਸੀਟ ‘ਸੱਥ’ ਦੀ ਰਨਮੀਕਜੋਤ ਕੌਰ ਨੇ 4084 ਵੋਟਾਂ ਹਾਸਲ ਕਰ ਕੇ ਜਿੱਤੀ। ਇਸ ਤੋਂ ਇਲਾਵਾ ਦੂਸਰੇ ਉਮੀਦਵਾਰਾਂ ਵਿੱਚੋਂ ਆਜ਼ਾਦ ਉਮੀਦਵਾਰ ਅਨੁਰਾਗ ਵਰਧਨ ਨੂੰ 3319, ਆਈਸਾ ਦੇ ਗੌਰਵ ਚੌਹਾਨ ਨੂੰ 1087 ਅਤੇ ਹਿਮਸੂ ਦੇ ਗੌਰਵ ਕਾਸ਼ਿਵ ਨੂੰ 939 ਵੋਟਾਂ ਪਈਆਂ।
ਸਕੱਤਰ ਦੀ ਸੀਟ ਇਨਸੋ ਦੇ ਦੀਪਕ ਗੋਇਲ ਨੇ 4431 ਵੋਟਾਂ ਹਾਸਲ ਕਰ ਕੇ ਜਿੱਤੀ। ਬਾਕੀ ਉਮੀਦਵਾਰਾਂ ਵਿੱਚ ਅਵਿਨਾਸ਼ ਯਾਦਵ ਨੂੰ 2520, ਮੇਘਾ ਨਈਅਰ ਨੂੰ 2158 ਅਤੇ ਤਰੁਨ ਤੋਮਰ ਨੂੰ 316 ਵੋਟਾਂ ਮਿਲੀਆਂ। ਜੁਆਇੰਟ ਸਕੱਤਰ ਦੀ ਸੀਟ ਗੌਰਵ ਚਹਿਲ ਨੇ 3140 ਵੋਟਾਂ ਹਾਸਲ ਕਰ ਕੇ ਜਿੱਤੀ। ਬਾਕੀ ਉਮੀਦਵਾਰਾਂ ਵਿੱਚ ਦੀਕਿਤ ਪਲਦੋਂ ਨੂੰ 3037 ਵੋਟਾਂ, ਧੀਰਜ ਗਰਗ ਨੂੰ 1983, ਕੁਲਵਿੰਦਰ ਸਿੰਘ ਕਿੰਦੀ ਨੂੰ 988 ਵੋਟਾਂ ਮਿਲੀਆਂ।
ਵੋਟਿੰਗ ਦੇ ਬਾਅਦ ਡੀਜੀਪੀ ਪ੍ਰਵੀਨ ਰੰਜਨ ਤੇ ਐੱਸਐੱਸਪੀ ਕੰਵਰਦੀਪ ਕੌਰ ਕਾਊਂਟਿੰਗ ਸੈਂਟਰ ਦਾ ਜਾਇਜ਼ਾ ਲੈਣ ਪਹੁੰਚੇ ਸਨ। ਯੂਨੀਵਰਸਿਟੀ ਦੇ ਸਟਾਫ਼ ਨੇ ਉਨ੍ਹਾਂ ਨੂੰ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਬੁੱਧਵਾਰ ਨੂੰ ਵਿਦਿਆਰਥੀ ਕਾਊਂਸਲ ਚੋਣਾਂ ਲਈ ਵੋਟਾਂ ਪੈ ਰਹੀਆਂ ਸਨ। ਇਸ ਸਬੰਧੀ ਪੀਯੂ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਡੀਐਸਡਬਲਿਊ ਦਫ਼ਤਰ ਮੁਤਾਬਕ ਵੋਟਰ ਵਿਦਿਆਰਥੀਆਂ ਨੂੰ ਸਵੇਰੇ 9.30 ਵਜੇ ਸਬੰਧਿਤ ਪੋਲਿੰਗ ਕਮਰਿਆਂ ਵਿੱਚ ਪਹੁੰਚਣ ਲਈ ਕਿਹਾ ਗਿਆ ਸੀ।