India

NIA ਕਰੇਗੀ ਚੰਡੀਗੜ੍ਹ ਸੈਕਟਰ-10 ਗ੍ਰਨੇਡ ਹਮਲੇ ਦੀ ਜਾਂਚ! ਅੱਤਵਾਦੀ ਹਮਲੇ ਤੋਂ ਬਾਅਦ ਲਿਆ ਫੈਸਲਾ

ਬਿਉਰੋ ਰਿਪੋਰਟ: ਚੰਡੀਗੜ੍ਹ ਦੇ ਸੈਕਟਰ 10 ਵਿੱਚ ਹੋਏ ਗ੍ਰਨੇਡ ਹਮਲੇ ਦੀ ਜਾਂਚ ਹੁਣ ਕੌਮੀ ਜਾਂਚ ਏਜੰਸੀ (NIA) ਨੇ ਆਪਣੇ ਹੱਥ ਵਿੱਚ ਲੈ ਲਈ ਹੈ। ਇਹ ਘਟਨਾ 11 ਸਤੰਬਰ, 2024 ਨੂੰ ਵਾਪਰੀ, ਜਦੋਂ ਇੱਕ ਆਟੋ-ਰਿਕਸ਼ਾ ਵਿੱਚ ਸਵਾਰ ਦੋ ਹਮਲਾਵਰਾਂ ਨੇ ਇੱਕ ਘਰ ’ਤੇ ਗ੍ਰੇਨੇਡ ਸੁੱਟਿਆ। ਹਾਲਾਂਕਿ ਇਸ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਘਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਸਨ। ਹੁਣ ਅੱਤਵਾਦੀ ਐਂਗਲ ਸਾਹਮਣੇ ਆਉਣ ਤੋਂ ਬਾਅਦ, NIA ਨੇ ਇਸਨੂੰ ਆਪਣੇ ਹੱਥਾਂ ਵਿੱਚ ਲੈਣ ਦਾ ਫੈਸਲਾ ਕੀਤਾ ਹੈ।

ਇਸ ਮਾਮਲੇ ’ਚ ਹੁਣ ਤੱਕ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਆਟੋ ਚਾਲਕ ਦਾ ਪਤਾ ਲਗਾਇਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਗ੍ਰਨੇਡ ਸੁੱਟਣ ਵਾਲੇ ਦੋਨਾਂ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਸੀ। ਮਾਮਲੇ ’ਚ ਮੁਲਜ਼ਮਾਂ ਦੀ ਪਛਾਣ ਰੋਹਨ ਮਸੀਹ ਅਤੇ ਵਿਸ਼ਾਲ ਵਜੋਂ ਹੋਈ ਹੈ।

ਵਿਦੇਸ਼ ਬੈਠੇ ਅੱਤਵਾਦੀਆਂ ਨੇ ਇਸ ਹਮਲੇ ਨੂੰ ਦਿੱਤਾ ਅੰਜਾਮ

ਫੜੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਦੇ ਬਾਅਦ ਲੱਗਾ ਹੈ ਕਿ ਇਸ ਹਮਲੇ ਨੂੰ ਪਾਕਿਸਤਾਨ ਸਥਿਤ ਅੱਤਵਾਦੀ ਰਿੰਦਾ ਅਤੇ ਅਮਰੀਕਾ ਸਥਿਤ ਗੈਂਗਸਟਰ ਹੈਪੀ ਪਾਸੀਆ ਨੇ ਅੰਜਾਮ ਦਿੱਤਾ ਸੀ। ਪੁਲਿਸ ਵੱਲੋਂ ਚਾਰਜਸ਼ੀਟ ਤਿਆਰ ਕਰ ਲਈ ਗਈ ਸੀ ਅਤੇ ਜਲਦੀ ਹੀ ਅਦਾਲਤ ਵਿੱਚ ਪੇਸ਼ ਕਰਨ ਦੀ ਯੋਜਨਾ ਸੀ। ਪਰ ਹੁਣ ਇਹ ਮਾਮਲਾ ਐਨਆਈਏ ਕੋਲ ਚਲਾ ਗਿਆ ਹੈ, ਜੋ ਮਾਮਲੇ ਦੀ ਅੱਗੇ ਜਾਂਚ ਕਰੇਗੀ। NIA ਪਹਿਲਾਂ ਹੀ ਘਟਨਾ ਵਾਲੀ ਥਾਂ ਦਾ ਦੌਰਾ ਕਰ ਚੁੱਕੀ ਹੈ। ਹੁਣ ਚੰਡੀਗੜ੍ਹ ਪੁਲਿਸ ਵੱਲੋਂ ਵੀ ਮਾਮਲੇ ਸਬੰਧੀ ਸਾਰੇ ਸਬੂਤ ਅਤੇ ਜਾਣਕਾਰੀ ਉਨ੍ਹਾਂ ਨੂੰ ਸੌਂਪ ਦਿੱਤੀ ਗਈ ਹੈ।

ਰਿਟਾਇਰਡ ਪ੍ਰਿੰਸੀਪਲ ਦੇ ਘਰ ਸੁੱਟਿਆ ਸੀ ਗ੍ਰੇਨੇਡ

ਦੱਸ ਦੇਈਏ ਸੈਕਟਰ 10 ਦੇ ਪੌਸ਼ ਇਲਾਕੇ ਵਿੱਚ ਹਿਮਾਚਲ ਪ੍ਰਦੇਸ਼ ਦੇ ਸੇਵਾਮੁਕਤ ਪ੍ਰਿੰਸੀਪਲ ਕੇ ਕੇ ਮਲਹੋਤਰਾ ਦੇ ਘਰ ’ਤੇ ਗ੍ਰੇਨੇਡ ਹਮਲਾ ਹੋਇਆ ਸੀ। ਘਟਨਾ ਵੇਲੇ ਪਰਿਵਾਰ ਬਰਾਂਡੇ ਵਿੱਚ ਬੈਠਾ ਸੀ। ਕੇ ਕੇ ਮਲਹੋਤਰਾ ਕਿਤਾਬ ਪੜ੍ਹ ਰਹੇ ਸਨ। ਜਿਵੇਂ ਹੀ ਉਹ ਉੱਠ ਕੇ ਅੰਦਰ ਗਏ ਤਾਂ ਬਾਹਰ ਇਹ ਘਟਨਾ ਵਾਪਰ ਗਈ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਬੰਬ ਸੁੱਟਣ ਵਾਲਿਆਂ ਨੂੰ ਦੇਖਿਆ ਹੈ।

ਬੰਬ ਘਰ ਦੇ ਬਣੇ ਪਾਰਕ ਵਿੱਚ ਡਿੱਗਿਆ ਅਤੇ ਉੱਥੇ 8 ਇੰਚ ਦਾ ਟੋਆ ਬਣ ਗਿਆ। ਪਾਰਕ ਵਿੱਚ ਲੱਗੇ ਫੁੱਲਾਂ ਦੇ ਗਮਲੇ ਅਤੇ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਇਸ ਦੇ ਨਾਲ ਹੀ ਕਈ ਹੋਰ ਘਰਾਂ ਦੇ ਸ਼ੀਸ਼ੇ ਵੀ ਟੁੱਟ ਗਏ। ਸੇਵਾਮੁਕਤ ਪ੍ਰਿੰਸੀਪਲ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਸੇਵਾਮੁਕਤ ਐਸਐਸਪੀ ਹਰਕੀਰਤ ਸਿੰਘ ਇਸ ਘਰ ਵਿੱਚ ਰਹਿੰਦੇ ਸਨ।