ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੋਹਾਲੀ ਵਿੱਚ 21 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਸਿਟੀ ਸਰਵੀਲੈਂਸ ਸਿਸਟਮ ਅਤੇ ਟ੍ਰੈਫਿਕ ਮੈਨੇਜਮੈਂਟ ਸਿਸਟਮ (ਫੇਜ਼-1) ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਬਾਅਦ ਹੁਣ ਮੋਹਾਲੀ ਵਿੱਚ ਵੀ ਲੋਕਾਂ ਦੇ ਈ-ਚਲਾਨ ਹੋਣਗੇ। ਜੇਕਰ ਤੁਸੀਂ ਟ੍ਰੈਫਿਕ ਨਿਯਮ ਤੋੜਦੇ ਹੋ, ਤਾਂ ਤੁਹਾਡੀ ਫੋਟੋ ਚਲਾਨ ਵਿੱਚ ਤੁਹਾਡੇ ਘਰ ਵੀ ਪਹੁੰਚ ਜਾਵੇਗੀ। ਮਾਨ ਨੇ ਦੱਸਿਆ ਕਿ ਇਹ ਸਾਰੇ ਕੈਮਰੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨਾਲ ਲੈਸ ਹਨ।
ਇਸੇ ਤਰਜ਼ ‘ਤੇ, ਹੁਣ ਪਟਿਆਲਾ, ਫਤਿਹਗੜ੍ਹ ਸਾਹਿਬ, ਰੋਪੜ ਅਤੇ ਲੁਧਿਆਣਾ ਵਿੱਚ ਵੀ ਨਿਗਰਾਨੀ ਪ੍ਰਣਾਲੀ ਲਗਾਈ ਜਾਵੇਗੀ। ਮੁੱਖ ਮੰਤਰੀ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਰਿਸ਼ਤੇਦਾਰਾਂ ਨੂੰ ਸੂਚਿਤ ਕਰਨ ਕਿ ਹੁਣ ਮੋਹਾਲੀ ਵਿੱਚ ਕੈਮਰਿਆਂ ਰਾਹੀਂ ਚਲਾਨ ਜਾਰੀ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ, ਆਪਣੇ ਆਪ ਨੂੰ ਵੀ ਯਾਦ ਰੱਖੋ।
ਉਨ੍ਹਾਂ ਸਪੱਸ਼ਟ ਕੀਤਾ ਕਿ ਕੈਮਰੇ ਲਗਾਉਣ ਦਾ ਉਦੇਸ਼ ਸਿਰਫ਼ ਚਲਾਨ ਜਾਰੀ ਕਰਨਾ ਜਾਂ ਮਾਲੀਆ ਵਧਾਉਣਾ ਨਹੀਂ ਹੈ, ਸਗੋਂ ਤੁਹਾਡੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਕੈਮਰੇ ਲੱਗਣ ਤੋਂ ਬਾਅਦ, ਇੱਕ ਹਫ਼ਤੇ ਵਿੱਚ 34 ਲੱਖ ਵਾਹਨ ਮੋਹਾਲੀ ਵਿੱਚ ਦਾਖਲ ਹੋਏ। ਇਸ ਵਿੱਚ 2.14 ਲੱਖ ਲੋਕਾਂ ਨੇ ਨਿਯਮਾਂ ਨੂੰ ਤੋੜਿਆ ਹੈ। ਪੁਲਿਸ ਹੁਣ ਕਿਸਨੂੰ ਚਲਾਨ ਭੇਜੇਗੀ।
