Punjab Religion

ਬਿਕਰਮ ਸਿੰਘ ਮਜੀਠੀਆ ਵਿਰੁੱਧ ਨਾ ਵਰਤੇ ਜਾਣ ਕੋਈ ਸ਼ਬਦ- ਵਿਰਸਾ ਸਿੰਘ ਵਲਟੋਹਾ

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੂੰ ਸੇਵਾਮੁਕਤ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿੱਚ ਜਿਵੇਂ ਬਗਾਵਤ ਪੈਦਾ ਹੋ ਗਈ। ਅਕੈਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ SGPC  ਦੇ ਇਸ ਫੈਸਲੇ ਨੂੰ ਗਲਤ ਠਹਿਰਾਇਆ ਸੀ।

ਜਿਸ ਤੋਂ ਬਾਅਦ ਉਨ੍ਹਾਂ ’ਤੇ ਅਕਾਲੀ ਦਲ ਦੇ ਕਈ ਆਗੂਆਂ ਵੱਲੋਂ ਪਾਰਟੀ ਦੀ ਪਿੱਠ ’ਤੇ ਛੁਰਾ ਮਾਰਨ ਦਾ ਦੋਸ਼ ਲਗਾਇਆ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਹੁਣ ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਬਿਕਰਮ ਮਜੀਠੀਆ ਦੇ ਖ਼ਿਲਾਫ਼ ਕੋਈ ਗਲਤ ਸ਼ਬਦ ਨਾ ਵਰਤੇ ਜਾਣ।

ਇੱਰ ਪੋਸਟ ਸਾਂਝੀ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਮੈਂ ਸਭ ਨੂੰ ਬੇਨਤੀ ਕਰਾਂਗਾ ਕਿ ਕੋਈ ਵੀ ਸੱਜਣ ਸ.ਬਿਕਰਮ ਸਿੰਘ ਮਜੀਠੀਆ ਵਿਰੁੱਧ ਕਿਸੇ ਸ਼ਬਦ ਦੀ ਵਰਤੋਂ ਨਾ ਕਰੇ। ਆਪਸੀ ਮਤਭੇਦ ਨਿਪਟਦਿਆਂ ਦੇਰ ਨਹੀਂ ਲੱਗਦੀ ਹੁੰਦੀ। ਇਸ ਮੌਕੇ ਸਭ ਨੂੰ ਸਹੀ ਰੋਲ ਨਿਭਾਉਣਾ ਚਾਹੀਦਾ ਹੈ। ਏਕਤਾ ਵਿਚ ਹੀ ਸ਼ਕਤੀ ਹੈ। ਉਨ੍ਹਾਂ ਕਿਹਾ ਕਿ ਸ.ਮਜੀਠੀਆ ਨੂੰ ਵੀ ਗਿਲੇ ਸ਼ਿਕਵੇ ਭੁੱਲਕੇ ਸ਼੍ਰੋਮਣੀ ਅਕਾਲੀ ਦਲ ਦੀ ਚੜਦੀ ਕਲਾ ਲਈ ਪਹਿਲਾਂ ਨਾਲੋਂ ਵੀ ਵੱਧ ਮਿਹਨਤ ਕਰਨੀ ਚਾਹੀਦੀ ਹੈ।

ਦੱਸ ਦਈਏ ਕਿ ਬੀਤੇ ਦਿਨੀਂ  ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੂੰ ਸ਼੍ਰੋਮਣੀ ਕਮੇਟੀ ਵਲੋਂ ਅਹੁਦਿਆਂ ਤੋਂ ਹਟਾਏ ਜਾਣ ਬਾਅਦ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਸ ਕਾਰਵਾਈ ਦਾ ਵਿਰੋਧ ਕੀਤਾ ਸੀ।

ਮਜੀਠੀਆ ਨੇ ਕਿਹਾ ਸੀ ਕਿ ਅਸੀ ਅਕਾਲ ਤਖ਼ਤ ਅਤੇ ਤਖ਼ਤਾ ਦੇ ਜਥੇਦਾਰ ਸਾਹਿਬਾਨ ਦੀ ਮਾਣ ਮਰਿਆਦਾ ਦਾ ਪੂਰਾ ਸਤਿਕਾਰ ਕਰਦੇ ਹਾਂ ਅਤੇ ਅਖ਼ੀਰਲੇ ਸਾਹ ਤਕ ਕਰਦੇ ਰਹਾਂਗੇ। ਇਹ ਮਰਿਆਦਾ ਕਿਸੇ ਇਕ ਵਿਅਕਤੀ ਵਿਸ਼ੇਸ਼ ਤਕ ਸੀਮਤ ਨਹੀਂ ਹੈ। ਜੋ ਵੀ ਜਥੇਦਾਰ ਸਾਹਿਬਾਨ ਇਨ੍ਹਾਂ ਤਖ਼ਤਾਂ ਉਪਰ ਬਿਰਾਜਮਾਨ ਹਨ, ਉਨ੍ਹਾਂ ਦਾ ਸਤਿਕਾਰ ਕਰਨਾ ਸਾਡਾ ਸਾਰਿਆਂ ਦਾ ਫ਼ਰਜ਼ ਹੈ। ਉਨ੍ਹਾਂ ਅੱਗੇ ਬਿਆਨ ਵਿਚ ਕਿਹਾ ਗਿਆ ਕਿ ਪਿਛਲੇ ਦਿਨਾਂ ਵਿਚ ਜੋ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਨੇ ਫ਼ੈਸਲਾ ਕੀਤਾ ਹੈ, ਉਸ ਨਾਲ ਸਿੱਖ ਸੰਗਤ ਤੇ ਸਾਡੇ ਮਨਾਂ ਨੂੰ ਭਾਰੀ ਠੇਸ ਪੁੱਜੀ ਹੈ। ਗੁਰੂ ਸਾਹਿਬਾਨ ਨੇ ਸੰਗਤ ਨੂੰ ਵੀ ਗੁਰੂ ਦਾ ਰੁਤਬਾ ਦਿਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸੰਗਤਾਂ ਦੀਆ ਭਾਵਨਾਵਾਂ ਨੂੰ ਮੁੱਖ ਰੱਖ ਕੇ ਅਸੀ ਇਸ ਫ਼ੈਸਲੇ ਨਲਾ ਸਹਿਮਤ ਨਹੀਂ ਹਾਂ।