India International

ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਨਿਖਿਲ ਗੁਪਤਾ ਨੇ ਖੁਦ ਨੂੰ ਬੇਕਸੂਰ ਦੱਸਿਆ

ਅਮਰੀਕਾ : ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਭਾਰਤੀ ਨਾਗਰਿਕਗਰਿਕ ਨਿਖਿਲ ਗੁਪਤਾ ਨੂੰ ਅਮਰੀਕੀ ਅਦਾਲਤ ‘ਚ ਪੇਸ਼ ਕੀਤਾ ਗਿਆ। ਨਿਖਿਲ ਗੁਪਤਾ ਨੇ ਸੋਮਵਾਰ ਨੂੰ ਅਦਾਲਤ ‘ਚ ਖੁਦ ਨੂੰ ਬੇਕਸੂਰ ਕਰਾਰ ਦਿੱਤਾ। ਨਿਖਿਲ ਗੁਪਤਾ ਨੂੰ ਸ਼ੁੱਕਰਵਾਰ ਨੂੰ ਚੈੱਕ ਗਣਰਾਜ ਤੋਂ ਅਮਰੀਕਾ ਹਵਾਲੇ ਕੀਤਾ ਗਿਆ। ਗੁਪਤਾ ਨੇ ਕਿਹਾ ਕਿ ਮੇਰਾ ਇਸ ਸਾਜ਼ਿਸ਼ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮੈਂ ਬੇਕਸੂਰ ਹਾਂ। ਨਿਖਿਲ ਗੁਪਤਾ ਨੂੰ ਹਾਲ ਹੀ ਵਿੱਚ ਚੈੱਕ ਗਣਰਾਜ ਤੋਂ ਅਮਰੀਕਾ ਲਿਆਂਦਾ ਗਿਆ ਸੀ। ਨਿਖਿਲ ਗੁਪਤਾ ‘ਤੇ ਅੱਤਵਾਦੀ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ।

ਦੱਖਣੀ ਨਿਊਯਾਰਕ ਦੀ ਸੰਘੀ ਅਦਾਲਤ ਵਿੱਚ ਮੈਜਿਸਟਰੇਟ ਜੱਜ ਜੇਮਸ ਕੌਟ ਨੇ ਨਿਖਿਲ ਗੁਪਤਾ ਨੂੰ 28 ਜੂਨ ਨੂੰ ਸੁਣਵਾਈ ਤੱਕ ਹਿਰਾਸਤ ਵਿੱਚ ਰੱਖਣ ਦਾ ਹੁਕਮ ਦਿੱਤਾ ਹੈ। ਨਿਖਿਲ ਗੁਪਤਾ ਦੇ ਵਕੀਲ ਜੈਫਰੀ ਚਾਬਰੋ ਨੇ ਜ਼ਮਾਨਤ ਲਈ ਅਰਜ਼ੀ ਨਹੀਂ ਦਿੱਤੀ। ਅਦਾਲਤ ਦੇ ਬਾਹਰ, ਜੈਫਰੀ ਚਾਬਰੋ ਨੇ ਕਿਹਾ ਕਿ ਇਹ ਭਾਰਤ ਅਤੇ ਅਮਰੀਕਾ ਲਈ “ਗੁੰਝਲਦਾਰ ਕੇਸ” ਹੈ ਅਤੇ ਫੈਸਲੇ ਲਈ ਕੋਈ ਕਾਹਲੀ ਨਹੀਂ ਹੋਣੀ ਚਾਹੀਦੀ। ਉਸ ਨੇ ਮੈਜਿਸਟਰੇਟ ਨੂੰ ਇਹ ਵੀ ਦੱਸਿਆ ਕਿ ਨਿਖਿਲ ਗੁਪਤਾ ਸ਼ਾਕਾਹਾਰੀ ਹੈ। ਇਸ ਲਈ ਉਨ੍ਹਾਂ ਨੂੰ ਜੇਲ੍ਹ ਵਿੱਚ ਸ਼ਾਕਾਹਾਰੀ ਭੋਜਨ ਮੁਹੱਈਆ ਕਰਵਾਇਆ ਜਾਵੇ।

ਨਿਖਿਲ ‘ਤੇ ਕੀ ਹੈ ਇਲਜ਼ਾਮ?

ਗੁਪਤਾ ਉੱਤੇ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਨੂੰ ਅਮਰੀਕੀ ਧਰਤੀ ’ਤੇ ਕਤਲ ਕਰਨ ਦੀ ਕਥਿਤ ਸਾਜ਼ਿਸ਼ ਵਿਚ ਸ਼ਾਮਲ ਹੋਣ ਦਾ ਦੋਸ਼ ਹੈ। ਪੰਨੂ ਕੋਲ ਅਮਰੀਕਾ ਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਹੈ। ਗੁਪਤਾ ਨੂੰ ਅਮਰੀਕੀ ਸਰਕਾਰ ਦੀ ਗੁਜ਼ਾਰਿਸ਼ ’ਤੇ ਪਿਛਲੇ ਸਾਲ ਚੈੱਕ ਗਣਰਾਜ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਚੈੱਕ ਗਣਰਾਜ ਦੀ ਸੰਵਿਧਾਨਕ ਕੋਰਟ ਨੇ ਗੁਪਤਾ ਦੀ ਅਮਰੀਕਾ ਨੂੰ ਹਵਾਲਗੀ ਖਿਲਾਫ਼ ਦਾਇਰ ਪਟੀਸ਼ਨ ਪਿਛਲੇ ਮਹੀਨੇ ਰੱਦ ਕਰ ਦਿੱਤੀ ਸੀ। ਅਮਰੀਕੀ ਸੰਘੀ ਵਕੀਲਾਂ ਨੇ ਕੋਰਟ ਵਿਚ ਦਾਅਵਾ ਕੀਤਾ ਸੀ ਕਿ ਗੁੁਪਤਾ ਇਕ ਭਾਰਤੀ ਅਧਿਕਾਰੀ ਦੀਆਂ ਹਦਾਇਤਾਂ ਮੁਤਾਬਕ ਕੰਮ ਕਰ ਰਿਹਾ ਸੀ। ਉਧਰ ਭਾਰਤ ਨੇ ਅਜਿਹੇ ਕਿਸੇ ਕੇਸ ਵਿਚ ਸ਼ਮੂਲੀਅਤ ਤੋਂ ਇਨਕਾਰ ਕਰਦਿਆਂ ਦੋਸ਼ਾਂ ਦੀ ਜਾਂਚ ਲਈ ਉੱਚ ਪੱਧਰੀ ਜਾਂਚ ਕਮੇਟੀ ਬਣਾਈ ਸੀ।

ਗੁਪਤਾ ਨੂੰ ਹਾਲ ਦੀ ਘੜੀ ਬਰੁਕਲਿਨ ਦੇ ਸੰਘੀ ਮੈਟਰੋਪਾਲਿਟਨ ਡਿਟੈਨਸ਼ਨ ਸੈਂਟਰ ਵਿਚ ਰੱਖਿਆ ਗਿਆ ਹੈ ਤੇ ਉਸ ਨੂੰ ਅੱਜ ਨਿਊ ਯਾਰਕ ਦੀ ਫੈਡਰਲ ਕੋਰਟ ਵਿਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੇ ਆਪਣੇ ’ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਰੋਜ਼ਨਾਮਚਾ ‘ਦਿ ਵਾਸ਼ਿੰਗਟਨ ਪੋਸਟ’ ਦੀ ਰਿਪੋਰਟ ਮੁਤਾਬਕ ਗੁਪਤਾ ਨੂੰ ਸ਼ਨਿੱਚਰਵਾਰ/ਐਤਵਾਰ ਨੂੰ ਨਿਊਯਾਰਕ ਲਿਆਂਦਾ ਗਿਆ ਹੈ ਤੇ ਕਾਨੂੰਨ ਮੁਤਾਬਕ ਮੁਲਜ਼ਮ ਦੀ ਕਿਸੇ ਦੂਜੇ ਮੁਲਕ ਤੋਂ ਸਪੁਰਦਗੀ ਹਾਸਲ ਕਰਨ ਮਗਰੋਂ ਦੇਸ਼ ਵਿਚ ਆਮਦ ਦੇ 24 ਘੰਟਿਆਂ ਅੰਦਰ ਉਸ ਨੂੰ ਕੋਰਟ ਵਿਚ ਪੇਸ਼ ਕਰਨਾ ਹੁੰਦਾ ਹੈ। ਸੰਘੀ ਵਕੀਲਾ ਂ ਨੇ ਚੈੱਕ ਗਣਰਾਜ ਦੀ ਕੋਰਟ ਵਿਚ ਦਾਅਵਾ ਕੀਤਾ ਸੀ ਕਿ ਗੁਪਤਾ ਨੇ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਲਈ ਇਕ ਪੇਸ਼ੇਵਰ ਦੀ ਮਦਦ ਲਈ ਸੀ ਤੇ ਉਸ ਨੂੰ ਐਡਵਾਂਸ 15000 ਡਾਲਰ ਦੀ ਅਦਾਇਗੀ ਕੀਤੀ ਸੀ।

ਗੁਪਤਾ ਨੇ ਹਾਲਾਂਕਿ ਆਪਣੇ ਅਟਾਰਨੀ ਜ਼ਰੀਏ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਉਸ ’ਤੇ ‘ਪੱਖਪਾਤੀ ਢੰਗ ਨਾਲ ਦੋਸ਼’ ਲਾਏ ਗਏ ਹਨ। ਦਿ ਵਾਸ਼ਿੰਗਟਨ ਪੋਸਟ ਨੇ ਕਿਹਾ, ‘‘ਗੁਪਤਾ ਦੀ ਅਟਾਰਨੀ ਰੋਹਿਨੀ ਮੂਸਾ ਨੇ ਭਾਰਤ ਦੀ ਸੁਪਰੀਮ ਕੋਰਟ ਵਿਚ ਦਾਇਰ ਪਟੀਸ਼ਨ ਵਿਚ ਲਿਖਿਆ ਸੀ ਕਿ ਉਸ ਦੇ ਮੁਵੱਕਿਲ ਤੋਂ ਕੀਤੀ ਜਾ ਰਹੀ ਪੁੱਛ-ਪੜਤਾਲ ਗੈਰਵਾਜਬ ਹੈ ਕਿਉਂਕਿ ਪਟੀਸ਼ਨਕਰਤਾ ਨੂੰ ਪੀੜਤ (ਪੰਨੂ) ਦੀ ਹੱਤਿਆ ਦੀ ਕਥਿਤ ਸਾਜ਼ਿਸ਼ ਨਾਲ ਜੋੜਨ ਲਈ ਰਿਕਾਰਡ ’ਤੇ ਕੁਝ ਨਹੀਂ ਹੈ।’’ ਰਿਪੋਰਟ ਮੁਤਾਬਕ, ‘‘ਮੂਸਾ ਨੇ ਸ਼ਿਕਾਇਤ ਕੀਤੀ ਸੀ ਕਿ ਗੁਪਤਾ ਦੀ ਡਿਟੈਨਸ਼ਨ ਦੇ ਸ਼ੁਰੂਆਤੀ ਪੜਾਅ ਵਿਚ ਚੈੱਕ ਗਣਰਾਜ ਸਰਕਾਰ ਵੱਲੋਂ ਨਿਯੁਕਤ ਕੀਤੇ ਅਟਾਰਨੀ ਨੇ ‘ਅਮਰੀਕੀ ਏਜੰਸੀਆਂ ਦੇ ਬੇਲੋੜੇ ਦਬਾਅ ਹੇਠ’ ਉਸ ਨੂੰ ਉਲਟ ਕਾਨੂੰਨੀ ਸਲਾਹ ਦਿੱਤੀ ਸੀ।’’

ਗੁਪਤਾ ਨੂੰ ਅਮਰੀਕਾ ਦੇ ਹਵਾਲੇ ਅਜਿਹੇ ਮੌਕੇ ਕੀਤਾ ਗਿਆ ਹੈ ਜਦੋਂ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਭਾਰਤ ਦੌਰੇ ’ਤੇ ਹਨ। ਦਿ ਵਾਸ਼ਿੰਗਟਨ ਪੋਸਟ ਨੇ ਇਸ ਸਾਲ ਅਪਰੈਲ ਵਿਚ ਆਪਣੀ ਇਕ ਰਿਪੋਰਟ ’ਚ ਦਾਅਵਾ ਕੀਤਾ ਸੀ ਕਿ ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਘੜਨ ਪਿੱਛੇ ਭਾਰਤ ਦੀ ਖੁਫੀਆ ਏਜੰਸੀ ‘ਰਾਅ’ ਦੇ ਅਧਿਕਾਰੀ ਵਿਕਰਮ ਯਾਦਵ ਦਾ ਹੱਥ ਸੀ। ਰਿਪੋਰਟ ਵਿਚ ਇਹ ਗੱਲ ਵੀ ਕਹੀ ਗਈ ਸੀ ਕਿ ਇਸ ਪੂਰੇ ਅਪਰੇਸ਼ਨ ਨੂੰ ‘ਰਾਅ’ ਮੁਖੀ ਸਾਮੰਤ ਗੋਇਲ ਨੇ ਮਨਜ਼ੂਰੀ ਦਿੱਤੀ ਸੀ। ਭਾਰਤ ਦਾ ਵਿਦੇਸ਼ ਮੰਤਰਾਲਾ ਹਾਲਾਂਕਿ ਪੰਨੂ ਦੇ ਕਤਲ ਦੀ ਸਾਜ਼ਿਸ਼ ਵਿਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਸਬੰਧੀ ਦਾਅਵਿਆਂ ਨੂੰ ‘ਗੈਰਵਾਜਬ ਤੇ ਬੇਬੁਨਿਆਦ’ ਦੱਸ ਕੇ ਖਾਰਜ ਕਰ ਚੁੱਕਾ ਹੈ। ਭਾਰਤ ਨੇ ਜਨਤਕ ਤੌਰ ’ਤੇ ਕਿਹਾ ਸੀ ਕਿ ਉਹ ਅਮਰੀਕਾ ਵੱਲੋਂ ਇਸ ਮਾਮਲੇ ਵਿਚ ਸਾਂਝੇ ਕੀਤੇ ਸਬੂਤਾਂ ਦੀ ਉੱਚ ਪੱਧਰੀ ਜਾਂਚ ਕਰ ਰਿਹਾ ਹੈ