ਅੰਮ੍ਰਿਤਸਰ: ਪੰਜਾਬ ਦੇ ਨੌਜਵਾਨ ਹੁਣ ਮਾਂ-ਬੋਲੀ ਪੰਜਾਬੀ ਵਿੱਚ ਹੀ ਇੰਜੀਨੀਅਰਿੰਗ ਗੀ ਪੜ੍ਹਾਈ ਕਰ ਸਕਣਗੇ। ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵਿਗਿਆਨ ਅਤੇ ਤਕਨੀਕੀ ਸ਼ਬਦਾਵਲੀ ਕਮਿਸ਼ਨ, ਨਵੀਂ ਦਿੱਲੀ ਦੇ ਸਹਿਯੋਗ ਨਾਲ ਇੰਜੀਨੀਅਰਿੰਗ ਵਿਸ਼ਿਆਂ ਦੇ ਤਕਨੀਕੀ ਸ਼ਬਦਾਂ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ, ਤਾਂ ਜੋ ਅੰਗਰੇਜ਼ੀ ਦੇ ਨਾਲ-ਨਾਲ ਵਿਦਿਆਰਥੀ ਇਨ੍ਹਾਂ ਦੇ ਪੰਜਾਬੀ ਵਿੱਚ ਵੀ ਅਰਥ ਸਮਝ ਸਕਣ। ਹਾਲਾਂਕਿ ਇਹ ਪੂਰੀ ਤਰ੍ਹਾਂ ਵਿਕਲਪਿਕ ਹੋਵੇਗਾ, ਯਾਨੀ ਵਿਦਿਆਰਥੀ ਆਪਣੀ ਭਾਸ਼ਾ ਚੁਣ ਸਕਦਾ ਹੈ।
ਇਸ ਸਬੰਧੀ ਸਕੂਲ ਆਫ਼ ਪੰਜਾਬੀ ਸਟੱਡੀਜ਼ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਵਿਗਿਆਨ ਵਰਗੇ ਵਿਸ਼ਿਆਂ ਨੂੰ ਪੰਜਾਬੀ ਵਿੱਚ ਪੜ੍ਹਾਉਣ ਦੀ ਕੋਸ਼ਿਸ਼ ਵਿਚ ਇਨ੍ਹਾਂ ਸ਼ਬਦਾਂ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਗਿਆ ਹੈ, ਕਿਉਂਕਿ ਕੋਈ ਵੀ ਵਿਸ਼ਾ ਆਪਣੀ ਭਾਸ਼ਾ ਵਿੱਚ ਹੀ ਸਮਝਿਆ ਜਾ ਸਕਦਾ ਹੈ। ਇਸ ਦੀਆਂ ਉਦਾਹਰਣਾਂ ਦੁਨੀਆਂ ਦੇ ਕਈ ਦੇਸ਼ਾਂ ਜਿਵੇਂ ਜਾਪਾਨ, ਚੀਨ, ਰੂਸ ਅਤੇ ਫਰਾਂਸ ਆਦਿ ਵਿੱਚ ਮਿਲਦੀਆਂ ਹਨ। ਇਹ ਸਾਰੇ ਦੇਸ਼ ਆਪਣੇ ਨੌਜਵਾਨਾਂ ਨੂੰ ਆਪਣੀ ਮਾਤ ਭਾਸ਼ਾ ਵਿੱਚ ਹੀ ਸਿੱਖਿਆ ਦਿੰਦੇ ਹਨ।
ਉਨ੍ਹਾਂ ਕਿਹਾ ਕਿ ਇਸ ਵਰਕਸ਼ਾਪ ਰਾਹੀਂ ਅਸੀਂ ਪਹਿਲੀ ਵਾਰ ਵਿਗਿਆਨ ਵਰਗੇ ਵਿਸ਼ੇ ਅੰਗਰੇਜ਼ੀ ਦੀ ਥਾਂ ਪੰਜਾਬੀ ਵਿੱਚ ਪੜ੍ਹਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਵਿਦਿਆਰਥੀ ਆਪਣੀ ਮਾਤ-ਭਾਸ਼ਾ ਵਿੱਚ ਬਿਹਤਰ ਸਿੱਖਿਆ ਪ੍ਰਾਪਤ ਕਰ ਸਕਦੇ ਹਨ। ਜੇ ਕਿਸੇ ਵੀ ਤਰ੍ਹਾਂ ਦਾ ਗਿਆਨ ਮਾਤ-ਭਾਸ਼ਾ ਵਿੱਚ ਸਮਝਾਇਆ ਜਾਵੇ ਤਾਂ ਉਸ ਨੂੰ ਆਸਾਨੀ ਨਾਲ ਗ੍ਰਹਿਣ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ 50 ਹਜ਼ਾਰ ਤਕਨੀਕੀ ਸ਼ਬਦਾਂ ਦਾ ਅਨੁਵਾਦ ਕੀਤਾ ਗਿਆ ਹੈ।
ਡਾ. ਮਨਜਿੰਦਰ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਇੱਕ-ਦੋ ਸਾਲਾਂ ਵਿੱਚ ਪੰਜਾਬੀ ਵਿੱਚ ਪੜ੍ਹਾਈ ਸ਼ੁਰੂ ਹੋ ਜਾਵੇਗੀ। ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਲਈ ਵਿਕਲਪ ਹੋਣਗੇ। ਪਹਿਲੀ ਕੋਸ਼ਿਸ਼ ਹੈ ਕਿ ਇੰਜਨੀਅਰਿੰਗ ਦੀ ਦਾਖ਼ਲਾ ਪ੍ਰੀਖਿਆ ਪੰਜਾਬੀ ਵਿੱਚ ਸ਼ੁਰੂ ਕੀਤੀ ਜਾਵੇ, ਤਾਂ ਜੋ ਦਾਖ਼ਲਾ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।