ਲੋਕਾਂ ਨੂੰ ਇੱਕਠੇ ਰਹਿਣ ਦੀ ਕੀਤੀ ਅਪੀਲ
‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਵਿੱਖੇ ਹੋਏ ਸੂਬਾ ਪੱਧਰੀ ਸਮਾਗਮਾਂ ਵਿੱਚ ਸ਼ਿਰਕਤ ਕੀਤੀ।ਸਮਾਗਮ ਦੀ ਸ਼ੁਰੂਆਤ ਵਿੱਚ ਮੁੱਖ ਮੰਤਰੀ ਮਾਨ ਨੇ ਤਿਰੰਗਾ ਝੰਡਾ ਲਹਿਰਾਇਆ ਤੇ ਪਰੇਡ ਦਾ ਨਿਰੀਖਣ ਕੀਤਾ।ਉਹਨਾਂ ਦੇ ਨਾਲ ਡੀਜੀਪੀ ਪੰਜਾਬ
ਗੋਰਵ ਯਾਦਵ ਤੇ ਮੁੱਖ ਸਕੱਤਰ ਵੀਕੇ ਜੰਜੂਆ ਵੀ ਸਨ।ਪੰਜਾਬ ਵਾਸੀਆਂ ਦੇ ਨਾਂ ਆਪਣੇ ਸੰਦੇਸ਼ ਵਿੱਚ ਉਹਨਾਂ ਸੂਬੇ ਦੇ ਲੋਕਾਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ।ਆਪਣੇ ਸੰਬੋਧਨ ਵਿੱਚ ਉਹਨਾਂ ਤਿਰੰਗੇ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬੀਆਂ ਤੋਂ ਵੱਧ ਕੇ ਇਸ ਤਿਰੰਗੇ ਦੇ ਕੋਈ ਨੇੜੇ ਨਹੀਂ ਹੈ। ਪੰਜਾਬ ਦੇ ਪੁੱਤ ਇਸ ਤਿਰੰਗੇ ਵਿੱਚ ਲਿਪਟ ਕੇ ਆਉਂਦੇ ਹਨ ਤਾਂ ਜੋ ਇਹ ਤਿਰੰਗਾ ਉੱਚਾ ਰਹੇ।ਦੇਸ਼ ਦੀ ਆਜ਼ਾਦੀ ਲਈ ਜਾਨ ਵਾਰਨ ਵਾਲੇ ਸੂਰਮਿਆਂ ਨੂੰ ਅੱਜ ਸਿਜ਼ਦਾ ਕਰਨਾ ਬਣਦਾ ਹੈ ਜਿਹਨਾਂ ਦੇਸ਼ ਲਈ ਜਾਨ ਕੁਰਬਾਨ ਕਰ ਦਿੱਤੀ ਪਰ ਉਹਨਾਂ ਨੂੰ ਆਜ਼ਾਦੀ ਦੇਖਣੀ ਵੀ ਨਸੀਬ ਨਹੀਂ ਹੋਈ ਸੀ।ਅੱਜ ਵੀ ਪੰਜਾਬ ਦੇ ਜੁਆਨ ਦੇਸ਼ ਦੀ ਸਰਹੱਦ ‘ਤੇ ਡੱਟੇ ਹੋਏ ਹਨ।
ਉਹਨਾਂ ਅੱਜ ਸ਼ਹੀਦੇ ਆਜ਼ਮ ਸ.ਭਗਤ ਸਿੰਘ ਦੇ ਚਾਚਾ ਜੀ ਸ. ਅਜੀਤ ਸਿੰਘ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ 15 ਅਗਸਤ 1947 ਮੌਕੇ ਉਹ ਇਸ ਦੁਨਿਆਂ ਤੋਂ ਰੁਖਸਤ ਹੋਏ ਸੀ ਤੇ ਉਹਨਾਂ ਦੇ ਆਖਰੀ ਸ਼ਬਦ ਸਨ “ਚਲੋ ਸ਼ੁਕਰ ਆ,ਆਖਰੀ ਸਾਹ ਆਜ਼ਾਦ ਮੁਲਕ ਵਿੱਚ ਲਿਆ”
ਮਾਨ ਨੇ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਦੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਜ਼ੁਲਮ ਦੇ ਖਿਲਾਫ ਬੋਲਣ ਦਾ ਸੱਦਾ ਬਾਬੇ ਨਾਨਕ ਨੇ ਬਾਬਰ ਦੇ ਜ਼ੁਲਮ ਦੇ ਖਿਲਾਫ ਬੋਲ ਕੇ ਦਿੱਤਾ ਸੀ।
