Manoranjan Punjab

ਨਿਰਮਲ ਰਿਸ਼ੀ ਨੂੰ ਪੰਜਾਬੀ ਫਿਲਮ ਸਨਅਤ ਵਿੱਚ ਮਿਲਿਆ ਸਭ ਤੋਂ ਵੱਡਾ ਅਹੁਦਾ !

ਬਿਉਰੋ ਰਿਪੋਰਟ – ਮੁਸ਼ਹੂਰ ਪੰਜਾਬੀ ਅਦਾਕਾਰ ਅਤੇ ਪਦਮਸ਼੍ਰੀ ਨਾਲ ਨਿਵਾਜੀ ਗਈ ਨਿਰਮਲ ਰਿਸ਼ੀ ਨੂੰ ਹੁਣ ਪੰਜਾਬ ਫਿਲਮ ਐਂਡ ਟੀਵੀ ਐਕਟਰਸ ਐਸੋਸੀਏਸ਼ਨ (PFTAA) ਕਮੇਟੀ ਦਾ ਨਵਾਂ ਪ੍ਰਧਾਨ ਬਣਾਇਆ ਗਿਆ ਹੈ । ਇਸ ਤੋਂ ਪਹਿਲਾਂ ਇਸੇ ਸਾਲ ਪੰਜਾਬੀ ਸਿਨੇਮਾ ਵਿੱਚ ਅਹਿਮ ਯੋਗਦਾਨ ਦੇ ਲਈ ਨਿਰਮਲ ਰਿਸ਼ੀ ਨੂੰ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।

ਹਾਲ ਹੀ ਵਿੱਚ ਪੰਜਾਬ ਫਿਲਮ ਐਂਡ ਟੀਵੀ ਐਕਟਰਸ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਦੀ ਚੋਣ ਹੋਈ ਸੀ ਜਿਸ ਵਿੱਚ ਨਿਰਮਲ ਰਿਸ਼ੀ ਨੂੰ ਸਹਿਮਤੀ ਦੇ ਨਾਲ PFTAA ਦਾ ਪ੍ਰਧਾਨ ਚੁਣਿਆ ਗਿਆ । ਇਸ ਦੇ ਨਾਲ ਬੀਨੂੰ ਢਿੱਲੋ ਨੂੰ ਉੱਪ ਪ੍ਰਧਾਨ,ਗੁੱਗੂ ਗਿੱਲ ਨੂੰ ਚੇਅਰਮੈਨ,ਸਿਵੇਦਰ ਮਹਿਲ ਨੂੰ ਪ੍ਰੈਸ ਸਕੱਤਰ,ਬਲਵਿੰਦਰ ਵਿੱਕੀ ਉਰਫ਼ ਚਾਚਾ ਰੋਣਕੀ ਰਾਮ ਕਮੇਟੀ ਦੇ ਮੈਂਬਰ ਬਣੇ ਹਨ ।

ਨਿਰਮਲ ਰਿਸ਼ੀ ਨੂੰ 2 ਸਾਲ ਦੇ ਲਈ ਪੰਜਾਬ ਫਿਲਮ ਐਂਡ ਟੀਵੀ ਐਕਟਰਸ ਐਸੋਸੀਏਸ਼ਨ ਦਾ ਪ੍ਰਧਾਨ ਬਣਾਇਆ ਗਿਆ ਹੈ । ਅਦਾਕਾਰ ਬੀਨੂ ਢਿੱਲੋਂ ਨੇ ਕਿਹਾ ਪੰਜਾਬੀ ਸਿਨੇਮਾ ਅੱਜ ਖੇਤਰੀਆਂ ਭਾਸ਼ਾਵਾਂ ਵਿੱਚ ਦੂਜਾ ਨੰਬਰ ਹੈ । ਗੁਰਪ੍ਰੀਤ ਗੁੱਗੀ ਨੇ ਕਿਹਾ ਨਿਰਮਲ ਰਿਸ਼ੀ ਅਜਿਹੀ ਕਲਾਕਾਰ ਹਨ ਜਿੰਨਾਂ ਨੇ ਪਹਿਲਾਂ ਥਿਏਟਰ ਵਿੱਚ ਹਿੱਸਾ ਲਿਆ ਫਿਰ ਟੀਵੀ ਅਤੇ ਫਿਲਮਾਂ ਵਿੱਚ ਕੰਮ ਕੀਤਾ ।

ਨਿਰਮਲ ਰਿਸ਼ੀ ਦਾ ਜਨਮ 28 ਅਗਸਤ 1946 ਨੂੰ ਬਠਿੰਡਾ ਦੇ ਖਿਵਾ ਕਲਾਂ ਪਿੰਡ ਵਿੱਚ ਹੋਇਆ ਸੀ । ਅਜ਼ਾਦੀ ਦੇ ਬਾਅਦ ਤੋਂ ਇਹ ਇਲਾਕਾ ਮਾਨਸਾ ਦੇ ਅਧੀਨ ਆਉਂਦਾ ਹੈ ਉਨ੍ਹਾਂ ਦੇ ਪਿਤਾ ਬਲਦੇਵ ਕ੍ਰਿਸ਼ਣ ਪਿੰਡ ਦੇ ਸਰਪੰਚ ਸਨ । ਥਿਏਟਰ ਵਿੱਚ ਨਿਰਮਲ ਰਿਸ਼ੀ ਨੂੰ ਭੰਗੜੇ ਦਾ ਬਹੁਤ ਸ਼ੌਕ ਸੀ,ਸਕੂਲ ਤੋਂ ਹੀ ਉਹ ਥਿਏਟਰ ਕਰਦੀ ਸੀ ।