ਉਨ੍ਹਾਂ ਕਿਹਾ ਕਿ ਅੱਜ ਤੋਂ ਪੰਜਾਬ ਵਿਚ ਆਨਲਾਈਨ ਚਲਾਨ ਕੱਟੇ ਜਾਣਗੇ। ਹੁਣ AI ਨਾਲ ਲਿੰਕ 19 ਪੁਆਇੰਟਾਂ ’ਤੇ ਕੁੱਲ 351 ਕੈਮਰੇ ਲਗਾਏ ਜਾਣਗੇ। ਇਹ ਨਿਯਮ ਪੈਸੇ ਕਮਾਉਣ ਲਈ ਨਹੀਂ ਤੁਹਾਡੀ ਜ਼ਿੰਦਗੀ ਬਚਾਉਣ ਲਈ ਬਣਾਏ ਗਏ ਹਨ। ਜਾਨ ਮਾਲ ਦੀ ਰੱਖਿਆ ਕਰਨਾ ਸਰਕਾਰ ਦਾ ਕੰਮ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁਧ ਛੇੜਿਆ ਯੁੱਧ ਕੋਈ ਇਕ ਦਿਨ ਦਾ ਫ਼ੈਸਲਾ ਨਹੀਂ ਸੀ ਇਸ ਨੂੰ ਸ਼ੁਰੂ ਕਰਨ ਲਈ ਬਹੁਤ ਸਾਰੀਆਂ ਮੀਟਿੰਗਾਂ ਕੀਤੀਆਂ ਗਈਆਂ।
ਸੀਐਮ ਨੇ ਕਿਹਾ ਕਿ ਜਿਹੜੇ ਲੋਕ ਨਸ਼ਿਆਂ ਦੀ ਦਲਦਲ ਵਿਚ ਫਸ ਗਏ ਉਨ੍ਹਾਂ ਦਾ ਇਲਾਜ ਕਰ ਕੇ ਉਨ੍ਹਾਂ ਨੂੰ ਕੰਮ ਦੇਵਾਂਗੇ।
ਉਨ੍ਹਾਂ ਇਹ ਵੀ ਕਿਹਾ ਕਿ ਨਸ਼ੇ ਦੇ ਦਲਦਲ ਵਿਚ ਫਸੇ ਇਨ੍ਹਾਂ ਭੋਲੇਭਾਲੇ ਨੌਜਵਾਨਾਂ ਦਾ ਕੋਈ ਕਸੂਰ ਨਹੀਂ ਸੀ ਬਲਕਿ ਉਨ੍ਹਾਂ ਨੇ ਰੁਜ਼ਗਾਰ ਨਾ ਮਿਲਣ ਕਾਰਨ ਵਧੀ ਬੇਚੈਨੀ ਕਾਰਨ ਇਸ ਰਸਤੇ ਨੂੰ ਅਪਣਾ ਲਿਆ। ਤੇ ਕੁੱਝ ਮਾੜੇ ਲੋਕਾਂ ਨੇ ਇਸ ਦਾ ਫ਼ਾਇਦਾ ਉਠਾ ਕੇ ਉਨ੍ਹਾਂ ਨੂੰ ਹੋਰ ਵੀ ਡੂੰਘੀ ਖੱਡ ਵਿਚ ਧੱਕ ਦਿੱਤਾ।
ਸੀਐਮ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਨਾਲ ਸਹਿਯੋਗ ਕਰਨ ਤੇ ਦੱਸਣ ਕਿ ਉਨ੍ਹਾਂ ਦੇ ਪਿੰਡ ਵਿਚ ਕੌਣ-ਕੌਣ ਨਸ਼ਾ ਵੇਚਦਾ ਹੈ ਤੇ ਉਨ੍ਹਾਂ ਦੇ ਨਾਮ ਗੁਪਤ ਰੱਖੇ ਜਾਣਗੇ।
ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿਚ ਨਸ਼ਾ ਤਸਕਰਾਂ ਖ਼ਿਲਾਫ਼ ਬੁਲਡੋਜ਼ਰ ਐਕਸ਼ਨ ਜਾਰੀ ਹੈ ਤੇ ਨਸ਼ਿਆਂ ਦੀ ਕਾਲੀ ਕਮਾਈ ਨਾਲ ਬਣਾਈਆਂ ਬਿਲਡਿੰਗਾਂ ਤੇ ਕੋਠੀਆਂ ਨੂੰ ਸਰਕਾਰ ਆਪਣੇ ਕਬਜ਼ੇ ਵਿਚ ਲਵੇਗੀ।