ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਵੋਟਰਾਂ ਵਿੱਚ ਖਾਸ ਉਤਸ਼ਾਹ ਨਹੀਂ ਵਿਖਾਈ ਦੇ ਰਿਹਾ। ਭਾਵੇਂ ਕੁਝ ਵੋਟਰ ਸਵੇਰੇ ਹੀ ਪੋਲਿੰਗ ਬੂਥਾਂ ‘ਤੇ ਪਹੁੰਚ ਗਏ ਸਨ, ਪਰ ਬੂਥਾਂ ‘ਤੇ ਵੋਟਰਾਂ ਦੀ ਗਿਣਤੀ ਘੱਟ ਰਹੀ ਹੈ। ਗ੍ਰਾਮ ਪੰਚਾਇਤ ਅਤੇ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਇਨ੍ਹਾਂ ਚੋਣਾਂ ਵਿੱਚ ਲੋਕਾਂ ਦਾ ਜੋਸ਼ ਘੱਟ ਵੇਖਣ ਨੂੰ ਮਿਲ ਰਿਹਾ ਹੈ। ਮਜੀਠਾ ਵਿਧਾਨ ਸਭਾ ਹਲਕੇ ਦੇ ਪਿੰਡ ਕਲੇਰ ਮਾਂਗਟ ਦੇ ਦੋ ਪੋਲਿੰਗ ਬੂਥਾਂ ਅਤੇ ਮਜੀਠਾ ਦਿਹਾਤੀ ਦੇ ਸੀਨੀਅਰ ਸੈਕੈਂਡਰੀ ਸਕੂਲ ਵਿਖੇ ਬਣੇ ਬੂਥਾਂ ‘ਤੇ ਵੋਟ ਪਾਉਣ ਆਉਣ ਵਾਲੇ ਵੋਟਰ ਬਹੁਤ ਘੱਟ ਵੇਖੇ ਗਏ।
ਮਜੀਠਾ ਅਤੇ ਨੇੜਲੇ ਇਲਾਕਿਆਂ ਵਿੱਚ ਵੋਟਿੰਗ ਪੂਰੀ ਤਰ੍ਹਾਂ ਸ਼ਾਂਤੀਪੂਰਨ ਅਤੇ ਅਮਨ-ਅਮਾਨ ਨਾਲ ਚੱਲ ਰਹੀ ਹੈ।ਇਸੇ ਤਰ੍ਹਾਂ ਖਡੂਰ ਸਾਹਿਬ ਬਲਾਕ ਸੰਮਤੀ ਜ਼ੋਨ ਵਿੱਚ ਵੀ ਸਵੇਰ ਤੋਂ ਵੋਟਰਾਂ ਵਿੱਚ ਉਤਸ਼ਾਹ ਨਹੀਂ ਦਿਖਾਈ ਦੇ ਰਿਹਾ। ਖਬਰ ਲਿਖੇ ਜਾਣ ਤੱਕ ਲਗਭਗ 20 ਫੀਸਦੀ ਵੋਟਾਂ ਹੀ ਪੈ ਚੁੱਕੀਆਂ ਸਨ ਅਤੇ ਬੂਥ ਜ਼ਿਆਦਾਤਰ ਖਾਲੀ ਨਜ਼ਰ ਆ ਰਹੇ ਸਨ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਖਡੂਰ ਸਾਹਿਬ ਤੋਂ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਕਾਰਨ ਇੱਥੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਨਹੀਂ ਪੈ ਰਹੀਆਂ। ਕੁੱਲ ਮਿਲਾ ਕੇ ਚੋਣਾਂ ਸ਼ਾਂਤਮਈ ਚੱਲ ਰਹੀਆਂ ਹਨ ਪਰ ਵੋਟਿੰਗ ਪ੍ਰਤੀਸ਼ਤ ਘੱਟ ਰਹਿਣ ਦੀ ਉਮੀਦ ਹੈ।

