India Sports

ਭਾਰਤ ਨੇ ਹਾਸਲ ਕੀਤਾ ਦੂਜਾ ਸੋਨ ਤਗਮਾ! ਨਿਤੀਸ਼ ਕੁਮਾਰ ਨੇ ਬੈਡਮਿੰਟਨ ’ਚ ਬ੍ਰਿਟਿਸ਼ ਖਿਡਾਰੀ ਨੂੰ ਹਰਾਇਆ

ਬਿਉਰੋ ਰਿਪੋਰਟ: ਨਿਤੇਸ਼ ਕੁਮਾਰ ਨੇ ਪੈਰਾਲੰਪਿਕ 2024 ਵਿੱਚ ਸੋਨ ਤਮਗਾ ਜਿੱਤਿਆ ਹੈ। ਉਸ ਨੇ ਬੈਡਮਿੰਟਨ ਦੇ ਪੁਰਸ਼ ਸਿੰਗਲਜ਼ ਐਸਐਲ3 ਵਰਗ ਵਿੱਚ ਗ੍ਰੇਟ ਬ੍ਰਿਟੇਨ ਦੇ ਡੇਨੀਅਲ ਬੇਥਲ ਨੂੰ 21-14, 18-21, 23-21 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ। ਉਹ ਪੈਰਿਸ ਪੈਰਾਲੰਪਿਕ 2024 ਵਿੱਚ ਸੋਨ ਤਮਗਾ ਜਿੱਤਣ ਵਾਲਾ ਦੂਜਾ ਅਥਲੀਟ ਬਣ ਗਿਆ ਹੈ। ਕੁੱਲ ਮਿਲਾ ਕੇ 2024 ਪੈਰਾਲੰਪਿਕ ਖੇਡਾਂ ਵਿੱਚ ਭਾਰਤ ਦਾ ਇਹ ਨੌਵਾਂ ਤਮਗਾ ਹੈ।

ਨਿਤੇਸ਼ ਪਹਿਲੀ ਵਾਰ ਪੈਰਾਲੰਪਿਕ ਖੇਡਾਂ ’ਚ ਹਿੱਸਾ ਲੈ ਰਿਹਾ ਹੈ। ਉਸ ਨੇ ਪਹਿਲੀ ਹੀ ਕੋਸ਼ਿਸ਼ ’ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਹ ਹੁਣ ਪੈਰਾਲੰਪਿਕ ਦੇ ਬੈਡਮਿੰਟਨ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਣ ਵਾਲਾ ਤੀਜਾ ਭਾਰਤੀ ਅਥਲੀਟ ਬਣ ਗਿਆ ਹੈ। ਉਸ ਤੋਂ ਪਹਿਲਾਂ ਪ੍ਰਮੋਦ ਭਗਤ ਅਤੇ ਕ੍ਰਿਸ਼ਨਾ ਨਾਗਰ ਨੇ ਟੋਕੀਓ ਪੈਰਾਲੰਪਿਕ ਵਿੱਚ ਪੁਰਸ਼ ਸਿੰਗਲ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ ਸੀ।

ਭਾਰਤ ਦੀ ਝੋਲੀ ਵਿੱਚ ਨੌਵਾਂ ਤਮਗਾ

ਪੈਰਿਸ ਪੈਰਾਲੰਪਿਕ ਵਿੱਚ ਭਾਰਤ ਨੇ ਹੁਣ ਤੱਕ ਕੁੱਲ 9 ਤਗਮੇ ਜਿੱਤੇ ਹਨ। ਮੌਜੂਦਾ ਖੇਡਾਂ ਵਿੱਚ ਨਿਤੇਸ਼ ਕੁਮਾਰ ਬੈਡਮਿੰਟਨ ਵਿੱਚ ਤਮਗਾ ਜਿੱਤਣ ਵਾਲਾ ਪਹਿਲਾ ਅਥਲੀਟ ਬਣ ਗਿਆ ਹੈ। ਨਿਸ਼ਾਨੇਬਾਜ਼ੀ ਵਿੱਚ ਹੁਣ ਤੱਕ 4 ਮੈਡਲ ਜਿੱਤੇ ਜਾ ਚੁੱਕੇ ਹਨ। ਅਵਨੀ ਲੇਖਰਾ ਨੇ ਗੋਲਡ, ਮਨੀਸ਼ ਨਰਵਾਲ ਨੇ ਚਾਂਦੀ, ਮੋਨਾ ਅਗਰਵਾਲ ਅਤੇ ਰੁਬੀਨਾ ਫਰਾਂਸਿਸ ਨੇ ਕਾਂਸੀ ਦੇ ਤਗਮੇ ਜਿੱਤੇ ਹਨ।

ਦੇਸ਼ ਨੂੰ ਐਥਲੈਟਿਕਸ ਵਿੱਚ ਵੀ 4 ਮੈਡਲ ਮਿਲੇ ਹਨ। ਨਿਸ਼ਾਦ ਕੁਮਾਰ ਨੇ ਉੱਚੀ ਛਾਲ ਵਿੱਚ ਚਾਂਦੀ ਦਾ ਤਗ਼ਮਾ, ਯੋਗੇਸ਼ ਕਥੂਨੀਆ ਨੇ ਡਿਸਕਸ ਥਰੋਅ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਜਦਕਿ ਪ੍ਰੀਤੀ ਪਾਲ ਨੇ ਔਰਤਾਂ ਦੀ 100 ਮੀਟਰ ਅਤੇ 200 ਮੀਟਰ ਦੌੜ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ।