Punjab

ਗੁਰਦਾਸਪੁਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਵਿਰੋਧੀ ਧਿਰਾਂ ਦੇ ਨਾਮਜ਼ਦਗੀ ਪੱਤਰ ਰੱਦ! ਅਕਾਲੀ ਦਲ ਨੇ ਚੁੱਕੇ ਸਵਾਲ

ਬਿਊਰੋ ਰਿਪੋਰਟ (ਗੁਰਦਾਸਪੁਰ, 6 ਦਸੰਬਰ 2025): ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਨਾਮਜ਼ਦਗੀ ਪੱਤਰਾਂ ਦੀ ਸਕਰੂਟਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਕਈ ਜ਼ਿਲ੍ਹਿਆਂ ਵਿੱਚ ਵੱਡੀ ਗਿਣਤੀ ਵਿੱਚ ਵਿਰੋਧੀ ਧਿਰ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਪ੍ਰਸ਼ਾਸਨ ’ਤੇ ਗੰਭੀਰ ਇਲਜ਼ਾਮ ਲਾਉਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ (AAP) ਨੂੰ ਜਿਤਾਉਣ ਲਈ ਜਾਣਬੁੱਝ ਕੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਹਨ।

ਸਿਰਫ਼ ‘ਆਪ’ ਉਮੀਦਵਾਰਾਂ ਦੇ ਫਾਰਮ ਕਿਉਂ ਸਹੀ?

ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਤਰਨਤਾਰਨ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਵਿਰੋਧੀ ਧਿਰਾਂ ਦੇ ਲਗਭਗ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਹਨ ਅਤੇ ਸਿਰਫ਼ ‘ਆਪ’ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਹੀ ਯੋਗ ਪਾਏ ਗਏ ਹਨ।

ਉਨ੍ਹਾਂ ਸਵਾਲ ਕੀਤਾ, “ਕੀ ਅਜਿਹਾ ਹੋ ਸਕਦਾ ਹੈ ਕਿ ਸਿਰਫ਼ ‘ਆਪ’ ਉਮੀਦਵਾਰਾਂ ਦੇ ਫਾਰਮ ਹੀ ਠੀਕ ਭਰੇ ਗਏ ਹੋਣ ਅਤੇ ਬਾਕੀਆਂ ਨੇ ਗਲਤੀਆਂ ਕੀਤੀਆਂ ਹੋਣ?” ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਅਜਿਹਾ ਹੀ ਕਰਨਾ ਸੀ ਤਾਂ ਚੋਣਾਂ ਕਰਵਾਉਣ ਦੀ ਬਜਾਏ ‘ਆਪ’ ਦੇ ਉਮੀਦਵਾਰਾਂ ਨੂੰ ਨਾਮਜ਼ਦ ਹੀ ਕਰ ਦਿੰਦੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਸ ਬੇਇਨਸਾਫ਼ੀ ਦੀ ਲੜਾਈ ਇਲੈਕਸ਼ਨ ਕਮਿਸ਼ਨ ਤੋਂ ਲੈ ਕੇ ਅਦਾਲਤ ਤੱਕ ਲੜੀ ਜਾਵੇਗੀ।

ਕਲਾਨੌਰ ਬਲਾਕ ਸੰਮਤੀ ਵਿੱਚ ਰੱਦ ਹੋਈਆਂ ਨਾਮਜ਼ਦਗੀਆਂ

ਕਲਾਨੌਰ ਵਿੱਚ 17 ਜ਼ੋਨਾਂ ’ਚ ਵਿਰੋਧੀਆਂ ਦਾ ਸਫ਼ਾਇਆ

ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਹਲਕੇ ਵਿੱਚ ਬਲਾਕ ਸੰਮਤੀ ਕਲਾਨੌਰ ਵਿੱਚ ਸ਼ੁੱਕਰਵਾਰ ਦੇਰ ਰਾਤ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ। ਕਲਾਨੌਰ ਬਲਾਕ ਸੰਮਤੀ ਦੇ 19 ਜ਼ੋਨਾਂ ਵਿੱਚ ਦਾਖ਼ਲ ਕੀਤੇ ਗਏ 68 ਨਾਮਜ਼ਦਗੀ ਪੱਤਰਾਂ ਵਿੱਚੋਂ ਕਾਂਗਰਸ, ਅਕਾਲੀ ਦਲ ਅਤੇ ਆਜ਼ਾਦ ਉਮੀਦਵਾਰਾਂ ਦੇ ਵੱਡੀ ਗਿਣਤੀ ਵਿੱਚ ਪੱਤਰ ਰੱਦ ਕਰ ਦਿੱਤੇ ਗਏ।

  • ਕੁੱਲ 68 ਨਾਮਜ਼ਦਗੀਆਂ ਵਿੱਚੋਂ 46 ਰੱਦ ਕਰ ਦਿੱਤੀਆਂ ਗਈਆਂ।
  • ਸਿਰਫ਼ 22 ਉਮੀਦਵਾਰ ਹੀ ਯੋਗ ਪਾਏ ਗਏ।
  • 17 ਜ਼ੋਨ ਅਜਿਹੇ ਹਨ ਜਿੱਥੇ ਪ੍ਰਮੁੱਖ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਹਨ ਅਤੇ ਸਿਰਫ਼ ‘ਆਪ’ ਉਮੀਦਵਾਰਾਂ ਦੇ ਹੀ ਠੀਕ ਪਾਏ ਗਏ।

ਇਸ ਨਾਲ ਕਲਾਨੌਰ ਵਿੱਚ ‘ਆਪ’ ਦੇ ਉਮੀਦਵਾਰਾਂ ਦੀ ਰਾਹ ਆਸਾਨ ਹੋ ਗਈ ਹੈ। ਇਸ ਕਾਰਵਾਈ ਦੇ ਵਿਰੋਧ ਵਿੱਚ ਕਲਾਨੌਰ ਵਿੱਚ ਵਿਰੋਧੀ ਧਿਰਾਂ ਨੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ।