Religion

ਸ੍ਰੀ ਦਰਬਾਰ ਸਾਹਿਬ ’ਚ ਨਿਸ਼ਾਨ ਸਾਹਿਬ ਦੇ ਚੜ੍ਹਾਏ ਗਏ ਨਵੇਂ ਰੰਗ ਦੇ ਪੁਸ਼ਾਕੇ! ਜਥੇਦਾਰ ਸ੍ਰੀ ਅਕਾਲ ਤਖ਼ਤ ਵੱਲੋਂ ਜਾਰੀ ਹੋਇਆ ਸੀ ਆਦੇਸ਼

ਬਿਉਰੋ ਰਿਪੋਰਟ – ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਿਸ਼ਾਨ ਸਾਹਿਬ ਦਾ ਰੰਗ ਕੇਸਰੀ ਤੋਂ ਬਸੰਤੀ ਅਤੇ ਸੁਰਮਈ ਕਰਨ ਦੇ ਨਿਰਦੇਸ਼ ਹੋਏ ਸਨ ਜਿਸ ਤੋਂ ਬਾਅਦ ਹੁਣ ਸ੍ਰੀ ਦਰਬਾਰ ਸਾਹਿਬ ਵਿੱਚ ਸਥਾਪਤ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਬਸੰਤੀ ਰੰਗ ਦੇ ਚੜ੍ਹਾਏ ਗਏ ਹਨ।

ਪੁਸ਼ਾਕੇ ਬਦਲਣ ਤੋਂ ਪਹਿਲਾਂ ਅਰਦਾਸ ਕੀਤੀ ਗਈ ਅਤੇ ਫਿਰ ਨਿਸ਼ਾਨ ਸਾਹਿਬ ’ਤੇ ਬਸੰਤੀ ਰੰਗ ਦੇ ਪੁਸ਼ਾਕੇ ਚੜ੍ਹਾਏ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਫ਼ ਕਰ ਦਿੱਤਾ ਸੀ ਕਿ ਸਿੱਖ ਰਹਿਤ ਮਰਿਆਦਾ ਨਿਰਧਾਰਤ ਨਿਸ਼ਾਨ ਸਾਹਿਬ ਦੇ ਪੁਸ਼ਾਕ ਦਾ ਰੰਗ ਬਸੰਤੀ ਅਤੇ ਸੁਰਮਈ ਹੈ।

ਪਿਛਲੇ ਮਹੀਨੇ 15 ਜੁਲਾਈ 2024 ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਦੇ ਹੁਕਮਾਂ ਤੋਂ ਬਾਅਦ SGPC ਦੀ ਧਰਮ ਪ੍ਰਚਾਰਕ ਕਮੇਟੀ ਨੇ ਇਕ ਚਿੱਠੀ ਕੱਢ ਕੇ ਸਾਰੇ ਪ੍ਰਚਾਰਕਾਂ ਅਤੇ ਢਾਡੀਆਂ ਸਿੰਘਾਂ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਨਿਸ਼ਾਨ ਸਾਹਿਬ ਦਾ ਰੰਗ ਬਸਤੀ ਅਤੇ ਸੁਰਮਈ ਕਰਨ ਲਈ ਵੱਧ ਤੋਂ ਵੱਧ ਸੰਗਤਾਂ ਵਿੱਚ ਪ੍ਰਚਾਰ ਕਰਨ। ਕੇਸਰੀ ਰੰਗ ਨੂੰ ਲੈ ਕੇ ਸੰਗਤਾਂ ਵਿੱਚ ਦੁਬਿਧਾ ਸੀ ਜਿਸ ਦੀ ਵਜ੍ਹਾ ਕਰਕੇ ਇਸ ਨੂੰ ਬਦਲਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਨੂੰ ਲੈ ਕੇ ਭਗਵੇਂ ਰੰਗ ਦਾ ਭੁਲੇਖਾ ਹੁੰਦਾ ਸੀ।

SGPC ਦੇ ਸਾਬਕਾ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਅਪੀਲ ਵੀ ਕੀਤੀ ਸੀ ਇਸ ਨੂੰ ਸਿਆਸੀ ਰੰਗਤ ਨਾ ਦਿੱਤੀ ਜਾਵੇ ਅਤੇ ਕਿਸੇ ਧਰਮ ਦੇ ਵਿਰੋਧ ਵਿੱਚ ਨਾ ਮੰਨਿਆ ਜਾਵੇ। ਹਾਲਾਂਕਿ ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ’ਤੇ ਸਵਾਲ ਚੁੱਕੇ ਸਨ।