The Khalas Tv Blog India ਸੁਪਰੀਮ ਕੋਰਟ ਵੱਲੋਂ ਕਾਇਮ ਕੀਤੀ ਕੋਈ ਵੀ ਕਮੇਟੀ ਇਸ ਮਸਲੇ ਦਾ ਹੱਲ ਨਹੀਂ ਹੈ – ਪੰਧੇਰ
India Punjab

ਸੁਪਰੀਮ ਕੋਰਟ ਵੱਲੋਂ ਕਾਇਮ ਕੀਤੀ ਕੋਈ ਵੀ ਕਮੇਟੀ ਇਸ ਮਸਲੇ ਦਾ ਹੱਲ ਨਹੀਂ ਹੈ – ਪੰਧੇਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਅਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦਿੱਲੀ ਵਿੱਚ ਕੁੰਡਲੀ-ਸਿੰਧੂ ਬਾਰਡਰ ਮੋਰਚੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਨਾ, ਸਾਰੀਆਂ ਫਸਲਾਂ ਦੀ ਖਰੀਦ, ਗਾਰੰਟੀ ਵਾਲਾ ਕਾਨੂੰਨ ਆਦਿ ਮੰਗਾਂ ਮੁੱਖ ਮੰਗਾਂ ਹਨ।

ਸੁਪਰੀਮ ਕੋਰਟ ਵੱਲੋਂ ਕਾਇਮ ਕੀਤੀ ਕੋਈ ਕਮੇਟੀ ਇਸ ਮਸਲੇ ਦਾ ਹੱਲ ਨਹੀਂ ਹੈ। ਮੋਦੀ ਸਰਕਾਰ ਧੋਖੇ ਦੀ ਨੀਤੀ ਉੱਤੇ ਚੱਲ ਰਹੀ ਹੈ ਅਤੇ ਪ੍ਰਚਾਰ ਮਾਧਿਅਮਾਂ ਰਾਹੀਂ ਫਰਜੀ ਜਥੇਬੰਦੀਆਂ ਖੜ੍ਹੀਆਂ ਕਰਕੇ ਉਹਨਾਂ ਕੋਲੋਂ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਦਾਅਵੇ ਕਰਵਾਏ ਜਾ ਰਹੇ ਹਨ। ਸਰਕਾਰ ਹੁਣ ਅਦਾਲਤ ਦੇ ਸਹਾਰੇ ਅੰਦੋਲਨ ਖਤਮ ਕਰਵਾਉਣਾ ਚਾਹੁੰਦੀ ਹੈ। ਮੋਦੀ ਸਰਕਾਰ ਦਾ ਅੜੀਅਲ ਰਵੱਈਆ ਹੀ ਬਾਬਾ ਰਾਮ ਸਿੰਘ ਜੀ ਸੰਘੇੜਾ ਦੀ ਮੌਤ ਦਾ ਕਾਰਨ ਬਣਿਆ ਹੈ। ਇਸ ਅੰਦੋਲਨ ਦੌਰਾਨ 20 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਨੂੰ ਅਸੀਂ ਸ਼ਹਾਦਤ ਮੰਨਦੇ ਹਾਂ।

ਉਨ੍ਹਾਂ ਨੇ ਭਾਰਤੀਆਂ ਅਤੇ ਪੰਜਾਬੀਆਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਜਿੱਥੇ ਵੀ ਭਾਜਪਾ ਦੇ ਕੇਂਦਰੀ ਅਤੇ ਸੂਬਾਈ ਲੀਡਰ ਅਤੇ ਮੰਤਰੀ ਆਉਂਦੇ ਹਨ, ਉਹਨਾਂ ਦਾ ਵਿਰੋਧ ਕੀਤਾ ਜਾਵੇ। ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਕਿਸਾਨਾਂ, ਮਜ਼ਦੂਰਾਂ ਨੂੰ ਭਰਮਾਉਣ ਵਾਲੇ ਹਨ। ਇਹ ਮੋਰਚਾ ਲੰਮਾ ਚੱਲੇਗਾ।

ਇਸ ਲਈ ਮਾਨਸਿਕ ਤਿਆਰੀ ਕਰਨ ਦੀ ਜ਼ਰੂਰਤ ਹੈ ਅਤੇ ਕਾਰਪੋਰੇਟ ਘਰਾਣਿਆਂ ਦੀਆਂ ਵਸਤੂਆਂ ਦਾ ਬਾਈਕਾਟ ਅਤੇ ਉਹਨਾਂ ਦੇ ਅਦਾਰਿਆਂ ਦਾ ਵਿਰੋਧ ਹੋਰ ਤੇਜ਼ ਕੀਤਾ ਜਾਵੇ। ਕਾਰਪੋਰੇਟ ਖਿਲਾਫ ਬਗਾਵਤ ਹੀ ਅਸਲ ਵਿੱਚ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਏਗੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਦਾ ਕੁੰਡਲੀ-ਸਿੰਧੂ ਬਾਰਡਰ ‘ਤੇ ਮੋਰਚਾ 19ਵੇਂ ਦਿਨ ਜਾਰੀ ਹੈ।

Exit mobile version