ਉਹਨਾਂ ਹੀ ਔਰਤ ਦੇ ਹੱਕ ਲਈ ਆਵਾਜ਼ ਬੁਲੰਦ ਕੀਤੀ ਸੀ।
ਪਰ ਅੱਜ ਹਾਲਾਤ ਇਹ ਨੇ ਕਿ ਧੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ। ਮਾਨ ਨੇ ਮਾਂ ਦੇ ਪੇਟ ਵਿੱਚ ਪਲ ਰਹੀ ਧੀ ਦੇ ਨਾਲ ਸੰਵਾਦ ਤੇ ਕੁੱਝ ਕਾਵਿ ਸਤਰਾਂ ਬੋਲ ਕੇ ਇਸ ਦਰਦ ਨੂੰ ਬਿਆਨ ਕੀਤਾ।
“ਆਜਾ ਬੈਠ ਨੀ ਮਾਏ ,ਗੱਲਾਂ ਕਰੀਏ ਕੰਮ ਦੀਆਂ
ਸੁਖਦੇਵ,ਰਾਜਗੁਰੂ ਭਗਤ ਸਿੰਘ, ਮਾਵਾਂ ਹੀ ਨੇ ਜੰਮਦੀਆਂ
ਕੀ ਪਤਾ ਮੈਂ ਵੀ ਜੰਮ ਦੇਵਾਂ ਕੋਈ ਅੰਗਮੜਾ ਮਰਦ ਨੀ ਮਾਏ
ਕੁੱਖ ਦੇ ਵਿੱਚ ਕਤਲ ਨਾ ਕਰਾਈਂ,ਏਹੀ ਮੇਰੀ ਅਰਜ਼ ਨੀ ਮਾਏ”
ਉਹਨਾਂ ਅਪੀਲ ਕੀਤੀ ਕਿ ਕੁੜੀਆਂ ਨੂੰ ਮੌਕਾ ਮਿਲਣਾ ਚਾਹੀਦਾ ਹੈ। ਹਰ ਜਗਾ,ਹਰ ਪ੍ਰੀਖਿਆ ਵਿੱਚ ਕੁੜੀਆਂ ਅੱਗੇ ਹਨ। ਪੰਜਵੀ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ,ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਤੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਵੀ ਜ਼ੁਲਮ ਦੇ ਖਿਲਾਫ ਲੜਨਾ ਸਿਖਾਇਆ ਹੈ। ਭਗਤ ਸਿੰਘ ਵੀ ਲੜੇ ਸੀ ਪਰ ਉਹਨਾਂ ਦੇ ਸੁਪਨਿਆਂ ਵਾਲੀ ਆਜ਼ਾਦੀ ਹਾਲੇ ਤੱਕ ਸਾਡੇ ਕੋਲ ਨਹੀਂ ਪਹੁੰਚੀ ਹੈ।ਅਸੀਂ ਇਸਨੂੰ ਆਜ਼ਾਦੀ ਕਹਿੰਦੇ ਜ਼ਰੂਰ ਹਾਂ ਪਰ ਸਾਡੇ ਬਜ਼ੁਰਗਾਂ ਲਈ ਇਹ ਹੱਲਿਆਂ ਦਾ ਦਿਨ ਸੀ।ਇਸ ਆਜ਼ਾਦੀ ਨੇ 10 ਲੱਖ ਲੋਕਾਂ ਦਾ ਲਹੂ ਪੀਤਾ ਹੈ ਤੇ ਕਈ ਪਰਿਵਾਰ ਆਪਣਿਆਂ ਤੋਂ ਵਿੱਛੜੇ ਸਨ।
ਅੱਜ ਕਰਤਾਰਪੁਰ ਸਾਹਿਬ ਲਾਂਘਾਂ ਖੁੱਲਿਆ ਹੈ ਤੇ ਖਬਰਾਂ ਆਉਂਦਿਆਂ ਕਿ ਵਿਛੜਿਆਂ ਦਾ ਸਾਲਾਂ ਬਾਅਦ ਮੇਲ ਹੋਇਆ ਹੈ।
ਆਜ਼ਾਦੀ ਲੈ ਕੇ ਵੀ ਬਹੁਤ ਕੁਝ ਲੈ ਕੇ ਆਈ ਹੈ ਪਰ ਸਾਡਾ ਲੈ ਕੇ ਵੀ ਬਹੁਤ ਕੁਝ ਗਈ ਹੈ।
