ਭਵਾਨੀਗੜ੍ਹ: ਪਿੰਡ ਭੱਟੀਵਾਲ ਕਲ੍ਹਾਂ ਦੇ ਪਿੰਡ ਖਨਾਲ ਵਿੱਚ ਖ਼ੌਫ਼ਨਾਕ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਨਿਹੰਗ ਸਿੰਘਾਂ ’ਤੇ ਕਥਿਤ ਤੌਰ ’ਤੇ ਇੱਕ ਨੌਜਵਾਨ ਨੂੰ ਤਲਵਾਰ ਨਾਲ ਵੱਢਣ ਦੇ ਇਲਜ਼ਾਮ ਲੱਗੇ ਹਨ। ਮ੍ਰਿਤਕ ਨੌਜਵਾਨ ਦਲਿਤ ਭਾਈਚਾਰੇ ਨਾਲ ਸਬੰਧ ਰੱਖਦਾ ਸੀ ਤੇ ਫਰਿੱਜ ਰਿਪੇਅਰ ਦੀ ਦੁਕਾਨ ’ਤੇ ਕੰਮ ਕਰਦਾ ਸੀ। ਪਿੰਡ ਭੱਟੀਵਾਲ ਕਲ੍ਹਾਂ ਦੇ ਸਰਪੰਚ ਜਸਕਰਨ ਸਿੰਘ ਲੈਂਪੀ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ। ਸਰਪੰਚ ਜਸਕਰਨ ਸਿੰਘ ਨੇ ਦੱਸਿਆ ਕਿ ਹਮਲਾ ਜਸਵੀਰ ਸਿੰਘ ਉਰਫ ਬਿੱਟੂ ਪੁੱਤਰ ਜਰਨੈਲ ਸਿੰਘ ਵੱਲੋਂ ਕੀਤਾ ਗਿਆ ਹੈ।
ਸਰਪੰਚ ਜਸਕਰਨ ਸਿੰਘ ਲੈਂਪੀ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਨੌਜਵਾਨ ਗੁਰਦਰਸ਼ਨ ਸਿੰਘ ਹੈਪੀ ਉਮਰ ਕਰੀਬ 26 ਸਾਲ ਪੁੱਤਰ ਸਤਗੁਰ ਸਿੰਘ ਪਿੰਡ ਖ਼ਨਾਲ ਕਲ੍ਹਾਂ ਵਿਖੇ ਫਰਿੱਜ, ਵਾਸ਼ਿੰਗ ਮਸ਼ੀਨਾਂ ਆਦਿ ਰਿਪੇਅਰਿੰਗ ਕਰਨ ਦਾ ਕੰਮ ਕਰਦਾ ਸੀ। ਬੀਤੇ ਕੱਲ੍ਹ ਦੇਰ ਸ਼ਾਮ ਜਦੋਂ ਉਹ ਆਪਣੀ ਦੁਕਾਨ ਅੰਦਰ ਫਰਿੱਜ ਰਿਪੇਅਰ ਕਰ ਰਿਹਾ ਸੀ ਤਾਂ ਪਿੰਡ ਖ਼ਨਾਲ ਕਲ੍ਹਾਂ ਦੇ ਇਕ ਨਿਹੰਗ ਸਿੰਘ ਜਸਵੀਰ ਸਿੰਘ ਉਰਫ ਬਿੱਟੂ ਪੁੱਤਰ ਜਰਨੈਲ ਸਿੰਘ ਨੇ ਬਹੁਤ ਹੀ ਬੇਰਹਿਮੀ ਨਾਲ ਪਿਛੋਂ ਉਸ ਉੱਪਰ ਆਪਣੀ ਕਿਰਪਾਨ ਨਾਲ ਕਈ ਵਾਰ ਕਰਕੇ ਉਸ ਨੂੰ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ।
ਸਰਪੰਚ ਦੇ ਬਿਆਨਾਂ ਮੁਤਾਬਕ ਅਜਿਹਾ ਕਰਨ ਤੋਂ ਬਾਅਦ ਪਿੰਡ ਵਾਸੀਆਂ ਦਾ ਇਕੱਠ ਹੁੰਦਾ ਦੇਖ ਨਿਹੰਗ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਗੰਭੀਰ ਰੂਪ ’ਚ ਜ਼ਖਮੀ ਹੋਏ ਗੁਰਦਰਸ਼ਨ ਸਿੰਘ ਨੂੰ ਇਲਾਜ ਲਈ ਸੰਗਰੂਰ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਸਰਪੰਚ ਜਸਕਰਨ ਸਿੰਘ ਨੇ ਦੱਸਿਆ ਕਿ ਕਈ ਦਿਨ ਪਹਿਲਾਂ ਨਿਹੰਗ ਜਸਵੀਰ ਸਿੰਘ ਗੁਰਦਰਸ਼ਨ ਸਿੰਘ ਨੂੰ ਉਸ ਦਾ ਫਰਿੱਜ ਰਿਪੇਅਰ ਕਰਨ ਲਈ ਕਿਹਾ ਸੀ, ਪਰ ਉਸ ਕੋਲ ਸਮਾਂ ਨਾ ਹੋਣ ਕਾਰਨ ਗੁਰਦਰਸ਼ਨ ਸਿੰਘ ਨੇ ਉਸ ਨੂੰ ਫਰਿੱਜ ਰਿਪੇਅਰ ਕਰਨ ਤੋਂ ਜਵਾਬ ਦੇ ਦਿੱਤਾ ਸੀ। ਇਸ ਤੋਂ ਬਾਅਦ ਜਸਵੀਰ ਸਿੰਘ ਵੱਲੋਂ ਗੁਰਦਰਸ਼ਨ ਸਿੰਘ ਨੂੰ ਦੁਕਾਨ ਖ਼ਾਲੀ ਕਰਵਾਉਣ, ਪਿੰਡੋਂ ਕੱਢ ਦੇਣ ਅਤੇ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ। ਇਸੇ ਖੁੰਦਕ ਕਰਕੇ ਹੀ ਬੀਤੀ ਸ਼ਾਮ ਨਿਹੰਗ ਜਸਵੀਰ ਸਿੰਘ ਨੇ ਗੁਰਦਰਸ਼ਨ ਸਿੰਘ ਨੂੰ ਬਹੁਤ ਹੀ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ।
ਇਸ ਮਾਮਲੇ ਸਬੰਧੀ ਧਾਣਾ ਦਿੜਬਾ ਦੇ ਮੁਖੀ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਗੁਰਦਰਸ਼ਨ ਸਿੰਘ ਦੇ ਪਿਤਾ ਸਤਗੁਰ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਨਿਹੰਗ ਸਿੰਘ ਜਸਵੀਰ ਸਿੰਘ ਉਰਫ ਬਿੱਟੂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ।