ਪੰਜਾਬ ਵਿੱਚ ਡਿਪਟੀ ਮੁੱਖ ਮੰਤਰੀ ਦੀ ਨਿਯੁਕਤੀ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਸਨ ਜਿਸ ‘ਤੇ ਹੁਣ ਸਰਕਾਰ ਅਤੇ ਪਾਰਟੀ ਨੇ ਆਪਣੀ ਸਥਿਤੀ ਸਪੱਸ਼ਟ ਕਰ ਦਿੱਤੀ ਹੈ
‘ਦ ਖ਼ਾਲਸ ਬਿਊਰੋ :- ਸੋਮਵਾਰ ਨੂੰ ਪੰਜਾਬ ਮੰਤਰੀ ਮੰਡਲ ਦਾ ਵਿਸਥਾਰ ਹੋਇਆ ਸੀ। ਪੰਜ ਮੰਤਰੀਆਂ ਨੂੰ ਕੈਬਨਿਟ ਵਿੱਚ ਸ਼ਾਮਲ ਕੀਤਾ ਗਿਆ ਹੈ। ਹੁਣ ਖ਼ਬਰਾਂ ਆ ਰਹੀਆਂ ਸਨ ਕਿ ਜਲਦ ਹੀ ਡਿਪਟੀ ਸੀਐੱਮ ਦੀ ਨਿਯੁਕਤੀ ਵੀ ਹੋ ਸਕਦੀ ਹੈ ਪਰ ਸਰਕਾਰ ਨੇ ਪ੍ਰੈਸ ਰਿਲੀਜ਼ ਜਾਰੀ ਕਰਦੇ ਹੋਏ ਸਾਫ਼ ਕਰ ਦਿੱਤਾ ਹੈ ਕਿ ਸੂਬੇ ਵਿੱਚ ਡਿਪਟੀ ਮੁੱਖ ਮੰਤਰੀ ਦੀ ਨਿਯੁਕਤੀ ਨਹੀਂ ਹੋਵੇਗੀ। ਸਰਕਾਰ ਨੇ ਅਜਿਹੀ ਖ਼ਬਰਾਂ ਨੂੰ ਅਫਵਾਹ ਦੱਸਿਆ ਹੈ।
ਮਾਨ ਕੈਬਨਿਟ ਵਿੱਚ 14 ਮੰਤਰੀ
ਕੈਬਨਿਟ ਵਿੱਚ ਮੁੱਖ ਮੰਤਰੀ ਦੇ ਨਾਲ 17 ਕੈਬਨਿਟ ਮੰਤਰੀ ਹੁੰਦੇ ਹਨ। ਹੁਣ ਸੋਮਵਾਰ ਨੂੰ 5 ਨਵੇਂ ਮੰਤਰੀਆਂ ਦੇ ਸਹੁੰ ਚੁੱਕਣ ਤੋਂ ਬਾਅਦ ਇਹ ਗਿਣਤੀ 14 ਹੋ ਗਈ ਹੈ ਜਦਕਿ 3 ਮੰਤਰੀਆਂ ਦੇ ਅਹੁਦੇ ਹੁਣ ਵੀ ਖਾਲੀ ਹਨ। ਮੰਨਿਆ ਜਾ ਰਿਹਾ ਹੈ ਕਿ ਲੋਕਸਭਾ ਚੋਣਾਂ ਤੋਂ ਠੀਕ ਪਹਿਲਾਂ ਪਾਰਟੀ ਤਿੰਨ ਮੰਤਰੀਆਂ ਦੀ ਨਿਯੁਕਤੀ ਕਰ ਸਕਦੀ ਹੈ।
ਜਿਨ੍ਹਾਂ 5 ਨਵੇਂ ਕੈਬਨਿਟ ਮੰਤਰੀਆਂ ਨੇ ਸਹੁੰ ਚੁੱਕੀ ਸੀ, ਉਨ੍ਹਾਂ ਦੇ ਨਾਂ ਅਮਨ ਅਰੋੜਾ, ਡਾਕਟਰ ਇੰਦਰਬੀਰ ਸਿੰਘ ਨਿੱਝਰ,ਫੌਜਾ ਸਿੰਘ,ਅਨਮੋਲ ਗਗਨ ਮਾਨ ਅਤੇ ਚੇਤਨ ਸਿੰਘ ਜੋੜਮਾਜਰਾ ਹੈ।
ਡਾਕਟਰ ਨਿੱਝਰ ਨੂੰ ਸਥਾਨਕ ਸਰਕਾਰਾਂ ਬਾਰੇ ਮੰਤਰੀ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਅਮਨ ਅਰੋੜਾ ਨੂੰ ਸ਼ਹਿਰੀ ਵਿਕਾਸ ਵਿਭਾਗ ਦਿੱਤਾ ਗਿਆ ਹੈ ਜਦਕਿ ਜੋੜਾਮਾਜਰਾ ਨੂੰ ਸਿਹਤ ਮੰਤਰੀ ਦੀ ਜ਼ਿੰਮੇਵਾਰੀ ਮਿਲੀ ਹੈ।
ਅਨਮੋਲ ਗਗਨ ਮਾਨ ਨੂੰ ਸੈਰ ਸਪਾਟਾ ਵਿਭਾਗ ਸੌਂਪਿਆ ਗਿਆ ਹੈ, ਫੌਜਾ ਸਿੰਘ ਨੂੰ ਫੂਡ ਪ੍ਰੋਸੈਸਿੰਗ ਦਾ ਚਾਰਜ ਦਿੱਤਾ ਗਿਆ ਹੈ। ਕੁੱਝ ਮੰਤਰੀ ਦੇ ਵਿਭਾਗਾਂ ਵਿੱਚ ਵੀ ਫੇਰਬਦਲ ਕੀਤਾ ਗਿਆ ਹੈ।
ਕੈਬਨਿਟ ਮੰਤਰੀ ਮੀਤ ਹੇਅਰ ਤੋਂ ਸਕੂਲੀ ਸਿੱਖਿਆ ਵਿਭਾਗ ਲੈ ਕੇ ਹਰਜੋਤ ਬੈਂਸ ਨੂੰ ਸੌਂਪਿਆ ਗਿਆ ਹੈ ਜਦਕਿ ਮੰਤਰੀ ਕੁਲਦੀਪ ਧਾਲੀਵਾਲ ਨੂੰ ਪੰਚਾਇਤ ਮੰਤਰੀ ਦੇ ਨਾਲ ਖੇਤੀਬਾੜੀ ਵਿਭਾਗ ਦੀ ਅਹਿਮ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ।