India International

ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਨਿਖਿਲ ਗੁਪਤਾ ਨੂੰ ਅਮਰੀਕਾ ਲਿਆਂਦਾ ਗਿਆ

ਅਮਰੀਕਾ : ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਚੈੱਕ ਰਿਪਵਲਿਕ ਤੋਂ ਅਮਰੀਕਾ ਹਵਾਲੇ ਕਰ ਦਿੱਤਾ ਗਿਆ ਹੈ। ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਨਿਖਿਲ ਗੁਪਤਾ ਨੂੰ 16 ਜੂਨ ਨੂੰ ਅਮਰੀਕਾ ਦੇ ਬਰੁਕਲਿਨ ਸਥਿਤ ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ ਵਿੱਚ ਲਿਆਂਦਾ ਗਿਆ ਸੀ, ਜਿਸ ਤੋਂ ਬਾਅਦ ਅੱਜ ਉਸ ਨੂੰ ਨਿਊਯਾਰਕ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਨਿਖਿਲ ਨੂੰ ਚੈੱਕ ਰਿਪਵਲਿਕ ਦੀ ਪੁਲਿਸ ਨੇ 30 ਜੂਨ 2023 ਨੂੰ ਅਮਰੀਕੀ ਏਜੰਸੀਆਂ ਦੇ ਇਨਪੁਟ ਨਾਲ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਚੈੱਕ ਗਣਰਾਜ ਦੀ ਅਦਾਲਤ ਨੇ ਨਿਖਿਲ ਗੁਪਤਾ ਦੀ ਅਮਰੀਕਾ ਹਵਾਲਗੀ ‘ਤੇ ਰੋਕ ਲਗਾਉਣ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਸ ਦੀ ਹਵਾਲਗੀ ਦਾ ਰਸਤਾ ਸਾਫ਼ ਹੋ ਗਿਆ ਸੀ।

ਅਮਰੀਕੀ ਸਰਕਾਰ ਨੇ ਦੋਸ਼ ਲਾਇਆ ਸੀ ਕਿ ਨਿਊਯਾਰਕ ‘ਚ ਪੰਨੂ ‘ਤੇ ਜਾਨਲੇਵਾ ਹਮਲਾ ਕਰਨ ਦੀ ਸਾਜ਼ਿਸ਼ ਰਚੀ ਗਈ ਸੀ। ਇਸ ਵਿੱਚ ਭਾਰਤ ਦਾ ਹੱਥ ਸੀ। ਇਸ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। ਹਾਲਾਂਕਿ ਇਹ ਨਹੀਂ ਦੱਸਿਆ ਗਿਆ ਕਿ ਹਮਲਾ ਕਿਸ ਦਿਨ ਹੋਣਾ ਸੀ।

ਅਮਰੀਕੀ ਅਧਿਕਾਰੀਆਂ ਨੇ ਜੂਨ 2023 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਤੋਂ ਬਾਅਦ ਹੀ ਇਹ ਮੁੱਦਾ ਭਾਰਤ ਕੋਲ ਉਠਾਇਆ ਸੀ। 22 ਨਵੰਬਰ 2023 ਨੂੰ ਪ੍ਰਕਾਸ਼ਿਤ ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ।

29 ਨਵੰਬਰ ਨੂੰ ਅਮਰੀਕਾ ਵਿੱਚ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿੱਚ ਨਿਊਯਾਰਕ ਪੁਲਿਸ ਦੀ ਚਾਰਜਸ਼ੀਟ ਦਾ ਖੁਲਾਸਾ ਹੋਇਆ ਸੀ। ਇਸ ‘ਚ ਭਾਰਤੀ ਨਾਗਰਿਕ ਨਿਖਿਲ ਗੁਪਤਾ ‘ਤੇ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ। ਇਸ ਵਿੱਚ ਲਿਖਿਆ ਹੈ- ਭਾਰਤ ਦੇ ਇੱਕ ਸਾਬਕਾ ਸੀਆਰਪੀਐਫ ਅਧਿਕਾਰੀ ਨੇ ਉਸਨੂੰ ਪੰਨੂ ਦੇ ਕਤਲ ਦੀ ਯੋਜਨਾ ਬਣਾਉਣ ਲਈ ਕਿਹਾ ਸੀ।