Punjab

ਪੰਜਾਬ ‘ਚ ਰਾਤ ਦਾ ਕਰਫਿਊ, ਵਿੱਦਿਅਕ ਅਦਾਰੇ ਬੰਦ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੇਸ਼ ਭਰ ਵਿੱਚ ਕਰੋਨਾ ਦੇ ਵੱਧ ਰਹੇ ਕੇਸਾਂ ਨੂੰ ਵੇਖਦਿਆਂ ਪੰਜਾਬ ਸਰਕਾਰ ਵੱਲੋਂ 15 ਜਨਵਰੀ ਤੱਕ ਰਾਤ ਦਾ ਕਰਫਿਊ ਲਗਾ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰਾਂ ਨੂੰ ਜਾਰੀ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਰਾਤ 10 ਤੋਂ ਸਵੇਰੇ 5 ਵਜੇ ਤੱਕ ਕਰਫਿਊ ਯਕੀਨੀ ਬਣਾਇਆ ਜਾਵੇ। ਇਸਦੇ ਨਾਲ ਹੀ ਸਰਕਾਰ ਨੇ ਸੂਬੇ ਦੇ ਸਕੂਲ, ਕਾਲਜ, ਯੂਨੀਵਰਸਿਟੀਆਂ ਨੂੰ ਵੀ 15 ਜਨਵਰੀ ਤੱਕ ਬੰਦ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਇਸ ਤੋਂ ਪਹਿਲਾਂ ਰਾਜਿੰਦਰਾ ਮੈਡੀਕਲ ਕਾਲਜ, ਪਟਿਆਲਾ ਦੇ 100 ਤੋਂ ਵੱਧ ਵਿਦਿਆਰਥੀਆਂ ਨੂੰ ਕਰੋਨਾ ਹੋਣ ਦੀ ਖ਼ਬਰ ਮਿਲੀ ਸੀ। ਵਿੱਦਿਅਕ ਅਦਾਰਿਆਂ ਵਿੱਚੋਂ ਮੈਡੀਕਲ ਅਤੇ ਨਰਸਿੰਗ ਕਾਲਜ ਨੂੰ ਬਾਹਰ ਰੱਖਿਆ ਗਿਆ ਹੈ। ਸਿਨੇਮਾ ਹਾਲ, ਮਾਲ ਅਤੇ ਰੈਸਟੋਰੈਂਟ 50 ਫ਼ੀਸਦੀ ਸਮਰੱਥਾ ਦੇ ਨਾਲ ਖੁੱਲ੍ਹੇ ਰਹਿਣਗੇ। ਏਸੀ ਬੱਸਾਂ ਵਿੱਚ ਵੀ 50 ਫ਼ੀਸਦੀ ਸਵਾਰੀਆਂ ਬਿਠਾਈਆਂ ਜਾ ਸਕਣਗੀਆਂ। ਕੋਵਿਡ ਦੇ ਦੋਵੇਂ ਟੀਕੇ ਲਗਵਾਉਣ ਵਾਲੇ ਵਿਅਕਤੀ ਹੀ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰਾਂ ਵਿੱਚ ਦਾਖਲ ਹੋ ਸਕਣਗੇ।

ਸਰਕਾਰ ਨੇ ਕੋਵਿਡ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤੀ ਨਾਲ ਨਜਿੱਠਣ ਦੇ ਆਦੇਸ਼ ਜਾਰੀ ਕੀਤੇ ਹਨ। ਡਿਪਟੀ ਕਮਿਸ਼ਨਰਾਂ ਨੂੰ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਣ ਲਈ ਕਿਹਾ ਗਿਆ ਹੈ। ਕਰੋਨਾ ਦੇ ਵੱਧਦੇ ਪ੍ਰਭਾਵ ਕਾਰਨ ਓਮੀਕਰੋਨ ਦੇ ਹਮਲੇ ਦਾ ਵੱਖਰਾ ਖਤਰਾ ਬਣ ਗਿਆ ਹੈ। ਸਰਕਾਰ ਨੇ ਜਨਤਕ ਥਾਂਵਾਂ ਅਤੇ ਦਫ਼ਤਰਾਂ ਵਿੱਚ ਮਾਸਕ ਲਗਾਏ ਤੋਂ ਬਗੈਰ ਦਾਖ਼ਲਾ ਬੰਦ ਕਰ ਦਿੱਤਾ ਹੈ। ਸਾਰੀਆਂ ਸਰਗਰਮੀਆਂ ਵਿੱਚ ਛੇ ਫੁੱਟ ਦੀ ਦੂਰੀ ਬਣਾ ਕੇ ਰੱਖਣ ਲਈ ਕਿਹਾ ਗਿਆ ਹੈ। ਇਸੇ ਦੌਰਾਨ ਪਤਾ ਲੱਗਾ ਹੈ ਕਿ ਸਰਕਾਰ ਨੇ ਅਹਿਤਿਆਤ ਵਰਤਦਿਆਂ ਰਾਜਿੰਦਰਾ ਮੈਡੀਕਲ ਕਾਲਜ ਦਾ ਹੋਸਟਲ ਵੀ ਖਾਲੀ ਕਰਵਾ ਦਿੱਤਾ ਹੈ।