ਬਿਉਰੋ ਰਿਪੋਰਟ – ਖਡੂਰ ਸਾਰਿਬ ਤੋਂ ਐੱਮਪੀ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸੂਤਰਾਂ ਦੇ ਹਵਾਲੇ ਨਾਲ ਖ਼ਬਰ ਹੈ ਕਿ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਰੇ ਸਾਥੀਆਂ ਦੀ NSA ਸਲਾਹਕਾਰ ਬੋਰਡ ਨੇ ਇਕੱਠੀ 12 ਮਹੀਨਿਆਂ ਦੇ ਲਈ ਵਧਾ ਦਿੱਤੀ ਹੈ। ਹਾਲਾਂਕਿ ਪਹਿਲਾਂ ਇਹ 3-3 ਮਹੀਨੇ ਬਾਅਦ ਵਧਾਈ ਜਾਂਦੀ ਸੀ। 1 ਸਾਲ ਲਈ NSA ਵਧਾਉਣ ਦਾ ਫੈਸਲਾ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ 1 ਦਿਨ ਪਹਿਲਾਂ 3 ਜੂਨ ਨੂੰ ਗ੍ਰਹਿ ਮੰਤਰਾਲੇ ਵੱਲੋਂ ਪਾਸ ਕੀਤਾ ਗਿਆ ਸੀ।
ਹੁਣ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸਾਰੇ ਸਿੱਖ ਕੈਦੀਆਂ ਨੂੰ 23 ਅਪ੍ਰੈਲ 2025 ਤੱਕ NSA ਅਧੀਨ ਜੇਲ੍ਹ ਵਿੱਚ ਰਹਿਣਾ ਹੋਵੇਗਾ। ਹਾਲਾਂਕਿ ਅੰਮ੍ਰਿਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਨੇ ਦੱਸਿਆ ਕਿ ਉਨ੍ਹਾਂ ਕੋਲ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ 6 ਸਿੱਖ ਕੈਦੀਆਂ ਦੀ NSA 1 ਸਾਲ ਲਈ ਵਧਾਉਣ ਦੀ ਜਾਣਕਾਰੀ ਹੈ, ਜਿਸ ਵਿੱਚ ਪਪਲਪ੍ਰੀਤ ਸਿੰਘ, ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੀਕੇ, ਦਲਜੀਤ ਸਿੰਘ ਕਲਸੀ, ਗੁਰਮੀਤ ਸਿੰਘ ਬੁੱਕਣਵਾਲਾ, ਬਸੰਤ ਸਿੰਘ ਦੇ ਨਾਂ ਸ਼ਾਮਲ ਹਨ। ਇਹ ਸਾਰੇ ਸਿੱਖ ਕੈਦੀ ਉਹ ਹਨ ਜਿਨ੍ਹਾਂ ਦੀ ਗ੍ਰਿਫ਼ਤਾਰੀ 18 ਮਾਰਚ 2023 ਨੂੰ ਹੋਈ ਸੀ।
ਅੰਮ੍ਰਿਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਦਾ ਕਹਿਣਾ ਹੈ ਕਿ ਪਹਿਲਾਂ ਸਾਰੇ ਸਿੱਖ ਕੈਦੀਆਂ ‘ਤੇ NSA 18 ਮਾਰਚ ਨੂੰ 3 ਮਹੀਨੇ ਦੇ ਲਈ ਵਧਾਇਆ ਗਿਆ ਸੀ ਜਿਸ ਦੀ ਮਿਆਦ 18 ਜੂਨ ਨੂੰ ਖ਼ਤਮ ਹੋ ਰਹੀ ਸੀ ਪਰ 3 ਜੂਨ ਨੂੰ ਹੀ ਮੁੜ ਤੋਂ ਆਰਡਰ ਕੱਢ ਦਿੱਤੇ ਗਏ। ਅੰਮ੍ਰਿਤਪਾਲ ਸਿੰਘ ਦੇ ਮਾਤਾ-ਪਿਤਾ ਅਤੇ ਸਿੱਖ ਜਥੇਬੰਦੀਆਂ ਦੇ ਨਾਲ ਹੁਣ ਅਕਾਲੀ ਦਲ ਵੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ NSA ਹਟਾਉਣ ਦੀ ਲਗਾਤਾਰ ਮੰਗ ਕਰ ਰਿਹਾ ਸੀ।
ਪਰ ਹੁਣ ਇੱਕ ਸਾਲ ਲਈ ਵਧਾਉਣ ਨਾਲ ਪਰਿਵਾਰ ਨੂੰ ਵੱਡਾ ਝਟਕਾ ਲੱਗਿਆ ਹੈ। 4 ਜੂਨ ਨੂੰ ਅੰਮ੍ਰਿਤਾਪਲ ਸਿੰਘ ਖਡੂਰ ਸਾਹਿਬ ਸੀਟ ਰਿਕਾਰਡ ਵੋਟਾਂ ਨਾਲ ਜਿੱਤੇ ਹਨ, ਪਰਿਵਾਰ ਸਹੁੰ ਚੁੱਕ ਸਮਾਗਮ ਦੇ ਲਈ ਉਨ੍ਹਾਂ ਦੀ ਰਿਹਾਈ ਦੀ ਮੰਗ ਵੀ ਕਰ ਰਿਹਾ ਸੀ।
ਇਸ ਤਰ੍ਹਾਂ ਵਧਾਈ ਜਾਂਦੀ ਹੈ NSA
NSA ਵਧਾਉਣ ਦੀ ਸਿਫਾਰਿਸ਼ ਹਾਈਕੋਰਟ ਵੱਲੋਂ ਗਠਿਤ ਸਲਾਹਕਾਰ ਬੋਰਡ ਕਰਦਾ ਹੈ। ਪਰ ਇਸ ਤੋਂ ਪਹਿਲਾਂ ਜਿਸ ਥਾਂ ‘ਤੇ ਮਾਮਲਾ ਦਰਜ ਹੋਏ ਜਿਵੇਂ ਅਜਨਾਲਾ ਥਾਣੇ ‘ਤੇ ਹਮਲੇ ਦੇ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਫੜਿਆ ਗਿਆ ਸੀ। ਅਜਨਾਲਾ ਦਾ SHO ਰਿਪੋਰਟ ਤਿਆਰ ਕਰਕੇ ਅੰਮ੍ਰਿਤਸਰ ਦਿਹਾਤੀ ਦੀ SSP ਨੂੰ ਦੇਵੇਗਾ ਉਹ ਅੱਗੇ ਡਿਪਟੀ ਕਮਿਸ਼ਨਰ ਨੂੰ ਭੇਜੇਗਾ ਫਿਰ ਕੇਂਦਰ ਸਰਕਾਰ ਨੂੰ ਰਿਪੋਰਟ ਭੇਜੀ ਜਾਵੇਗੀ, ਮਨਜ਼ੂਰੀ ਤੋਂ ਬਾਅਦ ਸਲਾਹਕਾਰ ਬੋਰਡ NSA ਦੀ ਮਿਆਦ ਵਧਾਉਣ ਦਾ ਫੈਸਲਾ ਲਏਗਾ।
ਵੈਸੇ ਸਲਾਹਕਾਰ ਬੋਰਡ ਹਰ ਤਿੰਨ ਮਹੀਨੇ ਬਾਅਦ ਰਿਵਿਊ ਕਰਦਾ ਹੈ ਪਰ ਇਸ ਵਾਰ ਸਿੱਧਾ 1 ਸਾਲ ਦੇ ਲਈ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ NSA ਵਧਾਉਣ ਦਾ ਫੈਸਲਾ ਲਿਆ ਗਿਆ ਹੈ।