Punjab

ਗੁਰੂ ਦੀ ਨਗਰੀ ‘ਚ ਨਹੀਂ ਨਸੀਬ ਹੋ ਰਿਹਾ ਸ਼ੁੱਧ ਪਾਣੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਅੰਮ੍ਰਿਤਸਰ ਦੇ ਵਾਰਡ ਨੰਬਰ 55 ਰਾਮਨਗਰ ਕਾਲੋਨੀ ਦੇ ਵਾਸੀ ਸਰਕਾਰ ਦੀ ਅਣਗਹਿਲੀ ਕਰਕੇ ਗੰਦੇ ਪਾਣੀ ਦੀ ਸਮੱਸਿਆ ਦਾ ਸੰਤਾਪ ਭੋਗਣ ਲਈ ਮਜਬੂਰ ਹਨ। ਇਸ ਕਾਲੋਨੀ ਵਿੱਚ ਲੋਕਾਂ ਦੇ ਘਰਾਂ ਵਿੱਚ ਜੋ ਸਰਕਾਰੀ ਪਾਣੀ ਆਉਂਦਾ ਹੈ, ਉਹ ਬੇਹੱਦ ਗੰਦਾ ਪਾਣੀ ਹੈ, ਜਿਸਨੂੰ ਨਾ ਤਾਂ ਪੀਣ ਲਈ ਵਰਤਿਆ ਜਾ ਸਕਦਾ ਹੈ ਅਤੇ ਨਾ ਹੀ ਕਿਸੇ ਹੋਰ ਕੰਮ ਲਈ। ਇਹ ਗੰਦਾ ਪਾਣੀ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਵੀ ਜਨਮ ਦੇ ਰਿਹਾ ਹੈ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਚੋਣਾਂ ਦੌਰਾਨ ਵੱਖ-ਵੱਖ ਸਿਆਸੀ ਲੀਡਰ ਗੰਦੇ ਪਾਣੀ ਦੀ ਸਮੱਸਿਆ ਸਬੰਧੀ ਕਈ ਵੱਡੇ-ਵੱਡੇ ਦਾਅਵੇ ਕਰਕੇ ਚਲੇ ਜਾਂਦੇ ਹਨ ਪਰ ਚੋਣਾਂ ਤੋਂ ਬਾਅਦ ਕੋਈ ਵੀ ਲੀਡਰ ਸਾਡੀ ਸਾਰ ਨਹੀਂ ਲੈ ਰਿਹਾ। ਇਹ ਸਮੱਸਿਆ ਕਰੀਬ ਪਿਛਲੇ ਅੱਠ ਮਹੀਨਿਆਂ ਤੋਂ ਚੱਲੀ ਆ ਰਹੀ ਹੈ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ਸਿਰਫ਼ ਸਰਕਾਰੀ ਪਾਣੀ ਹੀ ਆਉਂਦਾ ਹੈ ਜਿਸਨੂੰ ਉਹ ਆਪਣੀਆਂ ਟੈਂਕੀਆਂ ਵਿੱਚ ਭਰਦੇ ਹਨ। ਪਰ ਇਹ ਪਾਣੀ ਬਿਲਕੁਲ ਵੀ ਪੀਣਯੋਗ ਜਾਂ ਵਰਤਣਯੋਗ ਨਹੀਂ ਹੈ ਪਰ ਲੋਕਾਂ ਨੂੰ ਮਜ਼ਬੂਰੀ ਵੱਸ ਇਸ ਪਾਣੀ ਦੀ ਵਰਤੋਂ ਕਰਨੀ ਪੈਂਦੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਕਈ ਵਾਰ ਇਲਾਕੇ ਦੇ ਕੌਂਸਲਰ ਕੋਲ ਆਪਣੀ ਇਹ ਸਮੱਸਿਆ ਲੈ ਕੇ ਗਏ ਹਨ ਪਰ ਕਿਤੇ ਵੀ ਇਸਦੀ ਸੁਣਵਾਈ ਨਹੀਂ ਹੋ ਰਹੀ। ਪ੍ਰਸ਼ਾਸਨ ਵੱਲੋਂ ਹਰ ਵਾਰ ਸਮੱਸਿਆ ਜਲਦ ਠੀਕ ਹੋਣ ਦਾ ਭਰੋਸਾ ਦਿੱਤਾ ਜਾਂਦਾ ਹੈ ਪਰ ਸਮੱਸਿਆ ਜਿਉਂ ਦੀ ਤਿਉਂ ਹੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਭਰੋਸਾ ਮਿਲਣ ਤੋਂ ਬਾਅਦ ਚਾਰ ਪੰਜ ਦਿਨ ਤਾਂ ਪਾਣੀ ਸਾਫ਼ ਆਉਂਦਾ ਹੈ ਪਰ ਬਾਅਦ ਵਿੱਚ ਫਿਰ ਉਹੀ ਪਾਣੀ ਗੰਦਾ ਆਉਣ ਲੱਗ ਜਾਂਦਾ ਹੈ। ਇੱਥੋਂ ਤੱਕ ਕਿ ਸਰਕਾਰੀ ਪਾਣੀ ਦਾ ਕੋਈ ਸਮਾਂਬੱਧ ਵੀ ਨਹੀਂ ਹੈ। ਘਰ ਦੀਆਂ ਟੂਟੀਆਂ ਵਿੱਚੋਂ ਸੀਵਰੇਜ ਵਾਲਾ ਗੰਦਾ ਪਾਣੀ ਆਉਂਦਾ ਹੈ। ਇਸ ਪਾਣੀ ਦੇ ਕਰਕੇ ਬੱਚਿਆਂ ਅਤੇ ਵੱਡਿਆਂ ਨੂੰ ਕਈ ਪ੍ਰਕਾਰ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।