India Punjab

ਜੀਦਾ ਧਮਾਕੇ ਬਾਰੇ ਮਾਮਲੇ ’ਚ ਬਠਿੰਡਾ ਪਹੁੰਚੀ NIA, ਜੰਮੂ ਪੁਲਿਸ ਵੀ ਕਰ ਰਹੀ ਜਾਂਚ

ਬਿਊਰੋ ਰਿਪੋਰਟ (ਬਠਿੰਡਾ, 16 ਸਤੰਬਰ 2025): ਬਠਿੰਡਾ ਵਿੱਚ ਪਿੰਡ ਜੀਦਾ ਦੇ ਨੌਜਵਾਨ ਗੁਰਪ੍ਰੀਤ ਸਿੰਘ ਵੱਲੋਂ ਬੰਬ ਬਣਾਉਣ ਸਮੇਂ ਹੋਏ ਧਮਾਕਿਆਂ ਦੇ ਮਾਮਲੇ ਦੀ ਜਾਂਚ ਹੁਣ NIA ਕਰੇਗੀ। ਇਸ ਵਾਸਤੇ NIA ਨੇ ਬਠਿੰਡਾ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਪੁਲਿਸ ਨੇ ਵੀ ਧਮਾਕਿਆਂ ਦੀ ਜਾਂਚ ਲਈ ਫੌਜ ਨੂੰ ਪੱਤਰ ਲਿਖਿਆ ਹੈ।

ਹਾਸਲ ਜਾਣਕਾਰੀ ਮੁਤਾਬਕ ਬਠਿੰਡਾ ਪੁਲਿਸ ਤੋਂ ਇਲਾਵਾ ਬੰਬ ਵਿਰੋਧੀ ਦਸਤਾ, ਪੀਏਪੀ ਜਲੰਧਰ, ਸੀਆਈਏ,ਆਈਬੀ, ਕਾਊਂਟਰ ਇੰਟੈਲੀਜੈਂਸ ਪਹਿਲਾਂ ਹੀ ਮਾਮਲੇ ਦੀ ਜਾਚ ਵਿੱਚ ਲੱਗੇ ਹੋਏ ਹਨ। ਫ਼ਿਲਹਾਲ ਇਸ ਵੇਲੇ ਸਾਰੀਆਂ ਏਜੰਸੀ ਦੇ ਹੱਥ ਖ਼ਾਲੀ ਹਨ, ਜਦੋਂ ਕਿ ਬੰਬ ਵਿਰੋਧੀ ਦਸਤਾ ਪਿਛਲੇ – 5 ਦਿਨਾ ਤੋਂ ਮੁਲਜ਼ਮ ਦੇ ਘਰ ਵਿੱਚ ਮੌਜੂਦ ਧਮਾਕਾ ਸਮੱਗਰੀ ਨੂੰ ਨਸ਼ਟ ਕਰਨ ਵਿੱਚ ਲੱਗਾ ਹੋਇਆ ਹੈ। ਹੁਣ ਤੱਕ ਘਰ ਵਿੱਚ ਮੌਜੂਦ ਧਮਾਕਾਖੇਜ ਸਮੱਗਰੀ ਨੂੰ ਨਸ਼ਟ ਨਹੀਂ ਕੀਤਾ ਜਾ ਸਕਿਆ। ਸਮੱਗਰੀ ਨੂੰ ਨਸ਼ਟ ਕਰਦੇ ਸਮੇਂ ਹੋਏ ਧਮਾਕਿਆ ਕਾਰਨ ਪੰਜਾਬ ਪੁਲਿਸ ਦਾ ਰੋਬੋਟ ਵੀ ਖ਼ਰਾਬ ਹੋ ਗਿਆ ਹੈ। ਉਸ ਨੂੰ ਪੁਲਿਸ ਨੇ ਹੁਣ ਮੁਰੰਮਤ ਲਈ ਭੇਜਿਆ ਹੈ। ਇਸ ਕਰਕੇ ਸਮੱਗਰੀ ਨੂੰ ਨਸ਼ਟ ਕਰਨ ਵਿੱਚ ਸਮੱਸਿਆ ਆ ਰਹੀ ਹੈ।

ਪੂਰਾ ਮਾਮਲਾ

ਦੱਸ ਦੇਈਏ 10 ਸਤੰਬਰ ਨੂੰ ਬਠਿੰਡਾ ਦੇ ਪਿੰਡ ਜੀਦਾ ਵਿੱਚ ਮੁਲਜ਼ਮ ਨੌਜਵਾਨ ਗੁਰਪ੍ਰੀਤ ਸਿੰਘ ਧਮਾਕਾਖੇਜ ਸਮੱਗਰੀ (ਪੋਟਾਸ਼) ਤੋਂ ਬੰਬ ਬਣਾਉਣ ਵਿੱਚ ਰੁੱਝਿਆ ਹੋਇਆ ਸੀ ਕਿ ਇਸ ਵੇਰੇ ਜ਼ੋਰਦਾਰ ਧਮਾਕਾ ਹੋ ਗਿਆ। ਪਰਿਵਾਰ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਨਹੀ ਕੀਤਾ ਪਰ ਜ਼ਖ਼ਮੀ ਗੁਰਪ੍ਰੀਤ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ।

ਇਸ ਤੋਂ ਬਾਅਦ ਜਦੋਂ ਮੁਲਜ਼ਮ ਦੇ ਪਿਤਾ ਜਗਤਾਰ ਸਿੰਘ ਕਮਰੇ ਵਿੱਚ ਧਮਾਕੇ ਦੀ ਸਮੱਗਰੀ ਨੂੰ ਸਮੇਟਣ ਦਾ ਕੰਮ ਕਰ ਰਹੇ ਸਨ ਤਾਂ ਫੇਰ ਧਮਾਕਾ ਹੋ ਗਿਆ। ਇਸ ਦੌਰਾਨ ਜਗਤਾਰ ਸਿੰਘ ਵੀ ਧਮਾਕੇ ਵਿੱਚ ਜ਼ਖ਼ਮੀ ਹੋ ਗਏ।

ਸਮੱਗਰੀ ਨਸ਼ਟ ਕਰਨ ਵਾਸਤੇ ਪੀਏਪੀ ਜਲੰਧਰ ਤੋਂ ਇਕ ਵਿਸ਼ੇਸ਼ ਦਸਤਾ ਬੁਲਾਇਆ ਗਿਆ ਸੀ, ਜਿਸ ਨੇ ਰੋਬੋਟ ਦੀ ਮਦਦ ਨਾਲ ਪੋਟਾਸ਼ ਕੈਮੀਕਲ ਨੂੰ ਨਸ਼ਟ ਕਰਨ ਦਾ ਕੰਮ ਸ਼ੁਰੂ ਕੀਤਾ ਪਰ ਧਮਾਕਾਖੇਜ ਸਮੱਗਰੀ ਨੂੰ ਨਸ਼ਟ ਕਰਦੇ ਸਮੇਂ ਹੋਏ ਧਮਾਕਿਆਂ ਕਾਰਨ ਰੋਬੋਟ ਵੀ ਨੁਕਸਾਨਿਆ ਗਿਆ। ਜਿਸ ਕਾਰਨ ਇਸ ਨੂੰ ਮੁਰੰਮਤ ਲਈ ਭੇਜਿਆ ਗਿਆ ਹੈ। ਇਸ ਕਾਰਨ ਧਮਾਕਖੇਜ ਸਮੱਗਰੀ ਨੂੰ ਨਸ਼ਟ ਕਰਨ ਵਿੱਚ ਰੁਕਾਵਟ ਆਈ ਹੈ। ਪੁਲਿਸ ਪਿਛਲੇ ਪਿਛਲੇ ਛੇ ਦਿਨਾ ਤੋਂ ਧਮਾਕਾਖੇਜ ਸਮੱਗਰੀ ਨੂੰ ਨਸ਼ਟ ਕਰਨ ਦਾ ਯਤਨ ਕਰ ਰਹੀ ਹੈ ਪਰ ਅਜੇ ਤਕ ਪੁਲਿਸ ਨੂੰ ਕਾਮਯਾਬੀ ਨਹੀਂ ਮਿਲ ਸਕੀ।

