Khetibadi

ਕਿੰਨੂ ਉਤਪਾਦਕਾਂ ਲਈ ਵੱਡੀ ਖ਼ੁਸ਼ਖ਼ਬਰੀ, ਸਰਕਾਰ ਨੇ ਲਿਆ ਫ਼ੈਸਲਾ

Punjab government's new decision Now children will be given kinnow fruit in mid-day meal in schools.

ਚੰਡੀਗੜ੍ਹ  : ਪੰਜਾਬ ਦੇ ਕਿੰਨੂ ਉਤਪਾਦਕਾਂ ਲਈ ਵੱਡੀ ਖ਼ੁਸ਼ਖ਼ਬਰੀ ਆਈ ਹੈ। ਹੁਣ ਸਕੂਲਾਂ ਵਿੱਚ ਮਿੱਡ ਡੇ ਮੀਲ ਵਿੱਚ ਬੱਚਿਆਂ ਨੂੰ ਖਾਣ ਨੂੰ ਕਿੰਨੂ ਦਾ ਫਲ਼ ਦਿੱਤਾ ਜਾਵੇਗਾ। ਖ਼ਾਸ ਗੱਲ ਇਹ ਹੈ ਕਿ ਇਹ ਫਲ਼ ਸਿਰਫ਼ ਪੰਜਾਬ ਦੇ ਕਿੰਨੂ ਉਤਪਾਦਕ ਤੋਂ ਖਰੀਦ ਕੇ ਹੀ ਸਕੂਲਾਂ ਨੂੰ ਦਿੱਤਾ ਜਾਵੇਗਾ। ਇਹ ਸਾਰਾ ਕੰਮ ਪੰਜਾਬ ਐਗਰੋ ਰਾਹੀਂ ਕੀਤਾ ਜਾਣ ਹੈ। ਇਹ ਸਰਕਾਰੀ ਸੰਸਥਾ ਪੰਜਾਬ ਦੇ ਕਿਸਾਨਾਂ ਤੋਂ ਕਿੰਨੂ ਖ਼ਰੀਦ ਕੇ ਜ਼ਿਲਿਆਂ ਵਿੱਚ ਸਿੱਧਾ ਸਕੂਲਾਂ ਵਿੱਚ ਸਪਲਾਈ ਕਰੇਗੀ। ਸਕੂਲਾਂ ਵਿੱਚ ਕਿੰਨੂ ਦੀ ਵੱਡੀ ਖਪਤ ਹੋਏਗੀ ਜਿਸ ਨਾਲ ਪੰਜਾਬ ਦੇ ਕਿਸਾਨਾਂ ਦਾ ਕਿੰਨੂ ਪੰਜਾਬ ਵਿੱਚ ਹੀ ਸਪਲਾਈ ਹੋਵੇਗਾ।

ਸਰਕਾਰ ਦੇ ਇਸ ਫ਼ੈਸਲੇ ਨਾਲ ਮੰਡੀਆਂ ਵਿੱਚ ਰੁਲ ਰਹੇ ਕਿਸਾਨਾਂ ਦੇ ਕਿੰਨੂ ਦਾ ਬੁਰਾ ਹਾਲ ਨਹੀਂ ਹੋਵੇਗਾ। ਦੂਜਾ ਇਹ ਪੰਜਾਬ ਦਾ ਫਲ ਹੈ ਅਤੇ ਇਸ ਦੀ ਖ਼ਰੀਦ ਨਾਲ ਪੰਜਾਬ ਦੀ ਆਰਥਿਕਤਾ ਨੂੰ ਫ਼ਾਇਦਾ ਹੋਵੇਗਾ। ਸਰਕਾਰ ਕੇਲੇ ਦੀ ਥਾਂ ਉੱਤੇ ਕਿੰਨੂ ਖ਼ਰੀਦੇਗੀ ਤਾਂ ਪੰਜਾਬ ਦੇ ਕਿਸਾਨਾਂ ਨੂੰ ਫ਼ਾਇਦਾ ਹੋਵੇਗਾ। ਕਿੰਨੂ ਦੀ ਕਾਸ਼ਤ ਪੰਜਾਬ ਵਿਚ ਵੱਡੇ ਪੈਮਾਨੇ ਤੇ ਹੁੰਦੀ ਹੈ ਅਤੇ ਇਹ ਇੱਕ ਬਹੁਤ ਪੌਸ਼ਟਿਕ ਫਲ਼ ਵੀ ਹੈ। ਇਸ ਵਿੱਚ ਵਿਟਾਮਿਨ ਸੀ ਅਤੇ ਹੋਰ ਜ਼ਰੂਰੀ ਤੱਤ ਪਾਏ ਜਾਂਦੇ ਹਨ। ਇਹ ਸਰਦੀਆਂ ਦੇ ਮੌਸਮ ਵਿੱਚ ਬੱਚਿਆਂ ਲਈ ਇੱਕ ਚੰਗਾ ਸਿਹਤਮੰਦ ਫਲ਼ ਹੈ।

ਜ਼ਿਕਰਯੋਗ ਹੈ ਕਿ ਕਿੰਨੂ ਲਗਾਤਾਰ ਭਾਅ ਡਿੱਗਣ ਕਾਰਨ ਖ਼ਰਚੇ ਵੀ ਪੂਰੇ ਨਾ ਹੋਣ ਕਾਰਨ ਉਤਪਾਦਕ ਗੰਭੀਰ ਸੰਕਟ ਵਿੱਚ ਲੰਘ ਰਹੇ ਹਨ। ਅਜਿਹੇ ਮਾੜੇ ਹਾਲਾਤ ਵਿਚ ਕਿਸਾਨ ਆਪਣਾ ਕਿੰਨੂ ਸੜਕਾਂ ਉੱਤੇ ਸੁੱਟ ਕੇ ਰੋਸ ਜਤਾ ਰਹੇ ਹਨ। ਅਜਿਹੀ ਔਖੀ ਘੜੀ ਵਿੱਚ ਸਰਕਾਰ ਦਾ ਮਿੱਡ ਦੇ ਮੀਲ ਵਿੱਚ ਬੱਚਿਆਂ ਨੂੰ ਕਿੰਨੂ ਦੇਣ ਦਾ ਫ਼ੈਸਲਾ ਕਿਸਾਨਾਂ ਲਈ ਰਾਹਤ ਲੈ ਕੇ ਆਵੇਗਾ।