ਚੰਡੀਗੜ੍ਹ : ਬਿਕਰਮ ਸਿੰਘ ਮਜੀਠੀਆ ਖਿਲਾਫ਼ ਪੰਜਾਬ ਸਰਕਾਰ ਨੇ ਨਵੀਂ ਐੱਸਆਈਟੀ ਦਾ ਗਠਨ ਕਰ ਦਿੱਤਾ ਹੈ। ਬਹੁ-ਕਰੋੜੀ ਡਰੱਗ ਘੁਟਾਲੇ ਵਿੱਚ ਇਹ ਨਵੀਂ ਜਾਂਚ ਟੀਮ ਬਣਾਈ ਗਈ ਹੈ। ਆਈਜੀ ਮੁਖਵਿੰਦਰ ਸਿੰਘ ਛੀਨਾ SIT ਦੀ ਅਗਵਾਈ ਕਰਨਗੇ। ਇਸ ਤੋਂ ਪਹਿਲਾਂ ਡੀਆਈਜੀ ਰਾਹੁਲ ਐਸਆਈਟੀ ਦੇ ਮੁਖੀ ਸਨ। ਇਸ ਤੋਂ ਇਲਾਵਾ ਐਸਆਈਟੀ ਟੀਮ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ 20 ਦਸੰਬਰ 2021 ਨੂੰ ਮੁਹਾਲੀ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਵਿੱਚ ਮਜੀਠੀਆ ਨੂੰ ਜੇਲ੍ਹ ਵੀ ਜਾਣਾ ਪਿਆ ਸੀ ਪਰ ਫਿਲਹਾਲ ਉਹ ਜ਼ਮਾਨਤ ‘ਤੇ ਬਾਹਰ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਜੇ ਕੋਈ ਗੁਨਾਹ ਕਰਦਾ ਹੈ ਤਾਂ ਉਸਦੀ ਜਾਂਚ ਹੋਣੀ ਚਾਹੀਦੀ ਹੈ ਪਰ ਜਿਵੇਂ ਦੀ ਪੰਜਾਬ ਵਿੱਚ ਗੰਦੀ ਸਿਆਸਤ ਕੀਤੀ ਜਾ ਰਹੀ ਹੈ, ਇਹ ਬਹੁਤ ਗਲਤ ਹੈ। ਸਰਕਾਰਾਂ ਸਦਾ ਨਹੀਂ ਰਹਿੰਦੀਆਂ। ਇਹ ਆਪਣੇ ਚਾਅ ਲਾਹ ਲੈਣ ਪਰ ਮਜੀਠੀਆ ਡਰਨ ਵਾਲੇ ਨਹੀਂ ਹਨ।