ਬਿਊਰੋ ਰਿਪੋਰਟ (17 ਨਵੰਬਰ, 2025): ਪੰਜਾਬ ਅਤੇ ਉੱਤਰ ਭਾਰਤ ਵਿੱਚ ਪਹਾੜਾਂ ਤੋਂ ਆ ਰਹੀਆਂ ਠੰਢੀਆਂ ਹਵਾਵਾਂ ਕਾਰਨ ਤਾਪਮਾਨ ਵਿੱਚ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ ਵਿੱਚ ਘੱਟੋ-ਘੱਟ ਤਾਪਮਾਨ ਹੁਣ ਕਰੀਬ 5°C ਤੱਕ ਪਹੁੰਚ ਗਿਆ ਹੈ।
ਪਿਛਲੇ 24 ਘੰਟਿਆਂ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ 0.5°C ਘੱਟ ਹੋਇਆ ਹੈ। ਮਾਨਸਾ ਵਿੱਚ ਸਭ ਤੋਂ ਵੱਧ 29.6°C ਤਾਪਮਾਨ ਦਰਜ ਕੀਤਾ ਗਿਆ। ਘੱਟੋ-ਘੱਟ ਤਾਪਮਾਨ ਆਮ ਨਾਲੋਂ 2.5°C ਘੱਟ ਰਿਕਾਰਡ ਕੀਤਾ ਗਿਆ, ਜਿਸ ਕਾਰਨ ਫਰੀਦਕੋਟ 5.6°C ਨਾਲ ਸਭ ਤੋਂ ਠੰਢਾ ਜ਼ਿਲ੍ਹਾ ਰਿਹਾ
ਮੌਸਮ ਵਿਭਾਗ ਅਨੁਸਾਰ 20 ਨਵੰਬਰ ਤੱਕ ਸੂਬੇ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਅਗਲੇ ਇੱਕ ਹਫ਼ਤੇ ਤੱਕ ਖੁਸ਼ਕ ਅਤੇ ਹਲਕੀ ਸਰਦ ਮੌਸਮ ਦੀ ਸਥਿਤੀ ਬਣੀ ਰਹੇਗੀ।
ਰਾਜਸਥਾਨ ਵਿੱਚ ਠੰਢ ਨੇ ਤੋੜੇ ਰਿਕਾਰਡ
ਪੰਜਾਬ ਤੋਂ ਇਲਾਵਾ ਮੱਧ ਅਤੇ ਉੱਤਰ ਭਾਰਤ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਕੜਾਕੇ ਦੀ ਠੰਢ ਪੈ ਰਹੀ ਹੈ।
- ਮੱਧ ਪ੍ਰਦੇਸ਼ (MP): ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਐਤਵਾਰ ਰਾਤ ਪਾਰਾ 5.2°C ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 9.2 ਡਿਗਰੀ ਘੱਟ ਹੈ। ਇਸ ਨਾਲ 84 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ ਹੈ। ਇਸ ਤੋਂ ਪਹਿਲਾਂ ਨਵੰਬਰ ਦਾ ਸਭ ਤੋਂ ਠੰਢਾ ਰਿਕਾਰਡ 30 ਨਵੰਬਰ 1941 ਨੂੰ 6.1°C ਸੀ।
- ਰਾਜਸਥਾਨ: ਰਾਜਸਥਾਨ ਦੇ 16 ਸ਼ਹਿਰਾਂ ਵਿੱਚ ਪਾਰਾ 10 ਡਿਗਰੀ ਤੋਂ ਹੇਠਾਂ ਦਰਜ ਕੀਤਾ ਗਿਆ। ਸੀਕਰ 4.3°C ਨਾਲ ਸਭ ਤੋਂ ਠੰਢਾ ਸ਼ਹਿਰ ਰਿਹਾ।
- ਦਿੱਲੀ: ਦਿੱਲੀ ਵਿੱਚ ਐਤਵਾਰ ਨੂੰ ਠੰਢ ਨੇ ਨਵੰਬਰ ਮਹੀਨੇ ਦਾ 3 ਸਾਲ ਦਾ ਰਿਕਾਰਡ ਤੋੜ ਦਿੱਤਾ। ਇੱਥੇ ਘੱਟੋ-ਘੱਟ ਤਾਪਮਾਨ 9°C ਦਰਜ ਹੋਇਆ, ਜੋ ਆਮ ਨਾਲੋਂ 4.5 ਡਿਗਰੀ ਘੱਟ ਹੈ। ਜੇਕਰ ਮਾਣਕ ਪੂਰੇ ਹੁੰਦੇ ਹਨ ਤਾਂ ਜਲਦੀ ਹੀ ਇੱਥੇ ‘ਕੋਲਡ ਵੇਵ’ (Cold Wave) ਦਾ ਐਲਾਨ ਕੀਤਾ ਜਾ ਸਕਦਾ ਹੈ।

