Punjab

ਹੁਣ ਨਿਰਧਾਰਿਤ ਢਾਬਿਆਂ ’ਤੇ ਹੀ ਰੁਕਣਗੀਆਂ PRTC ਦੀਆਂ ਬੱਸਾਂ, ਮੈਨੇਜਮੈਂਟ ਨੇ ਜਾਰੀ ਕੀਤੀ ਹੋਟਲਾਂ ਤੇ ਢਾਬਿਆਂ ਦੀ ਸੂਚੀ…

Now PRTC buses will stop at designated dhabas only, management has released the list of hotels and dhabas

ਚੰਡੀਗੜ੍ਹ : ਪੀਆਰਟੀਸੀ (PRTC) ਵੱਲੋਂ ਦਿੱਲੀ ਅਤੇ ਅੰਬਾਲਾ ਸਾਈਡ ਚੱਲ ਰਹੀਆਂ ਆਪਣੀਆਂ ਬੱਸਾਂ ਲਈ ਸਵਾਰੀਆਂ ਦੇ ਖਾਣ-ਪੀਣ ਲਈ ਹੋਟਲ ਅਤੇ ਢਾਬੇ ਤੈਅ ਕੀਤੇ ਗਏ ਹਨ। ਦਿੱਲੀ ਜਾਣ ਵਾਲੀ ਕਿਸੇ ਵੀ ਬੱਸ ਦਾ ਡਰਾਈਵਰ ਇਨ੍ਹਾਂ ਤੈਅ ਕੀਤੇ ਹੋਟਲਾਂ ਤੋਂ ਬਗੈਰ ਕਿਸੇ ਵੀ ਹੋਟਲ ਜਾਂ ਢਾਬੇ ’ਤੇ ਬੱਸ ਨਹੀਂ ਰੋਕ ਸਕੇਗਾ। ਇਨ੍ਹਾਂ ਹੋਟਲਾਂ ਤੋਂ ਪੀਆਰਟੀਸੀ ਨੂੰ ਹਰ ਗੇੜਾ ਦੀ ਆਮਦਨ ਵੀ ਹਾਸਲ ਹੋਵੇਗੀ।

ਪੀਆਰਟੀਸੀ ਨੇ ਦਿੱਲੀ ਤੇ ਅੰਬਾਲਾ ਰੂਟ ’ਤੇ ਚੱਲ ਰਹੀਆਂ ਬੱਸਾਂ ਲਈ ਹੋਟਲਾਂ ਤੇ ਢਾਬਿਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਦਿੱਲੀ ਜਾਣ ਵਾਲੀ ਕਿਸੇ ਵੀ ਬੱਸ ਦਾ ਡਰਾਈਵਰ ਇਨ੍ਹਾਂ ਨਿਰਧਾਰਿਤ ਕੀਤੇ ਗਏ ਹੋਟਲਾਂ ਤੋਂ ਬਗੈਰ ਕਿਸੇ ਹੋਰ ਹੋਟਲ ਜਾਂ ਢਾਬੇ ’ਤੇ ਬੱਸ ਨਹੀਂ ਰੋਕ ਸਕੇਗਾ।

ਇਹ ਫ਼ੈਸਲਾ ਪੀਆਰਟੀਸੀ ਮੈਨੇਜਮੈਂਟ ਨੇ ਰੈਵੀਨਿਊ ਵਧਾਉਣ ਦੇ ਮਕਸਦ ਨਾਲ ਲਿਆ ਹੈ। ਹਰ ਵਾਰ ਰੁਕਣ ’ਤੇ ਹੋਟਲ ਜਾਂ ਢਾਬੇ ਵਾਲੇ ਪੀਆਰਟੀਸੀ ਨੂੰ 100 ਰੁਪਏ ਤੋਂ ਲੈ ਕੇ 225 ਰੁਪਏ ਅਦਾ ਕਰਨਗੇ। ਇਸ ਨਾਲ ਹਰ ਮਹੀਨੇ ਪੀਆਰਟੀਸੀ ਨੂੰ ਚਾਰ ਤੋਂ ਪੰਜ ਲੱਖ ਰੁਪਏ ਦੀ ਆਮਦਨ ਹੋਵੇਗੀ। ਇਸ ਦੇ ਨਾਲ ਹੀ ਜੇ ਬੱਸ ਕਿਸੇ ਹੋਰ ਢਾਬੇ ਜਾਂ ਹੋਟਲ ’ਤੇ ਰੁਕੀ ਤਾਂ ਡਰਾਈਵਰ ਜਾਂ ਕੰਡਕਟਰ ਨੂੰ ਹੀ ਜੁਰਮਾਨਾ ਲਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਦੋਵਾਂ ਵਿਰੁੱਧ ਵਿਭਾਗੀ ਕਾਰਵਾਈ ਤੱਕ ਕਰ ਦਿੱਤੀ ਜਾਵੇਗੀ।

ਜਾਣਕਾਰੀ ਅਨੁਸਾਰ ਪੀਆਰਟੀਸੀ ਦੀ ਦਿੱਲੀ ਏਅਰਪੋਰਟ ਵੱਲ ਸਾਧਾਰਨ, ਐੱਚਵੀਏਸੀ ਤੇ ਇੰਟੈਗਰਲ ਕੋਚ ਬੱਸਾਂ ਚੱਲ ਰਹੀਆਂ ਹਨ। ਸਵਾਰੀਆਂ ਨੂੰ ਸਹੂਲਤਾਂ ਮੁਹਈਆ ਕਰਵਾਉਣ ਲਈ ਪੀਆਰਟੀਸੀ ਮੈਨੇਜਮੈਂਟ ਵੱਲੋਂ ਵੱਖ-ਵੱਖ ਹੋਟਲਾਂ ਤੇ ਢਾਬਿਆਂ ਨਾਲ ਕਰਾਰ ਕੀਤਾ ਗਿਆ ਹੈ ਜਿਸ ’ਚ ਕਿਹਾ ਗਿਆ ਹੈ ਕਿ ਉਨ੍ਹਾਂ ਦੀਆਂ ਬੱਸਾਂ ਉਕਤ ਹੋਟਲਾਂ ਜਾਂ ਢਾਬਿਆਂ ’ਤੇ ਹੀ ਰੁਕਣਗੀਆਂ ਤਾਂ ਜੋ ਸਵਾਰੀਆਂ ਖਾਣ-ਪੀਣ ਸਮੇਤ ਹੋਰ ਸਹੂਲਤਾਂ ਪ੍ਰਾਪਤ ਕਰ ਸਕਣ।

ਪੀਆਰਟੀਸੀ ਦੀਆਂ ਇਨ੍ਹਾਂ ਸਧਾਰਨ ਬੱਸਾਂ ਲਈ ਜੰਨਤ ਹਵੇਲੀ ਨਾਲ ਕਰਾਰ ਕੀਤਾ ਗਿਆ ਹੈ ਅਤੇ ਇਹ ਬੱਸਾਂ ਇੱਥੇ ਹੀ ਰੁਕਣਗੀਆਂ ਜਦਕਿ ਹਵੇਲੀ ਵੱਲੋਂ ਪੀਆਰਟੀਸੀ ਨੂੰ ਹਰ ਚੱਕਰ ਲਈ 100 ਰੁਪਏ ਅਦਾ ਕੀਤੇ ਜਾਣਗੇ। ਇਸ ਤੋਂ ਇਲਾਵਾ ਐੱਚਵੀਏਸੀ ਤੇ ਇੰਟੈਗਰਲ ਕੋਚ ਲਈ ਈਗਲ ਮੋਟਲ ਰਾਜਪੁਰਾ, 70 ਮਾਈਲ ਸਟੋਨ ਪਾਨੀਪਤ, ਮੁਰਥਲ ਸਮਾਲਖਾਂ ਤੈਅ ਕੀਤੇ ਗਏ ਹਨ। ਇਹ ਹੋਟਲ ਐੱਚਵੀਏਸੀ ਬੱਸ ਦੇ ਹਰ ਚੱਕਰ ਲਈ 160 ਤੇ ਇੰਟੈਗਰਲ ਕੋਚ ਬੱਸਾਂ ਲਈ 225 ਰੁਪਏ ਪੀਆਰਟੀਸੀ ਨੂੰ ਅਦਾ ਕਰਨਗੇ।

ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਇਹ ਕਦਮ ਯਾਤਰੀਆਂ ਦੀ ਸਹੂਲਤ ਲਈ ਚੁੱਕਿਆ ਗਿਆ ਹੈ। ਇਸ ਤੋਂ ਪਹਿਲਾਂ ਕਾਫ਼ੀ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਬੱਸਾਂ ਅਜਿਹੇ ਢਾਬਿਆਂ ’ਤੇ ਰੋਕੀਆਂ ਜਾ ਰਹੀਆਂ ਹਨ ਜਿਨ੍ਹਾਂ ਦੀ ਕੋਈ ਰੈਪੂਟੇਸ਼ਨ ਨਹੀਂ ਹੈ। ਇਸ ਤੋਂ ਇਲਾਵਾ ਇਨ੍ਹਾਂ ਢਾਬਿਆਂ ’ਤੇ ਖਾਣ-ਪੀਟਣ ਲਈ ਵੀ ਕੋਈ ਬਿਹਤਰ ਸਹੂਲਤਾਂ ਨਹੀਂ ਸਨ ਜਿਸ ਕਾਰਨ ਢਾਬਿਆਂ ਦੇ ਖਾਣੇ ਦੀ ਕੁਆਲਿਟੀ ਚੈੱਕ ਕਰਨ ਉਪਰੰਤ ਟੈਂਡਰ ਜਾਰੀ ਕਰ ਕੇ ਇਨ੍ਹਾਂ ਢਾਬਿਆਂ ਤੇ ਹੋਟਲਾਂ ਦੀ ਚੋਣ ਕੀਤੀ ਗਈ ਹੈ। ਜੇ ਇਨ੍ਹਾਂ ਹੋਟਲਾਂ ਸਬੰਧੀ ਵੀ ਖਾਣ-ਪੀਣ ਸਬੰਧੀ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪੀਆਰਟੀਸੀ ਦੀ ਹਰ ਮਹੀਨੇ ਚਾਰ ਤੋਂ ਪੰਜ ਲੱਖ ਰੁਪਏ ਦੀ ਆਮਦਨ ਵੀ ਵਧੇਗੀ।