ਬਿਉਰੋ ਰਿਪੋਰਟ – ਹਰਦੀਪ ਸਿੰਘ ਨਿੱਝਰ (HARDEEP SINGH NIJJAR) ਦੇ ਇੱਕ ਹੋਰ ਨਜ਼ਦੀਕੀ ਸਾਥੀ ਇੰਦਰਜੀਤ ਸਿੰਘ ਗੋਸਲ (Inderjeet Singh Gosal) ਦੀ ਜਾਨ ਨੂੰ ਖ਼ਤਰਾ ਦੱਸਿਆ ਜਾ ਰਿਹਾ ਹੈ। ਕੈਨੇਡਾ ਵੱਲੋਂ ਗੋਸਲ ਨੂੰ ‘ਡਿਊਟੀ ਟੂ ਵਾਰਨ’ ਦਾ ਨੋਟਿਸ ਇਸੇ ਹਫ਼ਤੇ ਹੀ ਜਾਰੀ ਕੀਤਾ ਗਿਆ ਹੈ। ਗੋਸਲ ਨਿੱਝਰ ਦੇ ਨਾਲ ਮਿਲ ਕੇ ਕੰਮ ਕਰਦਾ ਸੀ ਜਿਨ੍ਹਾਂ ਦਾ ਜੂਨ 2023 ਵਿੱਚ ਕਤਲ ਕਰ ਦਿੱਤਾ ਗਿਆ।
ਹਾਲਾਂਕਿ ਇਸ ਮਾਮਲੇ ਵਿੱਚ RCMP ਅਤੇ ਓਨਟਾਰੀਓ ਪੁਲਿਸ ਨੇ ਕੋਈ ਵੀ ਕੁਮੈਂਟ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਡੋਮਿਨਿਕ, ਜਿਨ੍ਹਾਂ ’ਤੇ ਸੁਰੱਖਿਆ ਦੀ ਅਹਿਮ ਜ਼ਿੰਮੇਵਾਰੀ ਹੁੰਦੀ ਹੈ, ਉਨ੍ਹਾਂ ਨੇ ਬਿਆਨ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਨਿੱਝਰ ਦੇ ਕਤਲ ਤੋਂ ਬਾਅਦ ਕੈਨੇਡਾ ਅਤੇ ਭਾਰਤ ਦੇ ਵਿਚਾਲੇ ਤਣਾਅ ਵੱਧ ਗਿਆ ਸੀ। ਪੁਲਿਸ ਨੇ ਨਿੱਝਰ ਕਤਲ ਮਾਮਲੇ ਵਿੱਚ ਹੁਣ ਤੱਕ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਹਾਲਾਂਕਿ ਭਾਰਤ ਸਰਕਾਰ ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਹੱਥ ਹੋਣ ਤੋਂ ਸਾਫ਼ ਇਨਕਾਰ ਕਰ ਚੁੱਕੀ ਹੈ।
ਇਸ ਤੋਂ ਪਹਿਲਾਂ ਇਸੇ ਮਹੀਨੇ 11 ਅਗਸਤ ਨੂੰ ਹਰਦੀਪ ਸਿੰਘ ਨਿੱਝਰ ਦੇ ਇੱਕ ਸਾਥੀ ਸਤਿੰਦਰਪਾਲ ਸਿੰਘ ਰਾਜੂ ’ਤੇ ਵੀ ਜਾਨਲੇਵਾ ਹਮਲਾ ਹੋਇਆ ਸੀ। ਸੈਨ ਫਾਂਸਿਸਕੋ ਵਿੱਚ ਉਨ੍ਹਾਂ ’ਤੇ ਗੋਲੀ ਚਲਾਈ ਗਈ ਸੀ ਜਿਸ ਵਿੱਚ ਉਹ ਵਾਲ-ਵਾਲ ਬਚੇ ਸਨ। ਜਿਸ ਵੇਲੇ ਹਮਲਾਵਰ ਨੇ ਗੋਲੀ ਚਲਾਈ ਉਹ ਟਰੱਕ ਵਿੱਚ ਸੀ। ਰਾਜੂ ਸਿੱਖ ਫਾਰ ਜਸਟਿਸ ਦਾ ਮੈਂਬਰ ਹੈ। ਇਸ ਮਾਮਲੇ ਵਿੱਚ ਅਮਰੀਕਾ ਦੇ ਫੈਡਰੇਲ ਬਿਉਰੋ ਨੇ ਹੁਣ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਦੇ ਨਾਲ ਹੀ ਪਿਛਲੇ ਸਾਲ ਅਮਰੀਕਾ ਦੀ FBI ਨੇ SFJ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਵਿੱਚ ਨਿਖਿਲ ਗੁਪਤਾ ਨਾਂ ਦੇ ਸ਼ਖਸ਼ ਨੂੰ ਗ੍ਰਿਫਤਾਰ ਕੀਤਾ ਸੀ ਜਿਸ ’ਤੇ ਇਲਜ਼ਾਮ ਸੀ ਕਿ ਉਸ ਨੇ ਭਾਰਤੀ ਏਜੰਟ ਦੇ ਕਹਿਣ ’ਤੇ ਪੰਨੂ ਨੂੰ ਮਾਰਨ ਦੀ ਜਿਸ ਸ਼ਖਸ ਨੂੰ ਸੁਪਾਰੀ ਦਿੱਤੀ ਸੀ ਉਹ FBI ਦਾ ਏਜੰਟ ਨਿਕਲਿਆ ਸੀ ਜਿਸ ਤੋਂ ਬਾਅਦ ਚੈੱਕਰੀਪਬਲਿਕ ਵਿੱਚ ਨਿਖਿਲ ਗੁਪਤਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।