ਜੰਮੂ ਪੁਲਿਸ ਵੀ ਜਾਂਚ ਵਿੱਚ ਜੁਟੀ

ਇਨ੍ਹਾਂ ਧਮਾਕਿਆਂ ਦਾ ਸਬੰਧ ਜੰਮੂ ਦੇ ਕਠੂਆ ਨਾਲ ਜੁੜਨ ਤੋਂ ਬਾਅਦ ਉਥੋਂ ਦੀ ਪੁਲਿਸ ਵੀ ਹਰਕਤ ਵਿੱਚ ਆ ਗਈ ਹੈ। ਜੰਮੂ ਪੁਲਿਸ ਨੇ ਬਠਿੰਡਾ ਪੁੱਜ ਕੇ ਗੁਰਪ੍ਰੀਤ ਸਿੰਘ ਤੋਂ ਪੁੱਛਗਿੱਛ ਕੀਤੀ ਤੇ ਜ਼ਿਲ੍ਹਾ ਪੁਲਿਸ ਅਧਿਕਾਰੀਆ ਤੋਂ ਪੂਰੇ ਮਾਮਲੇ ਦੀ ਜਾਣਕਾਰੀ ਲਈ। 10 ਸਤੰਬਰ ਨੂੰ ਸਵੇਰੇ ਸਾਢੇ ਛੇ ਵਜੇ ਦੇ ਕਰੀਬ ਪਿੰਡ ਜੀਦਾ ਵਿੱਚ ਪਹਿਲਾ ਧਮਾਕਾ ਹੋਇਆ, ਜਦੋਂ ਕਿ ਕਰੀਬ 4 ਵਜੇ ਦੂਜਾ ਧਮਾਕਾ ਹੋਇਆ, ਜਿਸ ਵਿੱਚ ਪਿਓ ਪੁੱਤਰ ਜ਼ਖ਼ਮੀ ਹੋ ਗਏ ਸਨ। ਇਸ ਤੋਂ ਬਾਅਦ ਇਹ ਖ਼ੁਲਾਸਾ ਹੋਇਆ ਕਿ ਮੁਲਜ਼ਮ ਗੁਰਪ੍ਰੀਤ ਸਿੰਘ ਨੇ 10 ਸਤੰਬਰ ਨੂੰ ਸ਼ਾਮ ਸਮੇਂ ਕਠੂਆ ਲਈ ਰਵਾਨਾ ਹੋਣਾ ਸੀ ਪਰ ਉਹ ਪਹਿਲਾ ਹੀ ਧਮਾਕੇ ਵਿੱਚ ਜ਼ਖ਼ਮੀ ਹੋ ਗਿਆ। ਪੁਲਿਸ ਸੂਤਰਾਂ ਅਨੁਸਾਰ ਉਕਤ ਨੌਜਵਾਨ ਧਮਾਕਾਖੇਜ ਸਮੱਗਰੀ ਦੀ ਇਕ ਬੈਲਟ ਤਿਆਰ ਕਰ ਰਿਹਾ ਸੀ, ਜਿਸ ਨੂੰ ਉਸ ਨੇ ਕਠੂਆ ਲੈ ਕੇ ਜਾਣਾ ਸੀ। ਇਸ ਤੋਂ ਬਾਅਦ ਹੁਣ ਜੰਮੂ ਦੀ ਕਨੂਆ ਪੁਲਿਸ ਮਾਮਲੇ ਦੀ ਜਾਂਚ ਲਈ ਬਠਿੰਡਾ ਪੁੱਜੀ ਹੈ।