India Punjab

ਨਿਹੰਗ ਸਿੰਘਾਂ ਨੂੰ ਵੱਡੀ ਪੇਸ਼ਕਸ਼ ਦਾ ਖੁਲਾਸਾ, ਨਿਹੰਗ ਅਮਨ ਸਿੰਘ ਨੇ ਬੜੀਆਂ ਔਖੀਆਂ ਖੋਲੀਆਂ ਪਰਤਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੋਸ਼ਲ ਮੀਡੀਆ ‘ਤੇ ਪਿਛਲੇ ਦਿਨੀਂ ਨਿਹੰਗ ਬਾਬਾ ਅਮਨ ਸਿੰਘ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਦੀ ਇੱਕ ਸਾਂਝੀ ਤਸਵੀਰ ਖੂਬ ਵਾਇਰਲ ਹੋ ਰਹੀ ਹੈ ਅਤੇ ਕੁੱਝ ਲੋਕਾਂ ਵੱਲੋਂ ਇਸਦੀ ਆਲੋਚਨਾ ਕੀਤੀ ਜਾ ਰਹੀ ਹੈ। ਕਈਆਂ ਵੱਲੋਂ ਨਿਹੰਗ ਅਮਨ ਸਿੰਘ ਨੂੰ ਨਿਸ਼ਾਨੇ ‘ਤੇ ਲਿਆ ਜਾ ਰਿਹਾ ਹੈ ਅਤੇ ਉਸਨੂੰ ਕੌਮ ਦਾ ਗੱਦਾਰ ਕਿਹਾ ਜਾ ਰਿਹਾ ਹੈ। ਪਰ ਨਿਹੰਗ ਅਮਨ ਸਿੰਘ ਨੇ ‘ਦ ਖ਼ਾਲਸ ਟੀਵੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਇਸ ਤਸਵੀਰ ਦਾ ਸਪੱਸ਼ਟੀਕਰਨ ਦਿੱਤਾ ਹੈ। ਅਮਨ ਸਿੰਘ ਨੇ ਕਿਹਾ ਕਿ ਅਸੀਂ ਰਾਸ਼ਟਰਪਤੀ ਤੱਕ ਨੂੰ ਚਿੱਠੀਆਂ ਲਿਖੀਆਂ ਹੋਈਆਂ ਹਨ, ਸਭ ਦਾ ਹਿਸਾਬ ਲੈਣਾ ਹੈ।

ਅਮਨ ਸਿੰਘ ਨੇ ਕਿਹਾ ਕਿ ਅਜੇ ਤਾਂ ਇਕੱਲੀ ਤੋਮਰ ਨੇ ਫੋਟੋ ਪਾਈ ਹੈ, ਹਾਲੇ ਤਾਂ ਮੋਦੀ ਦੀ ਫੋਟੋ ਵੀ ਪੈਣੀ ਹੈ। ਨਿਹੰਗ ਸਿੰਘ ਨੇ ਕਿਹਾ ਕਿ ਬੀਜੇਪੀ ਨੇ ਇਹ ਤਸਵੀਰ ਅੰਦੋਲਨ ਨੂੰ ਖਰਾਬ ਕਰਨ ਲਈ ਬਾਹਰ ਕੱਢੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਬੀਜੇਪੀ ਨੇ ਬੰਦੇ ਭੇਜੇ ਹਨ। ਸਾਨੂੰ ਸਪੱਸ਼ਟ ਕੀਤਾ ਜਾਵੇ ਕਿ 2015 ਤੋਂ ਲੈ ਕੇ ਹੁਣ ਤੱਕ ਬੇਅਦਬੀਆਂ ਕੌਣ ਕਰਵਾ ਰਿਹਾ ਹੈ। ਜੇ ਸਰਕਾਰ ਨੌਜਵਾਨਾਂ ਨੂੰ ਮਾਰ ਸਕਦੀ ਹੈ, ਝੂਠੇ ਪਰਚੇ ਪਾ ਸਕਦੀ ਹੈ ਤਾਂ ਫਿਰ ਕੀ ਬੇਅਦਬੀ ਦੇ ਦੋਸ਼ੀਆਂ ਦਾ ਪਤਾ ਨਹੀਂ ਲਗਾ ਸਕਦੀ। ਅਸੀਂ ਮੋਰਚੇ ਦੇ ਅੱਗੇ ਬੈਠੇ ਹਾਂ, ਇਸ ਲਈ ਸਰਕਾਰ ਸਾਨੂੰ ਘੋੜਿਆਂ, ਪੈਸਿਆਂ ਦਾ ਲਾਲਚ ਦੇ ਕੇ ਇੱਥੋਂ ਭਜਵਾਉਣਾ ਚਾਹੁੰਦੀ ਹੈ ਪਰ ਅਸੀਂ ਉਨ੍ਹਾਂ ਦੀ ਗੱਲ ਨਹੀਂ ਮੰਨੀ।

ਸਿੰਘੂ ਬਾਰਡਰ ‘ਤੇ ਲਖਬੀਰ ਸਿੰਘ ਨੂੰ ਸੋਧਾ ਲਾਉਣ ਤੋਂ ਬਾਅਦ ਇਹ ਤਸਵੀਰ ਸਾਹਮਣੇ ਆਈ ਹੈ। ਅਮਨ ਸਿੰਘ ਨੇ ਕਿਹਾ ਕਿ ਜਿੰਨਾ ਜ਼ੋਰ ਸਾਡੀ ਫੋਟੋ ‘ਤੇ ਲਾਇਆ ਜਾ ਰਿਹਾ ਹੈ, ਓਨਾ ਜ਼ੋਰ ਬੇਅਦਬੀ ਮਾਮਲੇ ਦੀ ਜਾਂਚ ‘ਤੇ ਲਾਉ। ਲਖਬੀਰ ਸਿੰਘ ਨੇ ਮਰਨ ਤੋਂ ਪਹਿਲਾਂ ਆਪਣੇ ਨਗਰ ਦੇ 19 ਜਣਿਆਂ ਬਾਰੇ ਦੱਸ ਕੇ ਗਿਆ ਹੈ ਕਿ ਬੇਅਦਬੀ ਪਿੱਛੇ ਉਸ ਨਾਲ 19 ਜਣੇ ਸਨ। ਨਿਹੰਗ ਅਮਨ ਸਿੰਘ ਨੇ ਮ੍ਰਿਤਕ ਲਖਬੀਰ ਸਿੰਘ ਦੇ ਪਰਿਵਾਰ ਬਾਰੇ ਬੋਲਦਿਆਂ ਕਿਹਾ ਕਿ ਜਿਵੇਂ ਸੰਗਤ ਕਹੇਗੀ, ਅਸੀਂ ਉਵੇਂ ਹੀ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਅੱਜ ਤੱਕ ਕਿਸਾਨ ਲੀਡਰਾਂ ਨੂੰ ਨਹੀਂ ਮਿਲੇ। ਸਿਰਫ ਇੱਕ ਵਾਰ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਸਾਨੂੰ ਮਿਲਣ ਲਈ ਆਏ ਸਨ। ਉਨ੍ਹਾਂ ਨੇ ਸਾਨੂੰ ਇੰਨਾ ਜ਼ਰੂਰ ਕਿਹਾ ਸੀ ਤੁਸੀਂ ਆਪਣਾ ਨਿਸ਼ਾਨ ਸਾਹਿਬ ਲੈ ਜਾਉ। ਜਿਸ ਦਿਨ ਸੰਸਾਰ, ਸੰਗਤ ਨੇ ਸਾਨੂੰ ਇਹ ਸਥਾਨ ਛੱਡ ਕੇ ਜਾਣ ਲਈ ਕਿਹਾ, ਉਸ ਦਿਨ ਅਸੀਂ ਇੱਥੋਂ ਚਲੇ ਜਾਵਾਂਗੇ ਪਰ ਉਦੋਂ ਤੱਕ ਅਸੀਂ ਇਹ ਮੈਦਾਨ ਛੱਡ ਕੇ ਨਹੀਂ ਜਾਵਾਂਗੇ। ਬਾਕੀ ਆਮ ਕਿਸਾਨਾਂ ਦੇ ਨਾਲ ਸਾਡਾ ਤਾਲਮੇਲ ਚੰਗਾ ਹੈ।