ਹਿਮਾਚਲ ਦੇ ਚੰਬਾ ਵਿੱਚ ਪੰਜਾਬ ਦੇ ਇੱਕ ਐਨਆਰਆਈ ਜੋੜੇ ਦੀ ਕੁੱਟਮਾਰ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਹਿਮਾਚਲ ਪੁਲਿਸ ਦੇ ਡੀਜੀਪੀ ਅਤੁਲ ਵਰਮਾ ਨੇ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਦੇ ਥੱਪੜ ਮਾਰਨ ਦੀ ਘਟਨਾ ਨਾਲ ਮਾਮਲੇ ਦਾ ਕੋਈ ਸਬੰਧ ਹੋਣ ਤੋਂ ਇਨਕਾਰ ਕੀਤਾ ਹੈ। ਉਸ ਨੇ ਜੋੜੇ ਵੱਲੋਂ ਪੁਲੀਸ ’ਤੇ ਲਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਨਵੇਂ ਖੁਲਾਸੇ ਵੀ ਕੀਤੇ ਹਨ।
ਉਸ ਨੇ ਦੱਸਿਆ ਕਿ ਪਰਵਾਸੀ ਭਾਰਤੀ ਜੋੜਾ ਕੰਵਲਜੀਤ ਸਿੰਘ, ਉਸ ਦੀ ਸਪੈਨਿਸ਼ ਪਤਨੀ ਅਤੇ ਉਸ ਦਾ ਭਰਾ ਜੀਵਨਜੀਤ ਸਿੰਘ ਹਥੇਲੀ ਵਿਗਿਆਨ ਦਾ ਅਭਿਆਸ ਕਰਨ ਦੇ ਬਹਾਨੇ ਮਹਿਲਾ ਸੈਲਾਨੀਆਂ ਅਤੇ ਸਥਾਨਕ ਔਰਤਾਂ ਦਾ ਜ਼ਬਰਦਸਤੀ ਹੱਥ ਫੜਦੇ ਸਨ।
ਇਸ ਦੌਰਾਨ ਐੱਨਆਰਆਈ ਜੋੜੇ ਦੀ ਉੱਥੇ ਮੌਜੂਦ ਸੈਲਾਨੀਆਂ ਅਤੇ ਸਥਾਨਕ ਲੋਕਾਂ ਨਾਲ ਬਹਿਸ ਹੋ ਗਈ। ਘਟਨਾ ਤੋਂ ਤੁਰੰਤ ਬਾਅਦ ਪੁਲਿਸ ਨੇ ਮਾਮਲੇ ਵਿੱਚ ਦਖ਼ਲ ਦਿੰਦਿਆਂ ਐਨਆਰਆਈ ਜੋੜੇ ਨੂੰ ਸੁਲਤਾਨਪੁਰ ਪੁਲਿਸ ਚੌਕੀ ਲਿਆਂਦਾ।
ਪੁਲਿਸ ਅਨੁਸਾਰ ਜੋੜੇ ਅਤੇ ਜੀਵਨਜੀਤ ਸਿੰਘ ਨੇ ਇਸ ਮਾਮਲੇ ਵਿੱਚ ਕੋਈ ਵੀ ਕਾਨੂੰਨੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਸਥਾਨਕ ਪੁਲਿਸ ਦੀਆਂ ਬੇਨਤੀਆਂ ਦੇ ਬਾਵਜੂਦ ਮੈਡੀਕਲ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਸਬੰਧੀ ਕੰਵਲਜੀਤ ਸਿੰਘ ਦੇ ਬਿਆਨ ਵੀ ਪੁਲੀਸ ਕੋਲ ਦਰਜ ਹਨ। ਜਿਸ ਵਿੱਚ ਉਸ ਨੇ ਕੁੱਟਮਾਰ ਦੇ ਮਾਮਲੇ ਵਿੱਚ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਗੱਲ ਦੀ ਪੁਸ਼ਟੀ ਜੀਵਨਜੀਤ ਸਿੰਘ ਨੇ ਵੀ ਕੀਤੀ।
ਹਿਮਾਚਲ ਪੁਲਿਸ ਅਨੁਸਾਰ ਐਨਆਰਆਈ ਜੋੜੇ ਵੱਲੋਂ ਲਗਾਏ ਗਏ ਦੋਸ਼ ਪੂਰੀ ਤਰ੍ਹਾਂ ਝੂਠੇ ਅਤੇ ਮਨਘੜਤ ਹਨ। ਇਹ ਸਥਾਨਕ ਲੋਕਾਂ ਅਤੇ ਹਿਮਾਚਲ ਪੁਲਿਸ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ, ਜਦਕਿ ਇਹ ਸੱਚਾਈ ਨਹੀਂ ਹੈ।
11 ਜੂਨ ਨੂੰ NIR ਪਰਿਵਾਰ ਨਾਲ ਹਿਮਾਚਲ ਪ੍ਰਦੇਸ਼ ਵਿੱਚ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ। ਪੀੜਤ ਪਰਿਵਾਰ ਦਾ ਕਹਿਣਾ ਸੀ ਕਿ ਕੰਗਨਾ ਰਣੌਤ ਵਾਲੇ ਮਾਮਲੇ ਤੋਂ ਬਾਅਦ ਪੰਜਾਬੀਆਂ ਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਹੈ। ਦੱਸ ਦਈਏ ਅੰਮ੍ਰਿਤਸਰ ਦਾ ਪੀੜਤ ਪਰਿਵਾਰ ਸਪੇਨ ਵਿਚ ਰਹਿੰਦਾ ਜੋ ਕਿ ਘੁੰਮਣ ਲਈ ਹਿਮਾਚਲ ਆਇਆ ਹੋਇਆ ਸੀ।
ਇਸ ਦੌਰਾਨ NRI ਮਹਿਲਾ ਨੇ ਦੱਸਿਆ ਸੀ ਕਿ ਉਹ ਤੇ ਉਸ ਦਾ ਪਤੀ ਅਤੇ ਉਸ ਦਾ ਦਿਓਰ ਹਿਮਾਚਲ ਘੁੰਮਣ ਗਏ ਸਨ ਜਿੱਥੇ ਪਾਰਕਿੰਗ ਨੂੰ ਲੈ ਕੇ ਠੇਕੇਦਾਰ ਨਾਲ ਉਸ ਦੇ ਪਤੀ ਤੇ ਦਿਓਰ ਦੀ ਬਹਿਸਬਾਜ਼ੀ ਹੋ ਗਈ ਤੇ ਉਨ੍ਹਾਂ ਤੇ ਹਮਲਾ ਕਰ ਦਿੱਤਾ ਗਿਆ। ਉਸ ਨੇ ਦੱਸਿਆ ਠੇਕੇਦਾਰ ਨੇ ਉਹਨਾਂ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਜਿਸ ਦੇ ਚੱਲਦਿਆਂ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ।
ਔਰਤ ਵਲੋਂ ਲੜਾਈ ਝਗੜੇ ਦੀ ਵੀਡੀਓ ਵੀ ਬਣਾਈ ਗਈ ਸੀ ਪਰ ਹਿਮਾਚਲ ਦੀ ਪੁਲਿਸ ਨੇ ਇਹ ਵੀਡੀਓ ਡਿਲੀਟ ਕਰਵਾ ਦਿੱਤੀ। ਔਰਤ ਨੇ ਕਿਹਾ ਸੀ ਕਿ ਪੁਲਿਸ ਦੇ ਦਖਲ ਦੇਣ ਮਗਰੋਂ ਉਹਨਾਂ ਦਾ ਬਚਾਅ ਹੋਇਆ ਪਰ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ ਜਿਸ ਦੇ ਚਲਦਿਆਂ ਉਸ ਨੇ ਆਪਣੇ ਪਤੀ ਤੇ ਆਪਣੇ ਦੇਵਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ। ਹੁਣ NRI ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ।