‘ਦ ਖ਼ਾਲਸ ਬਿਊਰੋ : ਪੰਜਾਬ ਮੰਤਰੀ ਮੰਡਲ ਨੇ ਪੰਜਾਬ ਦੇ ਲੋਕਾਂ ਨੂੰ ਦਿੱਤੀ ਗਈ ਸਭ ਤੋਂ ਵੱਡੀ ਮੁਫ਼ਤ ਬਿਜਲੀ ਗਾਰੰਟੀ ਦੇ ਫੈਸਲੇ ‘ਤੇ ਮੋਹਰ ਲਗਾ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਹਰ ਬਿੱਲ ‘ਤੇ 600 ਯੂਨਿਟ ਮੁਫ਼ਤ ਬਿਜਲੀ ਮਿਲੇਗੀ। ਅਸੀਂ ਪੰਜਾਬ-ਪੰਜਾਬੀਆਂ ਨਾਲ ਕੀਤਾ ਹਰ ਵਾਅਦਾ ਪੂਰਾ ਕਰਾਂਗੇ।
ਉਨ੍ਹਾਂ ਨੇ ਕਿਹਾ ਕਿ ਬਗੈਰ ਸ਼ਰਤ ਸਭ ਨੂੰ 600 ਯੂਨਿਟ ਮੁਫ਼ਤ ਬਿਜਲੀ ਮਿਲੇਗੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕਿੱਲੋਵਾਟ ਦੀ ਸ਼ਰਤ ਲਾਈ ਗਈ ਸੀ ਪਰ ਹੁਣ ਇਹ ਸ਼ਰਤ ਅੜਿੱਕਾ ਨਹੀਂ ਬਣੇਗੀ। ਮਾਨ ਨੇ ਕਿਹਾ ਹੈ ਕਿ ਹੁਣ ਕਿਲੋਵਾਟ ਦੀ ਕੋਈ ਸ਼ਰਤ ਨਹੀਂ ਹੈ। ਪ੍ਰਤੀ ਮਹੀਨਾ 300 ਯੂਨਿਟ ਤੇ ਹਰ ਬਿੱਲ (ਦੋ ਮਹੀਨਿਆਂ ਬਾਅਦ) ਉਤੇ 600 ਯੂਨਿਟ ਮੁਫਤ ਬਿਜਲੀ ਮਿਲੇਗੀ। ਪਹਿਲਾਂ ਸ਼ਰਤ ਸੀ ਕਿ ਇਕ ਕਿਲੋਵਾਟ ਵਾਲੇ ਮੀਟਰ ਉੱਤੇ ਰਾਹਤ ਮਿਲੇਗੀ। ਪਰ ਹੁਣ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਅਜਿਹੀ ਕੋਈ ਸ਼ਰਤ ਨਹੀਂ ਹੋਵੇਗੀ।
ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਹਰ ਮਹੀਨੇ 300 ਯੂਨਿਟ ਬਿਜਲੀ ਮੁਫਤ ਦੇਣ ਦਾ ਵਾਅਦਾ ਕੀਤਾ ਸੀ, ਜਿਸ ਨੂੰ ਇੱਕ ਜੁਲਾਈ ਤੋਂ ਲਾਗੂ ਕੀਤਾ ਜਾ ਚੁੱਕਾ ਹੈ। ਹਾਲਾਂਕਿ ਪੰਜਾਬ ਵਿਚ ਬਿੱਲ 2 ਮਹੀਨੇ ਬਾਅਦ ਬਣਦਾ ਹੈ, ਇਸ ਲਈ ਇੱਕ ਬਿੱਲ ਵਿੱਚ 2 ਮਹੀਨੇ ਦੇ ਹਿਸਾਬ ਨਾਲ 600 ਯੂਨਿਟ ਮੁਫਤ ਬਿਜਲੀ ਦਿੱਤੀ ਜਾਏਗੀ।
ਮੁਫਤ ਬਿਜਲੀ ਲਈ ਸ਼ਰਤਾਂ ਵੀ ਲਗਾਈਆਂ ਗਈਆਂ ਸਨ। ਜਨਰਲ ਕੈਟਾਗਰੀ ਨੂੰ 2 ਮਹੀਨੇ ਵਿੱਚ 600 ਯੂਨਿਟ ਮੁਫਤ ਬਿਜਲੀ ਮਿਲੇਗੀ। ਜੇ ਇੱਕ ਯੂਨਿਟ ਵੱਧ ਬਿੱਲ ਹੋਇਆ ਤਾਂ ਪੂਰਾ ਬਿੱਲ ਚੁਕਾਉਣਾ ਪਏਗਾ। ਇੱਕ ਕਿਲੋਵਾਟ ਕੁਨੈਕਸ਼ਨ ਤੱਕ SC ਕੈਟਾਗਰੀ ਨੂੰ 600 ਯੂਨਿਟ ਬਿਜਲੀ ਪੂਰੀ ਤਰ੍ਹਾਂ ਮੁਫਤ ਰਹੇਗੀ। ਉਹ ਜ਼ਿਆਦਾ ਖਰਚ ਕਰਨਗੇ ਤਾਂ ਉਨ੍ਹਾਂ ਨੂੰ ਉਸ ਵਾਧੂ ਯੂਨਿਟ ਦਾ ਬਿੱਲ ਭੁਗਤਾਉਣ ਹੀ ਕਰਨਾ ਪਵੇਗਾ। ਇੱਕ ਕਿਲੋਵਾਟ ਤੋਂ ਵੱਧ ਕਨੈਕਸ਼ਨ ਵਾਲੇ SC ਕੈਟਾਗਰੀ ਨੂੰ 600 ਯੂਨਿਟ ਤੋਂ ਵੱਧ ਖਰਚ ਹੋਣ ‘ਤੇ ਪੂਰਾ ਬਿੱਲ ਭੁਗਤਾਉਣਾ ਪਏਗਾ। ਜੇ ਇਨਕਮ ਟੈਕਸ ਭਰਦੇ ਹੋ ਤਾਂ 600 ਯੂਨਿਟ ਤੋਂ ਵੱਧ ਬਿਜਲੀ ਖਰਚ ਹੋਈ ਤਾਂ ਪੂਰਾ ਬਿੱਲ ਚੁਕਾਉਣਾ ਪਏਗਾ।