‘ਦ ਖ਼ਾਲਸ ਬਿਊਰੋ :- ਕਰਨਾਟਕ ਸੂਬੇ ਦੇ ਟਰਾਂਸਪੋਰਟ ਵਿਭਾਗ ਨੇ ਦੋਪਹੀਆ ਵਾਹਨ ਚਾਲਕਾਂ ਸਬੰਧੀ ਨਵੇਂ ਨਿਯਮ ਤਿਆਰ ਕੀਤੇ ਹਨ। ਜਿਸ ਦੇ ਤਹਿਰ ਹੁਣ ਮੋਟਰਸਾਈਕਲ, ਸਕੂਟੀ ਚਲਾਉਂਦੇ ਵੇਲੇ ਜਾਂ ਪਿੱਛੇ ਬੈਠਣ ਸਮੇਂ ਹੈਲਮੇਟ ਪਾਉਣਾ ਲਾਜ਼ਮੀ ਹੋਵੇਗਾ।
ਟਰਾਂਸਪੋਰਟ ਵਿਭਾਗ ਵੱਲੋਂ ਬਣਾਏ ਗਏ ਨਵੇਂ ਨਿਯਮਾਂ ਮੁਤਾਬਕ, 4 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਦੋ ਪਹੀਆ ਵਾਹਨ ‘ਤੇ ਹੈਲਮੇਟ ਪਹਿਨਣਾ ਲਾਜ਼ਮੀ ਬਣਾਇਆ ਗਿਆ ਹੈ। ਨਿਯਮਾਂ ਨੂੰ ਤੋੜਨ ‘ਤੇ ਸੂਬਾ ਸਰਕਾਰ ਨੇ ਡਰਾਈਵਿੰਗ ਲਾਇਸੈਂਸ ਨੂੰ 3 ਮਹੀਨੇ ਲਈ ਰੱਦ ਕਰਨ ਤੇ ਅਜਿਹੇ ਕੇਸ ਵਿੱਚ ਜੁਰਮਾਨਾ ਕਰਨ ਦੀ ਵਿਵਸਥਾ ਕੀਤੀ ਹੈ।
ਮੋਟਰ ਵਹੀਕਲਜ਼ (ਸੋਧ) ਐਕਟ 2019 ਮੁਤਾਬਕ ਬਗੈਰ ਹੈਲਮੇਟ ਦੋਪਹੀਆ ਵਾਹਨ ਚਲਾਉਣ ‘ਤੇ 1000 ਰੁਪਏ ਜੁਰਮਾਨਾ ਤੇ ਲਾਇਸੈਂਸ ਦੀ ਤਿੰਨ ਮਹੀਨੇ ਦੀ ਮੁਅੱਤਲੀ ਹੈ। ਹਾਲਾਂਕਿ, ਭਾਰੀ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਸੂਬਾ ਸਰਕਾਰ ਨੇ ਜ਼ੁਰਮਾਨੇ ਦੀ ਰਕਮ ਨੂੰ 500 ਰੁਪਏ ਕਰ ਦਿੱਤਾ ਹੈ। ਜਦੋਂਕਿ ਤਿੰਨ ਮਹੀਨਿਆਂ ਦੇ ਮੁਅੱਤਲ ਨਿਯਮ ਨੂੰ ਲਾਗੂ ਨਹੀਂ ਕੀਤਾ ਗਿਆ।
ਇਸ ਬਾਰੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਸੁਪਰੀਮ ਕੋਰਟ ਦੀ ਸੜਕ ਸੁਰੱਖਿਆ ਕਮੇਟੀ ਨੇ 14 ਅਕਤੂਬਰ ਨੂੰ ਵੀਡੀਓ ਕਾਨਫਰੰਸ ਕੀਤੀ ਤੇ ਉਲੰਘਣਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਦੀ ਸਿਫਾਰਸ਼ ਕੀਤੀ। ਇਸ ਤੋਂ ਬਾਅਦ ਸੂਬੇ ਵਿੱਚ ਇਸ ਨਿਯਮ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਗਿਆ।