ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਲੀਹ ’ਤੇ ਲਿਆਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਪੰਜ ਮੈਂਬਰੀ ਭਰਤੀ ਕਮੇਟੀ ਸਿਰ ਤੋੜ ਯਤਨ ਕਰ ਰਹੀ ਹੈ। ਹੁਣ ਕਮੇਟੀ ਨੇ ਵਿਦੇਸ਼ਾਂ ਅਤੇ ਹੋਰ ਸੂਬਿਆਂ ਵਿੱਚ ਵਸਦੇ ਪੰਜਾਬੀਆਂ ਨੂੰ ਪਾਰਟੀ ਨਾਲ ਜੋੜਨ ਲਈ ਆਨ ਲਾਈਨ ਭਰਤੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਪੰਜ ਮੈਂਬਰੀ ਕਮੇਟੀ ਨੇ ਟਕਸਾਲੀ ਅਕਾਲੀ ਸੁਰਜੀਤ ਸਿੰਘ ਬੋਪਾਰਾਏ ਨੂੰ ਵਿਦੇਸ਼ਾਂ ਵਿੱਚ ਪੰਜਾਬੀਆਂ ਨੂੰ ਜੋੜਨ ਦੀ ਜ਼ਿੰਮੇਵਾਰੀ ਸੌਂਪੀ ਹੈ। ਇਸ ਮੁਹਿੰਮ ਲਈ ਕਮੇਟੀ ਨੇ www.akalidalbharti.com ਪੋਰਟਲ ਲਾਂਚ ਵੀ ਕੀਤਾ ਹੈ।
ਕਮੇਟੀ ਵੱਲੋਂ ਜਾਰੀ ਕੀਤੇ ਗਏ ਇੱਕ ਪੱਤਰ ਵਿੱਚ ਕੈਨੇਡਾ ਵਿੱਚ ਵਸਦੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਭਰਤੀ ਮੁਹਿੰਮ ਵਿੱਚ ਵੱਧ ਤੋਂ ਵੱਧ ਮੈਂਬਰ ਬਣ ਕੇ ਪੰਥਕ ਕਾਰਜ ਵਿੱਚ ਯੋਗਦਾਨ ਪਾਉਣ। ਪੱਤਰ ਵਿੱਚ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਨੂੰ ਕਮੇਟੀ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ। ਕਮੇਟੀ ਦਾ ਮੰਤਵ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਪੰਥਕ ਮੁੱਦਿਆਂ ਨੂੰ ਹੱਲ ਕਰਨ ਲਈ ਵਿਆਪਕ ਸਮਰਥਨ ਹਾਸਲ ਕਰਨਾ ਹੈ।

ਦੱਸ ਦਈਏ ਕਿ ਸੁਰਜੀਤ ਸਿੰਘ ਬੋਪਾਰਾਏ ਨੇ ’ਦ ਖ਼ਾਲਸ ਟੀਵੀ ਨਾਲ ਗੱਲਬਾਤ ਕਰਦਿਆਂ ਜਾਣਕਾਰੀ ਦਿੱਤੀ ਹੈ ਕਿ ਉਹ ਸਭ ਤੋਂ ਪਹਿਲਾਂ ਕੈਨੇਡਾ ਦੇ ਬਰੈਂਪਟਨ ਜਾਣਗੇ ਅਤੇ ਇਸ ਤੋਂ ਬਾਅਦ ਐਡਮੰਟਨ, ਰੇਜੀਨਾ, ਕੈਲਗਿਰੀ, ਸਰੀ, ਵੈਨਕੂਵਰ ਜਾਣਗੇ। ਇਸ ਕਮੇਟੀ ਵਿੱਚ ਮਨਪ੍ਰੀਤ ਇਯਾਲੀ, ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜਥੇਦਾਰ ਇਕਬਾਲ ਸਿੰਘ ਝੂੰਦਾਂ, ਜਥੇਦਾਰ ਸੰਤਾ ਸਿੰਘ ਉਮੈਦਪੁਰੀ ਅਤੇ ਬੀਬੀ ਸਤਵੰਤ ਕੌਰ ਸ਼ਾਮਲ ਹਨ।
ਦੱਸ ਦੇਈਏ ਕਿ ਅਕਾਲੀ ਦਲ ਬਾਦਲ ਧੜੇ ਦੀ ਭਰਤੀ ਮੁਕੰਮਲ ਹੋ ਚੁੱਕੀ ਹੈ। ਉਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਕਮੇਟੀ ਨੇ ਭਰਤੀ ਸ਼ੁਰੂ ਕੀਤੀ ਹੈ ਜੋ ਲਗਾਤਾਰ ਚੱਲ ਰਹੀ ਹੈ ਤੇ ਹੁਣ ਵਿਦੇਸ਼ਾਂ ਵਿੱਚ ਜਾਵੇਗੀ। ਆਨਲਾਈਨ ਭਰਤੀ ਤਾਂ ਨਾਲ-ਨਾਲ ਚੱਲਦੀ ਰਹੇਗੀ, ਪਰ ਜਿਹੜੇ ਲੋਕ ਆਨਲਾਈਨ ਨਹੀਂ ਜੁੜ ਸਕਦੇ, ਉਨ੍ਹਾਂ ਨੂੰ ਕਮੇਟੀ ਵੱਲੋਂ ਫਾਰਮ ਦਿੱਤੇ ਜਾਣਗੇ, ਜਿਸ ਰਾਹੀਂ ਪਾਰਟੀ ਨਾਲ ਜੁੜਿਆ ਜਾ ਸਕਦਾ ਹੈ।

ਬਿਨਾਂ ਫੀਸ ਦੇ ਹੋਵੇਗੀ ਭਰਤੀ
ਅਕਾਲ ਤਖ਼ਤ ਵੱਲੋਂ ਗਠਿਤ ਪੰਜ ਮੈਂਬਰੀ ਕਮੇਟੀ ਵੱਲੋਂ ਮਾਰਚ ਮਹੀਨੇ ਵਿੱਚ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਜਿਸ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਹਿਲੀ ਪਰਚੀ ਕਟਾਈ ਸੀ। ਪੰਜ ਮੈਂਬਰੀ ਕਮੇਟੀ ਦੇ ਮੈਂਬਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਮੁਤਾਬਕ ਇਹ ਭਰਤੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਹੋਵੇਗੀ।
ਵਡਾਲਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਹੇਠ ਹੋਣ ਵਾਲੀ ਭਰਤੀ ਵਾਸਤੇ ਮੈਂਬਰਾਂ ਕੋਲੋਂ ਕੋਈ ਫੀਸ ਨਹੀਂ ਲਈ ਜਾਵੇਗੀ। ਇਹ ਭਰਤੀ ਬਿਨਾਂ ਫੀਸ ਦੇ ਹੋਵੇਗੀ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਵੱਲੋਂ ਦਿੱਤੇ ਗਏ ਸਮੇਂ ਮੁਤਾਬਕ ਇਹ ਭਰਤੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇਗੀ। ਭਰਤੀ ਤੋਂ ਬਾਅਦ ਡੈਲੀਗੇਟ ਚੁਣੇ ਜਾਣਗੇ ਅਤੇ ਡੈਲੀਗੇਟ ਪ੍ਰਧਾਨ ਦੀ ਚੋਣ ਕਰਨਗੇ।