ਪੰਜਾਬ ਵਿੱਚੋਂ ਨੌਜਵਾਨਾਂ ਦੇ ਬਾਹਰ ਜਾਣ ਦੇ ਰੁਝਾਨ ‘ਤੇ ਬੋਲਦਿਆਂ ਮਾਨ ਨੇ ਕਿਹਾ ਕਿ ਸਾਡੇ ਬੱਚੇ ਬਾਹਰ ਜਾਣ ਲਈ ਮਜਬੂਰ ਹਨ ਪਰ ਅਸੀਂ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਕਰਾਂਗੇ, ਨਵੇਂ ਸਕੂਲ ਖੋਲੇ ਜਾਣਗੇ ਤੇ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਕੀਤੇ ਜਾਣਗੇ।ਉਹਨਾਂ ਪੰਜਾਬੀਆਂ ਨੂੰ ਬੇਨਤੀ ਕਿ ਕਿ ਬਾਹਰ ਜਾਣ ਦੀ ਬਜਾਇ ਇਥੇ ਹੀ ਰਹਿਣ।ਅਸੀਂ ਉਹਨਾਂ ਗੋਰਿਆਂ ਨੂੰ ਇਥੋਂ ਕੱਢਿਆ ਹੈ,ਹੁਣ ਪੈਸੇ ਖਰਚ ਕੇ ਉਹਨਾਂ ਕੋਲ ਜਾ ਰਹੇ ਹਾਂ ।
ਉਹਨਾਂ ਇਹ ਵੀ ਕਿਹਾ ਹੈ ਕਿ ਅਸਲ ਆਜ਼ਾਦੀ ਓਦੋਂ ਮਿਲੇਗੀ,ਜਦੋਂ ਸਰਕਾਰੀ ਸਕੂਲਾਂ ਵਿੱਚ ਪੜ ਕੇ ਬੱਚੇ ਵੱਡੀਆਂ ਪੋਸਟਾਂ ‘ਤੇ ਲੱਗਣਗੇ,ਰਿਸ਼ਵਤਖੋਰੀ ਖਤਮ ਹੋਏਗੀ ਤੇ ਸਾਡੇ ਪੰਜਾਬ ਦੇ ਖਿਡਾਰੀ ਵੱਡੀਆਂ ਵੱਡੀਆਂ ਖੇਡਾਂ ਵਿਚ ਮੈਡਲ ਲੈ ਕੇ ਆਉਣਗੇ।ਹਰ ਬੱਚੇ ਨੂੰ ਇਥੇ ਹੀ ਬੜਾ ਵਧੀਆ ਮੌਕਾ ਮਿਲੇਗਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਆਜ਼ਾਦੀ ਦਿਹਾੜੇ ਮੌਕੇ 75 ‘ਆਮ ਆਦਮੀ ਕਲੀਨਿਕ’ ਸੂਬੇ ਦੇ ਲੋਕਾਂ ਨੂੰ ਸਮਰਪਿਤ ਹੋ ਰਹੇ ਹਨ। ਚੋਣਾਂ ਦੌਰਾਨ ਅਸੀਂ ਪੰਜਾਬੀਆਂ ਨੂੰ ਇੱਕ ਗਾਰੰਟੀ ਦਿੱਤੀ ਸੀ ਕਿ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ। ਇਹ ਗਾਰੰਟੀ ਹੁਣ ਪੂਰੀ ਹੋਣ ਜਾ ਰਹੀ ਹੈ। ਪੰਜਾਬ ਵਿੱਚ ਸਿਹਤ ਕ੍ਰਾਂਤੀ ਦੀ ਸ਼ੁਰੂਆਤ ਹੋ ਚੁੱਕੀ ਹੈ।ਹੁਣ ਇਲਾਜ ਲਈ ਲੋਕਾਂ ਨੂੰ ਵੱਡੇ ਹਸਪਤਾਲਾਂ ਵਿੱਚ ਜਾਣ ਦੀ ਲੋੜ ਨਹੀਂ ।
ਆਟਾ ਦਾਲ ਸਕੀਮ ਤੇ ਬੋਲਦਿਆਂ ਉਹਨਾਂ ਕਿਹਾ ਕਿ ਸਰਕਾਰ ਦੀ ਪਹਿਲੀ ਕੋਸ਼ਿਸ ਤਾਂ ਇਹ ਹੋਏਗੀ ਕਿ ਲੋਕਾਂ ਨੂੰ ਹਰ ਤਰਾਂ ਨਾਲ ਆਤਮ ਨਿਰਭਰ ਬਣਾਇਆ ਜਾਵੇ।ਫਿਰ ਵੀ ਜਿਸ ਕਿਸੇ ਨੂੰ ਵੀ ਇਸ ਦੀ ਲੋੜ ਹੈ,ਉਸ ਨੂੰ ਇਹ ਸਹੂਲਤ ਜ਼ਰੂਰ ਮਿਲੇਗੀ।ਇਹ ਕੰਮ ਪਿਛਲੀਆਂ ਸਰਕਾਰਾਂ ਵੀ ਕਰ ਸਕਦੀਆਂ ਸਨ ਪਰ ਉਹਨਾਂ ਲੋਕਾਂ ਨੂੰ ਰੱਜ ਕੇ ਲੁਟਿਆ।
ਸ਼ਹੀਦ ਏ ਆਜ਼ਮ ਦਾ ਜ਼ਿਕਰ ਕਰਦਿਆਂ ਉਹਨਾਂ ਇਹ ਕਿਹਾ ਕਿ ਭਗਤ ਸਿੰਘ ਨੂੰ ਇਹ ਫਿਕਰ ਨੀ ਸੀ ਕਿ ਮੁਲਕ ਆਜ਼ਾਦ ਕਦੋਂ ਹੋਊ,ਇਹ ਸੀ ਕਿ ਆਜ਼ਾਦ ਹੋ ਕੇ ਜਾਉ ਕਿਹਨਾਂ ਦੇ ਹੱਥ ਵਿੱਚ?
ਅੱਜ ਉਹਨਾਂ ਦੀ ਸ਼ਹਾਦਤ ‘ਤੇ ਵੀ ਸਵਾਲ ਉਠਾਇਆ ਜਾਣ ਲੱਗਾ ਹੈ ।ਇਸ ਮੌਕੇ ਮਾਨ ਨੇ ਭਗਤ ਸਿੰਘ ਦਾ ਇੱਕ ਸ਼ੇਅਰ ਵੀ ਬੋਲਿਆ।
“ਇਸ਼ਕ ਕਰਨਾ ਸਬ ਕਾ ਪੈਦਾਇਸ਼ੀ ਹੱਕ ਹੈ
ਕਿਉਂ ਨਾ ਇਸ ਵਾਰ ਵਤਨ ਕੀ ਸਰਜ਼ਮੀਂ ਕੋ ਮਹਿਬੂਬ ਬਨਾ ਲਿਆ ਜਾਏ”
ਸਨਅਤੀ ਸ਼ਹਿਰ ਲੁਧਿਆਣੇ ਨੂੰ ਉਹਨਾਂ ਪੰਜਾਬ ਦਾ ਦਿਲ ਦੱਸਦਿਆ ਕਿਹਾ ਕਿ ਇਹ ਪੰਜਾਬ ਦਾ ਮਾਨਚੈਸਟਰ ਹੈ।ਇਥੇ ਹੋਰ
ਇੰਡਸਟਰੀ ਲਿਆਂਦੀ ਜਾਵੇਗੀ ਭਾਵੇਂ ਪਿਛਲੀਆਂ ਸਰਾਕਰਾਂ ਨੇ ਸਨਅਤ ਦਾ ਬੁਰਾ ਹਾਲ ਕੀਤਾ ਹੈ। ਉਹਨਾਂ ਇਹ ਵੀ ਐਲਾਨ ਕੀਤਾ ਕਿ ਬੁੱਢੇ ਨਾਲੇ ਦਾ ਪਾਣੀ ਸਾਫ ਕੀਤਾ ਜਾਵੇਗਾ।ਇਸ ਲਈ 650 ਕਰੋੜ ਰੁਪਏ ਅਲੱਗ ਤੋਂ ਰੱਖੇ ਗਏ ਹਨ।
ਆਪਣੇ ਸੰਬੋਧਨ ਦੇ ਅਖੀਰ ਵਿੱਚ ਉਹਨਾਂ ਪੰਜਾਬੀਆਂ ਦਾ ਆਪ ਤੇ ਭਰੋਸਾ ਕਰਨ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਹੁਣ ਮੇਰੀ ਵਾਰੀ ਹੈ। ਤੁਸੀਂ ਮੈਨੂੰ ਅੱਗੇ ਲਿਆਂਦਾ ਹੈ ,ਮੈਂ ਪੌਣੇ ਤਿੰਨ ਕਰੋੜ ਪੰਜਾਬੀਆਂ ਨੂੰ ਅੱਗੇ ਰਖਾਂਗਾ।ਆਪਾਂ ਭਾਈਚਾਰਕ ਸਾਂਝ ਕਾਇਮ ਰੱਖੀਏ,ਇੱਕਠੇ ਰਹੀਏ,ਦੁਸ਼ਮਣ ਨੂੰ ਇਹ ਦੱਸ ਦਈਏ ਕਿ ਪੰਜਾਬ ਦੀ ਧਰਤੀ ਉਪਜਾਉ ਜ਼ਰੂਰ ਹੈ ਪਰ ਇਥੇ ਨਫਰਤ ਦੇ ਬੀਜ ਨਹੀਂ ਉਗਣਗੇ।