‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਫਗਾਨਿਸਤਾਨ ਵਿੱਚ ਸਿੱਖ ਭਾਈਚਾਰੇ ਦੇ ਹਾਲਾਤ ਹਮੇਸ਼ਾ ਚਰਚਾ ਵਿੱਚ ਰਹਿੰਦੇ ਹਨ। 25 ਮਾਰਚ 2020 ਨੂੰ ਆਈਐੱਸਆਈ ਨੇ ਕਾਬੁਲ ਦੇ ਗੁਰਦੁਆਰਾ ਸਾਹਿਬ ਉੱਤੇ ਹਮਲਾ ਕਰਕੇ 25 ਸਿੱਖਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਸਿੱਖਾਂ ਦੀ ਸੁਰੱਖਿਆ ਨੂੰ ਲੈ ਕੇ ਲਗਾਤਾਰ ਸਿੱਖ ਜਥੇਬੰਦੀਆਂ ਵੱਲੋਂ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
ਅਫਗਾਨਿਸਤਾਨ ਦੇ ਚਮਕਾਨੀ ਵਿੱਚ ਇਤਿਹਾਸਕ ਗੁਰਦੁਆਰਾ ਥਲਾ ਸਾਹਿਬ ਵਿੱਚ ਨਿਸ਼ਾਨ ਸਾਹਿਬ ਮੁੜ ਸੁਸ਼ੋਭਿਤ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਕੱਲ੍ਹ ਦਿਨ ਵੇਲੇ ਇਹ ਨਿਸ਼ਾਨ ਸਾਹਿਬ ਮੁੜ ਲਾਇਆ ਗਿਆ ਹੈ। ਇਹ ਜਾਣਕਾਰੀ ਪੱਤਰਕਾਰ ਰਵਿੰਦਰ ਸਿੰਘ ਰੋਬਿਨ ਨੇ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ‘ਗੁਰਦੁਆਰਾ ਸਾਹਿਬ ਦੀ ਸਾਂਭ-ਸੰਭਾਲ ਕਰਨ ਵਾਲੇ ਰਹਿਮਾਨ ਚਮਕਾਨੀ ਨੇ ਦੱਸਿਆ ਹੈ ਕਿ ਅਫ਼ਗਾਨ ਤਾਲਿਬਾਨ ਵੱਲੋਂ ਉਨ੍ਹਾਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਕਰੀਬ ਦੋ ਦਰਜਨ ਦੇ ਕਰੀਬ ਤਾਲਿਬਾਨ ਗੁਰਦੁਆਰਾ ਸਾਹਿਬ ਆਏ ਅਤੇ ਕਿਹਾ ਕਿ ਉਹ ਪਾਕਿਸਤਾਨੀ ਤਾਲਿਬਾਨ ਨਹੀਂ ਹਨ ਅਤੇ ਜਦੋਂ ਵੀ ਕੋਈ ਮੁਸ਼ਕਿਲ ਆਵੇ ਤਾਂ ਉਹ (ਗੁਰਦੁਆਰਾ ਸਾਹਿਬ ਦੇ ਪ੍ਰਬੰਧਕ) ਉਨ੍ਹਾਂ ਨੂੰ ਦੱਸਣ’। ਦਰਅਸਲ, ਪਿਛਲੇ ਦਿਨੀਂ ਇਸ ਗੁਰਦੁਆਰਾ ਸਾਹਿਬ ਤੋਂ ਨਿਸ਼ਾਨ ਸਾਹਿਬ ਹਟਾਇਆ ਗਿਆ ਸੀ।