‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਕ੍ਰਿਸ਼ਨਾ ਚੈਰੀਟੇਬਲ ਹਸਪਤਾਲ ਵਿੱਚ ਆਕਸੀਜਨ ਦੀ ਘਾਟ ਕਾਰਨ 5 ਕਰੋਨਾ ਮਰੀਜ਼ਾਂ ਦੀ ਮੌਤ ਹੋਣ ਦਾ ਦਾਅਵਾ ਕਰਨ ਵਾਲੀ ਖਬਰ ਬਾਰੇ ਸਪੱਸ਼ਟ ਕਰਦਿਆਂ ਕਿਹਾ ਕਿ ਇਹ ਖਬਰ ਝੂਠੀ ਫੈਲਾਈ ਜਾ ਰਹੀ ਹੈ। ਆਕਸੀਜਨ ਦੀ ਘਾਟ ਕਾਰਨ ਕਿਸੇ ਵੀ ਮਰੀਜ਼ ਦੀ ਮੌਤ ਨਹੀਂ ਹੋਈ ਹੈ ਅਤੇ ਅਜਿਹੀ ਖ਼ਬਰ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਝੂਠੀ ਹੈ। ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਲੁਧਿਆਣਾ ਵਿੱਚ ਆਕਸੀਜਨ ਦੀ ਕੋਈ ਕਮੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਕ੍ਰਿਸ਼ਨਾ ਚੈਰੀਟੇਬਲ ਹਸਪਤਾਲ ਨੂੰ ਅਸੀਂ ਰੋਜ਼ਾਨਾ ਡੇਢ ਸੌ ਤੋਂ ਜ਼ਿਆਦਾ ਆਕਸੀਜਨ ਸਿਲੰਡਰ ਦਿੰਦੇ ਹਾਂ। ਇਸ ਲਈ ਇਹ ਮੌਤਾਂ ਕਰੋਨਾ ਕਾਰਨ ਹੋਈਆਂ ਹਨ ਪਰ ਇੱਕ ਚੈਨਲ ਨੇ ਬਿਨਾਂ ਕੋਈ ਪੁਸ਼ਟੀ ਕੀਤਿਆਂ ਇਹ ਖਬਰ ਚਲਾ ਦਿੱਤੀ ਹੈ। ਇੱਥੋਂ ਤੱਕ ਕਿ ਉਸ ਚੈਨਲ ਦੇ ਇੱਕ ਕਰਮੀ ਨੇ ਕਰੋਨਾ ਵਾਰਡ ਦੇ ਅੰਦਰ ਜਾ ਕੇ ਇੱਕ ਵੀਡੀਓ ਵੀ ਬਣਾਈ ਹੈ ਜੋ ਕਿ ਮਨੁੱਖਤਾ ਦੇ ਖਿਲਾਫ ਹੈ ਕਿਉਂਕਿ ਇਸ ਨਾਲ ਹੋਰਾਂ ‘ਤੇ ਬੁਰਾ ਪ੍ਰਭਾਵ ਪੈਂਦਾ ਹੈ ਕਿਉਂਕਿ ਕਰੋਨਾ ਮਰੀਜ਼ਾਂ ਦੀ ਹਾਲਤ ਵੇਖ ਕੇ ਹਰ ਕੋਈ ਡੋਲ ਸਕਦਾ ਹੈ। ਮੇਰੀ ਉਨ੍ਹਾਂ ਨੂੰ ਅਪੀਲ ਹੈ ਕਿ ਲੋਕਾਂ ਤੱਕ ਝੂਠੀਆਂ ਖਬਰਾਂ ਨਾ ਪਹੁੰਚਾਈਆਂ ਜਾਣ। ਜੇਕਰ ਕਿਸੇ ਨੇ ਕਾਨੂੰਨ ਤੋੜਿਆ ਤਾਂ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਦਰਅਸਲ, ਇਹ ਖਬਰ ਅੱਜ ਸਵੇਰੇ ਇੱਕ ਪੰਜਾਬੀ ਨਿਊਜ਼ ਚੈਨਲ (ਨਿਊਜ਼ 18 ਪੰਜਾਬ) ਵੱਲੋਂ ਚਲਾਈ ਗਈ ਸੀ ਕਿ ਲੁਧਿਆਣਾ ਵਿੱਚ ਆਕਸੀਜਨ ਦੀ ਕਮੀ ਕਾਰਨ ਕਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ।