ਹਰਿਆਣਾ ਦੇ ਨੂਹ ਵਿੱਚ ਦੋ ਭਾਈਚਾਰਿਆਂ ਦਰਮਿਆਨ ਹੋਈ ਹਿੰਸਾ ਦੇ ਮਾਮਲੇ ਵਿੱਚ 31 ਜੁਲਾਈ ਨੂੰ ਨੂਹ ਜ਼ਿਲ੍ਹੇ ਵਿੱਚ ਫਿਰਕੂ ਹਿੰਸਾ ਤੋਂ ਬਾਅਦ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਸੀ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਇਹ ਪਾਬੰਦੀ 8 ਅਗਸਤ ਤੱਕ ਜਾਰੀ ਰਹੇਗੀ।
ਜਾਣਕਾਰੀ ਮੁਤਾਬਕ ਨੂਹ ਜ਼ਿਲੇ ‘ਚ ਸੋਮਵਾਰ ਨੂੰ ਹੋਈ ਹਿੰਸਾ ਤੋਂ ਬਾਅਦ ਪ੍ਰਸ਼ਾਸਨ ਸਥਿਤੀ ਨੂੰ ਆਮ ਬਣਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਸੋਸ਼ਲ ਮੀਡੀਆ ਰਾਹੀਂ ਮਾਹੌਲ ਖ਼ਰਾਬ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਕਾਰਵਾਈ ਕਰ ਰਹੀ ਹੈ, ਇਸ ਲਈ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਨੂੰ ਰੋਕਣ ਲਈ ਹਿੰਸਾ ਮਗਰੋਂ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਨੇ ਪਹਿਲਾਂ 5 ਅਗਸਤ ਤੱਕ ਇੰਟਰਨੈੱਟ ਬੰਦ ਕਰਨ ਦਾ ਐਲਾਨ ਕੀਤਾ ਸੀ ਪਰ ਹੁਣ ਇਸ ਮਿਆਦ ਨੂੰ 8 ਅਗਸਤ ਤੱਕ ਵਧਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੂਹ ਹਿੰਸਾ ਦੇ ਦੋਸ਼ੀਆਂ ਨੂੰ ਫੜਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਹਰਿਆਣਾ ਦੇ ਨਾਲ ਲੱਗਦੇ ਰਾਜਸਥਾਨ ਦੇ ਇਲਾਕਿਆਂ ਵਿੱਚ ਹਰਿਆਣਾ ਪੁਲਿਸ ਦੀ ਛਾਪੇਮਾਰੀ ਜਾਰੀ ਹੈ।
ਨੂਹ ਹਿੰਸਾ ਦੇ ਦੋਸ਼ ‘ਚ ਰਾਜਸਥਾਨ ਤੋਂ ਪੁਲਿਸ ਨੇ ਜਿਨ੍ਹਾਂ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਉਹ ਸਾਰੇ ਮੇਵਾਤ ਦੇ ਨਾਲ ਲੱਗਦੇ ਰਾਜਸਥਾਨ ਦੇ ਜ਼ਿਲਿਆਂ ਦੇ ਨਿਵਾਸੀ ਹਨ। ਨੂਹ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਮੁਤਾਬਕ ਹਰਿਆਣਾ ਨਾਲ ਲੱਗਦੇ ਰਾਜਸਥਾਨ ਦੇ ਇਲਾਕਿਆਂ ਤੋਂ ਲੋਕ ਪੂਰੀ ਯੋਜਨਾਬੰਦੀ ਨਾਲ ਨੂਹ ਜ਼ਿਲੇ ‘ਚ ਦਾਖਲ ਹੋਏ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕਾਂ ਨੇ ਸਭ ਤੋਂ ਪਹਿਲਾਂ ਨੂਹ ਜ਼ਿਲ੍ਹੇ ਦੇ ਬਡਕਾਲੀ ਇਲਾਕੇ ਵਿੱਚ ਦੰਗਾ ਅਤੇ ਅੱਗਜ਼ਨੀ ਸ਼ੁਰੂ ਕਰ ਦਿੱਤੀ ਸੀ ।
ਦੱਸ ਦਈਏ ਕਿ ਹਰਿਆਣਾ ਦੇ ਨੂਹ ਵਿੱਚ ਦੋ ਭਾਈਚਾਰਿਆਂ ਦਰਮਿਆਨ ਹੋਈ ਹਿੰਸਾ ਦੇ ਮਾਮਲੇ ਵਿੱਚ ਹੁਣ ਤੱਕ 93 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ 176 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਨੂਹ ਜ਼ਿਲ੍ਹੇ ਵਿੱਚ 46, ਫ਼ਰੀਦਾਬਾਦ ਜ਼ਿਲ੍ਹੇ ਵਿੱਚ 3, ਗੁਰੂਗ੍ਰਾਮ ਜ਼ਿਲ੍ਹੇ ਵਿੱਚ 23, ਰੇਵਾੜੀ ਜ਼ਿਲ੍ਹੇ ਵਿੱਚ 3 ਅਤੇ ਪਲਵਲ ਜ਼ਿਲ੍ਹੇ ਵਿੱਚ 18 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਨੂਹ ਹਿੰਸਾ ‘ਚ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ।