India Punjab

ਸਾਡੇ ਧਾਰਮਿਕ ਕੰਮਾਂ ਵਿਚ ਨਾ ਦੇਵੇ ਕੋਈ ਸਰਕਾਰ ਦਖ਼ਲਅੰਦਾਜ਼ੀ : ਹਰਸਿਮਰਤ ਕੌਰ ਬਾਦਲ

ਦਿੱਲੀ : ਅੱਜ ਲੋਕ ਸਭਾ ਵਿਚ ਬੋਲਦਿਆਂ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਕੇਂਦਰ ਸਰਕਾਰ ਅਤੇ ਵਿਰੋਧੀ ਧਿਰਾਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ 400 ਪਾਰ ਦਾ ਨਾਅਰਾ ਦੇਣ ਵਾਲੇ ਅਤੇ ਈਡੀ ਅਤੇ ਸੀਬੀਆਈ ਦਾ ਸਹਾਰਾ ਲੈਣ ਵਾਲੇ 240 ਤੱਕ ਹੀ ਸੀਮਟ ਕੇ ਰਹਿ ਗਏ ਹਨ ਅਤੇ ਇਸ ਦੇ ਬਾਵਜੂਦ ਆਪਣੀ ਪਿੱਠ ਥਾਪੜ ਰਹੇ ਹਨ। ਬਾਦਲੇ ਨੇ ਕਿਹਾ ਕਿ ਰਾਹੁਲ ਗਾਂਧੀ ਇਹ ਪੱਕਾ ਕਰਨ ਕਿ ਉਹ ਆਮ ਆਦਮੀ ਪਾਰਟੀ ਵੱਲੋਂ ਵੀ ਵਿਰੋਧੀ ਧਿਰ ਦੇ ਲੀਡਰ ਹਨ।

ਬਾਦਲ ਨੇ ਕਿਹਾ ਕਿ ਪੰਜਾਬ ਵਿਚ ਅੱਜ ਨਸ਼ਿਆਂ ਦਾ ਬੋਲਬਾਲਾ ਹੈ। ਉਨ੍ਹਾਂ ਕਾਂਗਰਸ ਤੇ ਆਪ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਨ੍ਹਾਂ ਸਾਰਿਆਂ ਨੇ ਧਾਰਮਿਕ ਗ੍ਰੰਥਾਂ ਦੀਆਂ ਕਸਮਾਂ ਖਾਧੀਆਂ ਸਨ ਕਿ ਇਹ ਸੂਬੇ ਵਿਚੋਂ ਨਸ਼ਾ ਖ਼ਤਮ ਕਰ ਦੇਣਗੇ ਪਰ ਕਿਸੇ ਨੇ ਵੀ ਇਸ ਵੱਲ ਕੋਈ ਧਿਆਨ ਦਿੱਤਾ ਤੇ ਨਸ਼ਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ।

ਸੂਬੇ ਦਾ ਮੁੱਖ ਮੰਤਰੀ ਚੁੱਪ ਧਾਰੀ ਬੈਠਾ

ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਨੌਜਵਾਨੀ ਅਤੇ ਇੰਡਸਟਰੀ ਸਭ ਕੁਝ ਸੂਬੇ ਤੋਂ ਬਾਹਰ ਜਾ ਰਹੇ ਹਨ, ਇਸ ਨੂੰ ਰੋਕਣ ਲਈ ਵਿਸ਼ੇਸ਼ ਕਦਮ ਚੁੱਕੇ ਜਾਣੇ ਚਾਹੀਦੇ ਹਨ ਪਰ ਸੂਬੇ ਦਾ ਮੁੱਖ ਮੰਤਰੀ ਚੁੱਪ ਧਾਰੀ ਬੈਠਾ ਹੈ। ਉਨ੍ਹਾਂ ਕਿਸਾਨਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਅੱਜ ਪੰਜਾਬ ਦਾ ਕਿਸਾਨ ਨਿਰਾਸ਼ਾ ਦੇ ਆਲਮ ਵਿਚ ਹੈ, ਕਿਉਂਕਿ ਉਨ੍ਹਾਂ ਨਾਲ ਐਮ.ਐਸ.ਪੀ. ਸੰਬੰਧੀ ਕੇਂਦਰ ਸਰਕਾਰ ਵਲੋਂ ਜੋ ਵਾਅਦੇ ਕੀਤੇ ਗਏ ਸਨ, ਉਸ ਨੂੰ ਅੱਜ ਤੱਕ ਪੂਰਾ ਨਹੀਂ ਕੀਤਾ ਗਿਆ ਅਤੇ ਕਿਸਾਨੀ ਅੰਦੋਲਨ ਦੌਰਾਨ ਉਨ੍ਹਾਂ ਕਿੰਨੇ ਹੀ ਕਿਸਾਨ ਸ਼ਹੀਦ ਕਰ ਦਿੱਤੇ।

ਉਨ੍ਹਾਂ ਨੇ ਕਿਹਾ ਕਿ ਅਟਾਰੀ-ਵਾਹਗਾ ਤੇ ਹੁਸੈਨੀਵਾਲਾ ਬਾਰਡਰ ਖੋਲ੍ਹਿਆ ਜਾਵੇ ਤਾਂ ਜੋ ਸਾਡੇ ਬਾਰਡਰਾਂ ਤੋਂ ਵਪਾਰ ਹੋ ਸਕੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਡੇ ਧਾਰਮਿਕ ਕੰਮਾਂ ਵਿਚ ਕਿਸੇ ਵੀ ਸਰਕਾਰ ਵਲੋਂ ਕੋਈ ਦਖ਼ਲ ਅੰਦਾਜ਼ੀ ਨਾ ਕੀਤੀ ਜਾਵੇ।

ਅੰਮ੍ਰਿਤਪਾਲ ਦੀ ਸਹੁੰ ਮਾਮਲਾ ਸੰਸਦ ‘ਚ ਉਠਾਇਆ

ਬਾਦਲ ਨੇ ਅੰਮ੍ਰਿਤਪਾਲ ਦੇ ਸਹੁੰ ਚੁੱਕਣ ਦਾ ਮਾਮਲਾ ਵੀ ਸੰਸਦ ‘ਚ ਚੁੱਕਿਆ । ਉਨ੍ਹਾਂ ਨੇ ਕਿਹਾ ਕਿ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਨੂੰ ਸਰਕਾਰ ਸਹੁੰ ਨਾ ਚੁਕਾਉਣਾ ਇਹ ਦੁਰਸਾਉਂਦਾ ਹੈ ਕਿ ਕੇਂਦਰ ਸਰਕਾਰ ਸਿੱਖਾਂ ਨਾਲ ਧੱਕਾ ਕਰ ਰਹੀ ਹੈ।

ਇੱਕ ਬੂੰਦ ਵੀ ਪੰਜਾਬ ਦੇ ਪਾਣੀ ਦੀ ਬਾਹਰ ਨਹੀਂ ਜਾਣ ਦੇਵਾਂਗੇ

ਪੰਜਾਬ ਦੇ ਪਾਣੀਆਂ ਦੇ ਮੁੱਦੇ ‘ਤੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ, ਕਾਂਗਰਸ ਅਤੇ ਬੀਜੇਪੀ ਮਿਲ ਕੇ ਪੰਜਾਬ ਦੇ ਪਾਣੀਆਂ ;ਤੇ ਕਬਜ਼ਾ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ SYL ਨਹਿਰ ਕੱਢ ਕੇ ਇਹ ਸਾਰੇ ਪੰਜਾਬ ਦਾ ਪਾਣੀ ਪੰਜਾਬ ਕੋਲੋਂ ਖੋਹਣਾ ਚਾਹੁੰਦੇ ਹਨ। ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾ ਲਈ ਲੜਦਾ ਆਇਆ ਹੈ ਅਤੇ ਲੜਦਾ ਰਹੇ ਪਰ ਇੱਕ ਬੂੰਦ ਵੀ ਪੰਜਾਬ ਦੇ ਪਾਣੀ ਦੀ ਬਾਹਰ ਨਹੀਂ ਜਾਣ ਦੇਵੇਗਾ।