Punjab

ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲਾ NRI ਗ੍ਰਿਫ਼ਤਾਰ: 8 ਦਿਨ ਪਹਿਲਾਂ ਕੈਨੇਡਾ ਤੋਂ ਪਰਤਿਆ ਸੀ ਪੰਜਾਬ

ਪੁਲਿਸ ਨੇ ਮੰਗਲਵਾਰ ਨੂੰ 114 ਸਾਲਾ ਐਥਲੀਟ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲੇ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਦੀ ਪਛਾਣ ਕਰਤਾਰਪੁਰ ਦੇ ਪਿੰਡ ਦਾਸੂਪੁਰ ਦੇ ਰਹਿਣ ਵਾਲੇ ਐਨਆਰਆਈ ਅੰਮ੍ਰਿਤਪਾਲ ਸਿੰਘ ਢਿੱਲੋਂ (30) ਵਜੋਂ ਹੋਈ ਹੈ। ਅੰਮ੍ਰਿਤਪਾਲ ਸਿੰਘ 8 ਦਿਨ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਆਇਆ ਸੀ।

ਪੁਲਿਸ ਨੇ ਉਸ ਕੋਲੋਂ ਫਾਰਚੂਨਰ (ਪੀਬੀ 20ਸੀ 7100) ਵੀ ਬਰਾਮਦ ਕੀਤੀ ਹੈ। ਉਸਨੂੰ ਮੰਗਲਵਾਰ ਰਾਤ ਨੂੰ ਭੋਗਪੁਰ ਥਾਣੇ ਲਿਆਂਦਾ ਗਿਆ, ਜਿੱਥੇ ਉਸ ਤੋਂ ਪੁੱਛਗਿੱਛ ਕੀਤੀ ਗਈ। ਉਸਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਫੌਜਾ ਸਿੰਘ ਨੂੰ 14 ਜੁਲਾਈ ਨੂੰ ਗੰਭੀਰ ਹਾਲਤ ਵਿੱਚ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਸੀ। ਉੱਥੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦਾ ਅੰਤਿਮ ਸੰਸਕਾਰ ਅਜੇ ਤੱਕ ਨਹੀਂ ਕੀਤਾ ਗਿਆ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ, ਧੀਆਂ ਅਤੇ ਹੋਰ ਰਿਸ਼ਤੇਦਾਰ ਕੈਨੇਡਾ ਤੋਂ ਆ ਰਹੇ ਹਨ। ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਐਸਐਸਪੀ ਹਰਵਿੰਦਰ ਸਿੰਘ ਵਿਰਕ ਦੁਆਰਾ ਬਣਾਈ ਗਈ ਟੀਮ ਨੇ ਕੁੱਝ ਗੱਡੀਆਂ ਨੂੰ ਲਿਸਟ ਆਊਟ ਕੀਤਾ ਸੀ, ਜਿਨ੍ਹਾਂ ‘ਚੋਂ ਇੱਕ ਫੌਰਚਿਊਨਰ ਗੱਡੀ ਦੀ ਪਛਾਣ ਵੀ ਹੋਈ ਸੀ। ਮੰਗਲਵਾਰ ਦੇਰ ਰਾਤ ਨੂੰ ਗੱਡੀ ਦਾ ਨੰਬਰ ਵੀ ਸਪੱਸ਼ਟ ਹੋ ਗਿਆ। ਨੰਬਰ ਤੋਂ ਪਤਾ ਚੱਲਿਆ ਕਿ ਗੱਡੀ ਕਪੂਰਥਲਾ ਪਿੰਡ ਦੇ ਰਹਿਣ ਵਾਲੇ ਵਰਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਦੇ ਨਾਮ ‘ਤੇ ਰਜਿਸਟਰ ਸੀ, ਜਿਸ ਤੋਂ ਬਾਅਦ ਪੁਲਿਸ ਦੀ ਟੀਮ ਕਪੂਰਥਲਾ ਲਈ ਰਵਾਨਾ ਹੋ ਗਈ ਤੇ ਵਰਿੰਦਰ ਤੱਕ ਪਹੁੰਚੀ।

ਵਰਿੰਦਰ ਤੋਂ ਪੁੱਛ-ਗਿੱਛ ਦੌਰਾਨ ਪਤਾ ਚੱਲਿਆ ਕਿ ਕੈਨੇਡਾ ਤੋਂ ਆਏ ਐਨਆਰਆਈ ਅੰਮ੍ਰਿਤਪਾਲ ਸਿੰਘ ਨੇ ਉਸ ਦੀ ਕਾਰ ਖਰੀਦ ਲਈ ਸੀ। ਪੁਲਿਸ ਨੂੰ ਇਹ ਵੀ ਪਤਾ ਚੱਲਿਆ ਕਿ ਅੰਮ੍ਰਿਤਪਾਲ ਸਿੰਘ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੀਆਂ ਤਿੰਨ ਭੈਣਾਂ ਤੇ ਮਾਂ ਕੈਨੇਡਾ ‘ਚ ਰਹਿੰਦੇ ਹਨ।

8 ਦਿਨ ਪਹਿਲਾਂ ਹੀ ਵਿਦੇਸ਼ ਤੋਂ ਪਰਤਿਆ ਸੀ ਐਨਆਰਆਈ

ਅੰਮ੍ਰਿਤਪਾਲ ਸਿੰਘ 8 ਦਿਨਾਂ ਪਹਿਲਾਂ ਹੀ ਕੈਨੇਡਾ ਤੋਂ ਪਰਤਿਆ ਸੀ। ਦੇਰ ਰਾਤ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਸ ਦੀ ਗੱਡੀ ਵੀ ਬਰਾਮਦ ਕਰ ਲਈ। ਹਾਦਸੇ ਤੋਂ ਇੱਕ ਦਿਨ ਬਾਅਦ ਅੰਮ੍ਰਿਤਪਾਲ ਸਿੰਘ ਕਰਤਾਰਪੁਰ ਨੇੜੇ ਆਪਣੇ ਪਿੰਡ ਗਿਆ। ਉਹ ਜਲੰਧਰ ਨਹੀਂ ਗਿਆ ਸਗੋਂ ਪਿੰਡਾਂ ਦੇ ਰਸਤਿਆਂ ਰਾਹੀਂ ਆਪਣੇ ਪਿੰਡ ਪਹੁੰਚਿਆ। ਮੁੱਢਲੀ ਜਾਂਚ ‘ਚ ਅੰਮ੍ਰਿਤਪਾਲ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ।

ਅੰਮ੍ਰਿਤਪਾਲ ਨੇ ਦੱਸਿਆ ਕਿ ਉਹ ਮੁਕੇਰੀਆਂ ਵੱਲੋਂ ਆਪਣਾ ਫ਼ੋਨ ਵੇਚ ਕੇ ਆ ਰਿਹਾ ਸੀ। ਜਦੋਂ ਉਹ ਬਿਆਸ ਨੇੜੇ ਪਹੁੰਚਿਆ ਤਾਂ ਬਜ਼ੁਰਗ ਉਸ ਦੀ ਗੱਡੀ ਨਾਲ ਟਕਰਾ ਗਿਆ। ਉਸ ਨੂੰ ਇਹ ਨਹੀਂ ਪਤਾ ਸੀ ਕਿ ਬਜ਼ੁਰਗ ਫੌਜਾ ਸਿੰਘ ਹਨ। ਦੇਰ ਰਾਤ ਉਸ ਨੇ ਖ਼ਬਰਾਂ ਰਾਹੀਂ ਫੌਜਾ ਸਿੰਘ ਦੀ ਮੌਤ ਬਾਰੇ ਜਾਣਿਆ।