India Punjab

ਰਿਪੋਰਟਰ ਦੇ ਮਾਇਕ ਦੀ ਤਾਰ ‘ਚ ਫਸਕੇ ਲੱਥੀ ਨਿਹੰਗ ਸਿੰਘ ਦੀ ਪੱਗ, ਹੰਗਾਮਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸਿੰਘੂ ਬਾਰਡਰ ਉੱਤੇ ਹੋਈ ਬੇਅਦਬੀ ਦੇ ਮਾਮਲੇ ਤੋਂ ਬਾਅਦ ਇਕ ਵਿਅਕਤੀ ਦੀ ਹੱਤਿਆ ਦੇ ਦੋਸ਼ ਹੇਠ ਨਿਹੰਗ ਸਿੰਘ ਸਰਬਜੀਤ ਸਿੰਘ ਦਾ ਅੱਜ 7 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ। ਇਸ ਦੌਰਾਨ ਜਦੋਂ ਪੁਲਿਸ ਨਿਹੰਗ ਸਿੰਘ ਨੂੰ ਅਦਾਲਤ ਤੋਂ ਬਾਹਰ ਲੈ ਕੇ ਆ ਰਹੀ ਸੀ ਤਾਂ ਉਸ ਵੇਲੇ ਮੀਡੀਆ ਵੀ ਇਸ ਖਬਰ ਨੂੰ ਕਵਰ ਕਰਨ ਲਈ ਵੱਡੀ ਗਿਣਤੀ ਵਿੱਚ ਅਦਾਲਤ ਦੇ ਬਾਹਰ ਮੌਜੂਦ ਸੀ।

ਰਿਪੋਰਟਰਾਂ ਦੀ ਭੀੜ ਚੋਂ ਬਹੁਤ ਮੁਸ਼ਕਿਲ ਨਾਲ ਨਿਹੰਗ ਸਿੰਘ ਨੂੰ ਪੁਲਿਸ ਕਾਰ ਤੱਕ ਲੈ ਕੇ ਆ ਰਹੀ ਸੀ। ਰਿਪੋਰਟਰ ਵੀ ਇਸ ਖਬਰ ਨੂੰ ਕਵਰ ਕਰਨ ਲਈ ਇਕ ਦੂਜੇ ਤੋਂ ਅੱਗੇ ਹੋ ਕੇ ਤਸਵੀਰਾਂ ਲੈ ਰਹੇ ਸਨ। ਇਸ ਦੌਰਾਨ ਪੁਲਿਸ ਦੀ ਕਾਰ ਦੇ ਨੇੜੇ ਰਿਪੋਰਟਰ ਦੀ ਮਾਇਕ ਆਈਡੀ ਦੀ ਤਾਰ ਵਿੱਚ ਫਸਕੇ ਨਿਹੰਗ ਸਿੰਘ ਦੀ ਪੱਗ ਉੱਤਰ ਗਈ। ਇਸ ਤੋਂ ਗੁੱਸਾ ਖਾ ਕੇ ਨਿਹੰਗ ਸਿੰਘ ਕਾਰ ਉੱਤੇ ਖੜ੍ਹ ਗਿਆ ਤੇ ਉਸਨੇ ਰਿਪੋਰਟਰਾਂ ਨੂੰ ਗਾਲਾਂ ਵੀ ਕੱਢੀਆਂ।

ਜ਼ਿਕਰਯੋਗ ਹੈ ਕਿ ਸਿੰਘੂ ਬਾਰਡਰ ਉੱਤੇ ਬੇਅਦਬੀ ਤੋਂ ਬਾਅਦ ਹੋਏ ਕਤਲ ਮਾਮਲੇ ‘ਚ ਨਿਹੰਗ ਸਿੰਘ ਸਰਬਜੀਤ ਸਿੰਘ ਨੇ ਖੁਦ ਪੁਲਿਸ ਨੂੰ ਆਤਮ ਸਮਰਪਣ ਕੀਤਾ ਸੀ। ਇਸ ਦੌਰਾਨ ਬਕਾਇਦਾ ਉਸਨੂੰ ਅਰਦਾਸ ਕਰਕੇ ਜੈਕਾਰੇ ਛੱਡ ਕੇ ਸਰੰਡਰ ਕਰਨ ਲਈ ਤੋਰਿਆ ਗਿਆ ਸੀ। ਇਸ ਕਤਲ ਮਾਮਲੇ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ ਤੇ ਨਿਹੰਗ ਸਿੰਘਾਂ ਵਲੋਂ ਬਿਨਾਂ ਕਿਸੇ ਡਰ ਦੇ ਇਸਦੀ ਜਿੰਮੇਦਾਰੀ ਲਈ ਗਈ ਹੈ।