‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੱਲ੍ਹ ਰੋਪੜ ਜ਼ਿਲ੍ਹੇ ਵਿੱਚ ਵਾਪਰੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ।
ਦਰਅਸਲ, ਕੱਲ੍ਹ ਰੋਪੜ ਜ਼ਿਲ੍ਹੇ ਵਿੱਚ ਬਾਬਾ ਗਾਜ਼ੀਦਾਸ ਕਲੱਬ ਬਣਿਆ ਹੋਇਆ ਹੈ, ਜਿਸਦਾ ਪ੍ਰਧਾਨ ਦਵਿੰਦਰ ਸਿੰਘ ਬਾਜਵਾ ਹੈ। ਬਾਜਵਾ ਨੇ ਕੱਲ੍ਹ ਗੁਰਦੁਆਰਾ ਸਾਹਿਬ ਦੇ ਬਾਹਰ ਵਿਹੜੇ ਵਿੱਚ ਕਿਸੇ ਪ੍ਰੋਗਰਾਮ ਮੌਕੇ ਉੱਥੇ ਸਮਾਗਮ ਕਰਵਾ ਕੇ ਨੱਚਣ ਵਾਲੀਆਂ ਬੀਬੀਆਂ ਤੋਂ ਨਾਚ ਕਰਵਾਏ, ਆਪ ਵੀ ਨਾਲ ਨੱਚੇ ਅਤੇ ਸਾਰਾ ਦਿਨ ਇਹ ਪ੍ਰੋਗਰਾਮ ਚੱਲਦਾ ਰਿਹਾ।
ਇਸ ਗੱਲ ਦਾ ਬਹੁਤ ਦੁੱਖ ਹੋਇਆ ਹੈ ਅਤੇ ਇਸ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਨ੍ਹਾਂ ‘ਤੇ ਪਰਚੇ ਦਰਜ ਕਰਵਾਏ ਜਾਣਗੇ। ਅਸੀਂ ਰੋਪੜ ਦੇ ਐੱਸਐੱਸਪੀ ਨੂੰ ਦਰਖ਼ਾਸਤ ਦੇਵਾਂਗੇ।
ਬੀਬੀ ਜਗੀਰ ਕੌਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕਰਦਿਆਂ ਕਿਹਾ ਕਿ ਇਨ੍ਹਾਂ ‘ਤੇ ਕਰੜੀ ਤੋਂ ਕਰੜੀ ਕਾਰਵਾਈ ਕੀਤੀ ਜਾਵੇ। ਬੀਬੀ ਜਗੀਰ ਕੌਰ ਨੇ ਇਸ ਘਟਨਾ ਨੂੰ ਮੱਸੇ ਰੰਘੜ ਵੇਲੇ ਦੀ ਘਟਨਾ ਦੇ ਨਾਲ ਕਰਾਰ ਦਿੱਤਾ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਾਬਾ ਗਾਜ਼ੀਦਾਸ ਕਲੱਬ (ਮਾਜਰਾ ਰੋਡ, ਰੋਪੜ) ਦੇ ਪ੍ਰਧਾਨ ਦਵਿੰਦਰ ਸਿੰਘ ਵੱਲੋਂ ਮਰਯਾਦਾ ਦੀ ਉਲੰਘਣਾ ਕਰਨ ‘ਤੇ ਉਸਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।
ਜਥੇਦਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੁਰੰਤ ਸਪੈਸ਼ਲ ਟੀਮ ਭੇਜ ਕੇ ਇਸ ਮਾਮਲੇ ਦੀ ਪੜਤਾਲ ਕਰਵਾ ਕੇ ਤਿੰਨ ਦਿਨਾਂ ਦੇ ਅੰਦਰ-ਅੰਦਰ ਰਿਪੋਰਟ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜਣ ਦੇ ਨਿਰਦੇਸ਼ ਦਿੱਤੇ ਹਨ। ਜਥੇਦਾਰ ਨੇ ਕਿਹਾ ਕਿ ਰਿਪੋਰਟ ਆਉਣ ‘ਤੇ ਦੋਸ਼ੀ ਵਿਅਕਤੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।