Punjab

SIT ਨਹੀਂ, ਕਾਂਗਰਸ ਕਰ ਰਹੀ ਹੈ ਬੇਅਦਬੀ ਮਾਮਲੇ ਦੀ ਕਾਰਵਾਈ – ਬੈਂਸ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਮੀਡੀਆ ਸਲਾਹਕਾਰ ਐੱਚ.ਐੱਸ. ਬੈਂਸ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਨਵੀਂ ਐੱਸਆਈਟੀ ਵੱਲੋਂ ਤਲਬ ਕੀਤੇ ਜਾਣ ਤੋਂ ਬਾਅਦ ਕਿਹਾ ਕਿ ‘ਐੱਸਆਈਟੀ ਨੇ ਕਾਰਵਾਈ ਦੀ ਜੋ ਪ੍ਰਕਿਰਿਆ ਕਰਨੀ ਹੈ, ਉਹ ਕਰੇ। ਉਸ ਵਿੱਚ ਐੱਸਆਈਟੀ ਬਿਆਨ ਵੀ ਦੇਵੇ ਕਿਉਂਕਿ ਜੇ ਕਾਂਗਰਸੀ ਲੀਡਰ ਇਸ ਮਾਮਲੇ ਬਾਰੇ ਬਿਆਨ ਦੇ ਰਹੇ ਹਨ ਤਾਂ ਸਾਨੂੰ ਲੱਗਦਾ ਹੈ ਕਿ ਐੱਸਆਈਟੀ ਮਾਮਲੇ ਦੀ ਕਾਰਵਾਈ ਨਹੀਂ ਕਰ ਰਹੀ, ਕਾਂਗਰਸ ਲੀਡਰ ਕੰਮ ਕਰ ਰਹੇ ਹਨ। ਅਕਾਲੀ ਦਲ ਨੂੰ ਨਿਆਂ ਪ੍ਰਣਾਲੀ ਵਿੱਚ ਪੂਰਾ ਵਿਸ਼ਵਾਸ ਹੈ, ਜਿਸ ਕਰਕੇ ਉਹ ਸ਼ੁਰੂ ਤੋਂ ਹੀ ਐੱਸਆਈਟੀ ਨੂੰ ਸਹਿਯੋਗ ਦਿੰਦੇ ਰਹੇ ਹਨ’।

ਉਨ੍ਹਾਂ ਕਾਂਗਰਸ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਸਾਢੇ ਚਾਰ ਸਾਲ ਬਾਅਦ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਇਨ੍ਹਾਂ ਨੇ ਹਾਈਕੋਰਟ ਵਿੱਚ ਜਦੋਂ ਜਾਂਚ ਪੇਸ਼ ਕੀਤੀ ਤਾਂ ਹਾਈਕੋਰਟ ਨੇ ਕਿਹਾ ਸੀ ਕਿ ਇਸ ਵਿੱਚ ਕੋਈ ਤੱਥ, ਸਬੂਤ ਨਹੀਂ ਹੈ। ਜੋ ਕਾਂਗਰਸੀ ਕਹਿੰਦੇ ਹਨ ਕਿ ਸਰਕਾਰ ਅਦਾਲਤ ਵਿੱਚ ਜਾਂਚ ਚੰਗੀ ਤਰ੍ਹਾਂ ਪੇਸ਼ ਨਹੀਂ ਕਰ ਸਕੀ ਪਰ ਜਾਂਚ ਪੇਸ਼ ਕਰਨ ਦੀ ਗੱਲ ਤਾਂ ਬਾਅਦ ਵਿੱਚ ਹੈ, ਹਾਈਕੋਰਟ ਨੇ ਤਾਂ ਜਾਂਚ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਸੀ। ਸਾਨੂੰ ਨਵੀਂ SIT ‘ਤੇ ਬਿਲਕੁਲ ਭਰੋਸਾ ਨਹੀਂ ਹੈ, ਇਹ SIT ਸਿਆਸੀ ਤੌਰ ‘ਤੇ ਬਣਾਈ ਗਈ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਨੂੰ ਹਾਈਕੋਰਟ ਨੇ ਰੱਦ ਹੀ ਕਰ ਦਿੱਤਾ, ਉਸ ‘ਤੇ ਬਹਿਸ ਤੱਕ ਨਹੀਂ ਕੀਤੀ’।