The Khalas Tv Blog Punjab ਭ੍ਰਿਸ਼ਟਚਾਰ ਕਰਨ ਵਾਲੇ ਕਿਸੇ ਵੀ ਆਗੂ ਨੂੰ ਬਖਸ਼ਿਆ ਨਹੀਂ ਜਾਵੇਗਾ: ਮੁੱਖ ਮੰਤਰੀ ਮਾਨ
Punjab

ਭ੍ਰਿਸ਼ਟਚਾਰ ਕਰਨ ਵਾਲੇ ਕਿਸੇ ਵੀ ਆਗੂ ਨੂੰ ਬਖਸ਼ਿਆ ਨਹੀਂ ਜਾਵੇਗਾ: ਮੁੱਖ ਮੰਤਰੀ ਮਾਨ

No corrupt leader will be spared: Chief Minister Mann

ਭ੍ਰਿਸ਼ਟਚਾਰ ਕਰਨ ਵਾਲੇ ਕਿਸੇ ਵੀ ਆਗੂ ਨੂੰ ਬਖਸ਼ਿਆ ਨਹੀਂ ਜਾਵੇਗਾ: ਮੁੱਖ ਮੰਤਰੀ ਮਾਨ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ( CM Bhagwant Mann  ) ਨੇ ਪੰਜਾਬ ਰਾਜ ਬਿਜਲੀ ਨਿਗਮ ਦੇ 603 ਉਮੀਦਵਾਰਾਂ ਨੂੰ ਚੰਡੀਗੜ੍ਹ ਸਥਿਤ ਮਿਉਂਸਿਪਲ ਭਵਨ ਵਿਖੇ ਨਿਯੁਕਤੀ ਪੱਤਰ ਸੌਂਪੇ। ਇਨ੍ਹਾਂ ਵਿੱਚ 476 ਕਲਰਕ, 68 ਜੇਈ (ਇਲੈਕਟ੍ਰੀਕਲ) ਅਤੇ 59 ਜੇਈ (ਸਬ-ਸਟੇਸ਼ਨ) ਹਨ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਰਾਜ ਬਿਜਲੀ ਨਿਗਮ ਵਿੱਚ ਸਹਾਇਕ ਲਾਈਨਮੈਨਾਂ ਦੀਆਂ 2100 ਅਸਾਮੀਆਂ ਅਗਲੇ ਮਹੀਨੇ ਭਰੀਆਂ ਜਾ ਰਹੀਆਂ ਹਨ।

ਇਨ੍ਹਾਂ ਅਸਾਮੀਆਂ ਲਈ ਪ੍ਰੀਖਿਆ ਹੋ ਚੁੱਕੀ ਹੈ ਅਤੇ ਨਤੀਜਾ ਵੀ ਇਸੇ ਹਫ਼ਤੇ ਐਲਾਨਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਨੌਕਰੀ ਸਿਰਫ਼ ਮੈਰਿਟ ਦੇ ਆਧਾਰ ’ਤੇ ਦਿੱਤੀ ਜਾਵੇਗੀ।ਮਾਨ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਸਾਬਕਾ ਮੰਤਰੀ ਵੀ ਆਪਣੇ ਗੁਨਾਹਾਂ ਦੀ ਸਜ਼ਾ ਭੁਗਤ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਭ੍ਰਿਸ਼ਟਾਚਾਰ ਕਰਨ ਵਾਲਾ ਭਾਵੇਂ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।

ਮਾਨ ਨੇ ਕਿਹਾ ਕਿ ‘ਆਪ’ ਸਰਕਾਰ ਨੇ ਅੱਠ ਮਹੀਨਿਆਂ ਵਿੱਚ ਹੁਣ ਤੱਕ 21 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਇਸ ਵੇਲੇ ਕਈ ਵਿਭਾਗਾਂ ਵਿਚ ਭਰਤੀ ਚੱਲ ਰਹੀ ਹੈ, ਜਿਸ ਨਾਲ ਹੋਰ ਨੌਜਵਾਨ ਨੌਕਰੀ ਹਾਸਲ ਕਰਨ ਦੇ ਯੋਗ ਹੋਣਗੇ। ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਪੀਐੱਸਪੀਸੀਐੱਲ ਵੱਲੋਂ ਜਲਦ ਹੀ 66 ਕੇਵੀ ਦੀ ਸਮਰੱਥਾ ਵਾਲੇ ਨਵੇਂ ਗਰਿੱਡ ਸਥਾਪਤ ਕਰਨ ਦੇ ਨਾਲ-ਨਾਲ ਜ਼ਮੀਨਦੋਜ਼ ਤਾਰਾਂ ਪਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਤਾਂ ਕਿ ਬਿਜਲੀ ਸਪਲਾਈ ਨੂੰ ਵਧੇਰੇ ਸੁਚਾਰੂ ਬਣਾਇਆ ਜਾ ਸਕੇ।

ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਦਫ਼ਤਰਾਂ ਵਿੱਚ ਹੋਣ ਵਾਲੀ ਬਿਜਲੀ ਦੀ ਖ਼ਪਤ ਦਾ ਭਾਰ ਘਟਾਉਣ ਲਈ ਛੇਤੀ ਹੀ ਸੂਬੇ ਦੀਆਂ ਸਰਕਾਰੀ ਇਮਾਰਤਾਂ ’ਤੇ ਸੌਰ ਊਰਜਾ ਪੈਨਲ ਲਗਾਏ ਜਾਣਗੇ।

ਮਾਨ ਨੇ ਕਿਹਾ ਕਿ ਸਰਕਾਰੀ ਇਮਾਰਤਾਂ ’ਤੇ ਸੌਰ ਊਰਜਾ ਪੈਨਲ ਲੱਗਣ ਨਾਲ ਸਰਕਾਰ ’ਤੇ ਬਿਜਲੀ ਬਿੱਲ ਦਾ ਬੋਝ ਘਟੇਗਾ ਅਤੇ ਵੱਡੀ ਆਰਥਿਕ ਬੱਚਤ ਵੀ ਹੋਵੇਗੀ। ਸੂਬੇ ਵਿੱਚ ਬਿਜਲੀ ਦਾ ਉਤਪਾਦਨ ਵਧਾਉਣ ਸਬੰਧੀ ਮੁੱਖ ਮੰਤਰੀ ਨੇ ਕਿਹਾ ਕਿ ਪੀਐੱਸਪੀਸੀਐੱਲ ਨੂੰ ਝਾਰਖੰਡ ਵਿੱਚ ਅਲਾਟ ਹੋਈ ਪਛਵਾੜਾ ਕੋਲ ਖਾਣ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਦਸੰਬਰ ਮਹੀਨੇ ਦੇ ਪਹਿਲੇ ਹਫ਼ਤੇ ਤੋਂ ਇਸ ਖਾਣ ਦਾ ਕੋਲਾ ਪੰਜਾਬ ਪੁੱਜਣਾ ਸ਼ੁਰੂ ਹੋ ਜਾਵੇਗਾ।

ਮਾਨ ਨੇ ਕਿਹਾ ਕਿ ‘ਆਪ’ ਵੱਲੋਂ ਚੋਣਾਂ ਤੋਂ ਪਹਿਲਾਂ ਸੂਬੇ ਦੇ ਲੋਕਾਂ ਨੂੰ ਜ਼ੀਰੋ ਬਿੱਲ ਦੀ ਗਾਰੰਟੀ ਦਾ ਵਾਅਦਾ ਪੂਰਾ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਨੂੰ ਹਰੇਕ ਬਿੱਲ ’ਤੇ 600 ਯੂਨਿਟ ਮੁਫ਼ਤ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਨਾਲ ਪਹਿਲੀ ਵਾਰ ਸੂਬੇ ਦੇ 86 ਫੀਸਦ ਪਰਿਵਾਰਾਂ ਦਾ ਬਿਜਲੀ ਬਿੱਲ ਜ਼ੀਰੋ ਆਇਆ ਹੈ। ਇਸ ਦੇ ਨਾਲ ਹੀ ਆਉਂਦੇ ਮਹੀਨੇ ਵਿੱਚ 95 ਫੀਸਦ ਤੋਂ ਵੱਧ ਪਰਿਵਾਰ ਮੁਫ਼ਤ ਬਿਜਲੀ ਦਾ ਲਾਭ ਉਠਾਉਣਗੇ।

Exit mobile version