ਬਾਦਲ ਧੜੇ ਦੀ ਮੁਕੰਮਲ ਹੋ ਗਈ ਹੈ ਭਰਤੀ
ਸ਼੍ਰੋਮਣੀ ਅਕਾਲੀ ਦਲ 25 ਫਰਵਰੀ ਨੂੰ ਹੀ ਭਰਤੀ ਮੁਹਿੰਮ ਮੁਕੰਮਲ ਕਰ ਕੇ ਅਗਲੀ ਪ੍ਰਕਿਰਿਆ ਆਰੰਭ ਕਰ ਚੁੱਕਾ ਹੈ, ਪਰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਸੀ ਕਿ ਭਰਤੀ ਸਬੰਧੀ ਜੋ ਹੁਕਮ ਕੀਤਾ ਗਿਆ ਸੀ, ਉਸ ਮੁਤਾਬਕ ਇਹ ਸ਼ੁਰੂ ਹੀ ਨਹੀਂ ਹੋਈ।
ਦਰਅਸਲ, 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੁਖਬੀਰ ਬਾਦਲ ਅਤੇ ਹੋਰ ਅਕਾਲੀ ਆਗੂਆਂ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਸੀ ਅਤੇ ਇਸ ਦੇ ਨਾਲ ਹੀ ਜਥੇਦਾਰਾਂ ਨੇ ਹੁਕਮਨਾਮੇ ਵਿੱਚ ਕਿਹਾ ਸੀ ਕਿ ਸੁਖਬੀਰ ਬਾਦਲ ਦਾ ਅਸਤੀਫਾ ਅਕਾਲੀ ਦਲ ਦੀ ਕੋਰ ਕਮੇਟੀ ਤਿੰਨ ਦਿਨ ਦੇ ਅੰਦਰ ਪ੍ਰਵਾਨ ਕਰੇ। ਅਕਾਲੀ ਦਲ ਦੇ ਸਾਰੇ ‘ਬਾਗੀ ਤੇ ਦਾਗੀ’ ਧੜ੍ਹੇ ਭੰਗ ਹਨ, ਅਕਾਲੀ ਦਲ ਦੀ ਭਰਤੀ ਦੁਬਾਰਾ ਕੀਤੀ ਜਾਵੇ ਅਤੇ ਤਿੰਨ ਮਹੀਨੇ ਦੇ ਅੰਦਰ- ਅੰਦਰ ਨਵੀਂ ਚੋਣ ਕਰਵਾਈ ਜਾਵੇ।
ਅਕਾਲੀ ਦਲ ਦੀ ਨਵੀਂ ਭਰਤੀ ਲਈ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਪਰ ਕਮੇਟੀ ਨੇ ਕਿਹਾ ਸੀ ਕਿ ਅਕਾਲੀ ਦਲ ਉਨ੍ਹਾਂ ਨਾਲ ਸਹਿਯੋਗ ਨਹੀਂ ਕਰ ਰਿਹਾ।
ਅਕਾਲੀ ਦਲ ਦੀ ਨਵੀਂ ਭਰਤੀ ਦਾ ਕਾਰਨ
16 ਨਵੰਬਰ 2024 ਨੂੰ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ। ਉਨ੍ਹਾਂ ਨੂੰ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਅਕਾਲ ਤਖ਼ਤ ਸਾਹਿਬ ਨੇ ਅਕਾਲੀ ਦਲ ਦੀ ਸੱਤਾ ਦੌਰਾਨ ਪੰਥਕ ਭਾਵਨਾਵਾਂ ਮੁਤਾਬਕ ਕੰਮ ਨਾ ਕਰਨ ਕਰਕੇ ਤਨਖ਼ਾਹੀਆ ਕਰਾਰ ਦਿੱਤਾ ਸੀ। ਤਤਕਾਲੀ ਜਥੇਦਾਰ ਸਾਹਿਬ ਨੇ ਬਾਦਲ ਨੂੰ ਬੇਅਦਬੀ ਦੇ ਮਾਮਲੇ ਵਿੱਚ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਾ ਕਰਨ ਕਰਕੇ ਸਜ਼ਾ ਦਿੱਤੀ ਸੀ।
ਜਿਸ ਤੋਂ ਬਾਅਦ ਉਨ੍ਹਾਂ ਸਾਬਕਾ ਕੈਬਨਿਟ ਮੰਤਰੀਆਂ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਸਮੇਤ ਅਕਾਲ ਤਖ਼ਤ ਪੇਸ਼ ਹੋ ਕੇ ਧਾਰਮਿਕ ਸਜ਼ਾ ਭੁਗਤਣ ਤੋਂ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਇਸ ਦੌਰਾਨ ਉਨ੍ਹਾਂ ਦਾ ਪ੍ਰਧਾਨ ਵਜੋਂ ਕਾਰਜਕਾਲ ਵੀ ਖ਼ਤਮ ਹੋ ਰਿਹਾ ਸੀ, ਅਕਾਲ ਤਖ਼ਤ ਨੇ ਦੁਬਾਰਾ ਭਰਤੀ ਕਰ ਕੇ ਨਵਾਂ ਪ੍ਰਧਾਨ ਚੁਣਨ ਲਈ ਕਿਹਾ ਸੀ। ਪਰ ਅਕਾਲੀ ਦਲ ਨੇ ਅਕਾਲ ਤਖ਼ਤ ਦੀ ਕਮੇਟੀ ਨੂੰ ਅਣਗੌਲ਼ਿਆ ਕਰਕੇ ਆਪ ਭਰਤੀ ਕੀਤੀ ਅਤੇ ਦੁਬਾਰਾ ਚੋਣ ਕਰਵਾਈ।
12 ਅਪ੍ਰੈਲ, 2025 ਨੂੰ ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਏ ਪਾਰਟੀ ਦੇ ਇਜਲਾਸ ਵਿੱਚ ਸੁਖਬੀਰ ਬਾਦਲ ਦੁਬਾਰਾ ਇਸ ਅਹੁਦੇ ਲਈ ਚੁਣੇ ਗਏ ਹਨ। ਸੁਖਬੀਰ ਸਿੰਘ ਨੇ ਦਾਅਵਾ ਕੀਤਾ ਹੈ ਕਿ 27 ਲੱਖ ਮੈਂਬਰਾਂ ਵਿੱਚੋਂ ਚੁਣੇ ਗਏ 507 ਡੈਲੀਗੇਟਸ ਦੀ ਸਹਿਮਤੀ ਨਾਲ ਉਨ੍ਹਾਂ ਨੇ ਅਹੁਦਾ ਸਵਿਕਾਰਿਆ ਹੈ।
ਉੱਧਰ ਸਿਆਸੀ ਮਾਹਰ ਪਾਰਟੀ ਦੇ ਇਸ ਫ਼ੈਸਲੇ ਬਾਰੇ ਕਈ ਸਵਾਲ ਖੜੇ ਕਰਦੇ ਹਨ ਕਿ ਕੀ ਇਹ 104 ਸਾਲ ਪੁਰਾਣੀ, ਖੇਤਰੀ ਅਤੇ ਪੰਥਕ ਪਾਰਟੀ ਹੁਣ ਇੱਕ ਹੀ ਪਰਿਵਾਰ ਤੱਕ ਸੀਮਤ ਹੋ ਕੇ ਰਹਿ ਗਈ ਹੈ ਅਤੇ ਕੱਦਵਾਰ ਸਿਆਸੀ ਆਗੂਆਂ ਦੀ ਮੌਜੂਦਗੀ ਨੂੰ ਨਕਾਰ ਰਹੀ ਹੈ। ਦੱਸ ਦੇਈਏ 2008 ਵਿੱਚ ਪਹਿਲੀ ਵਾਰ ਪ੍ਰਧਾਨਗੀ ਸੰਭਾਲਣ ਤੋਂ ਲੈ ਕੇ ਹੁਣ ਤੱਕ ਸੁਖਬੀਰ ਸਿੰਘ ਬਾਦਲ ਹੀ ਇਸ ਅਹੁਦੇ ਉੱਤੇ ਕਾਬਜ ਰਹੇ ਹਨ। ਉਨ੍ਹਾਂ ਦੀ ਪ੍ਰਧਾਨਗੀ ਨੂੰ ਲੈ ਕੇ ਸਮੇਂ-ਸਮੇਂ ਤੋਂ ਪਾਰਟੀ ਵਿੱਚ ਬਗਾਵਤੀ ਸੁਰਾਂ ਵੀ ਉੱਠਦੀਆਂ ਰਹੀਆਂ ਹਨ।